ਸਰੀ : ਇਕਬਾਲ ਪੁਰੇਵਾਲ 604 720 1652
6 ਨਵੰਬਰ, 2016 ਨੂੰ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸ਼ੀਏਸ਼ਨ ਵਲੋਂ ਪ੍ਰੋਗਰੈਸਿਵ ਆਰਟ ਕਲੱਬ ਦੀ ਮੱਦਦ ਨਾਲ ਸਰ੍ਹੀ ਦੇ ਸਰ੍ਹੀ ਆਰਟ ਸੈਂਟਰ ਵਿੱਚ ਇੱਕ ਸਭਿਆਚਾਰਕ ਨਾਟਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪ੍ਰੋ. ਜਸਕਰਨ ਸਿੰਘ ਤੇ ਪਰਮਿੰਦਰ ਸਵੈਚ ਦੋਨਾਂ ਦੀ ਨਿਰਦੇਸ਼ਨਾਂ ਦੇ ਤਹਿਤ ਤਿੰਨ ਲਘੂ ਨਾਟਕ “ਬਲ਼ਦੇ ਬਿਰਖ”, “ਉਪਾਅ” ਤੇ “ਸ਼ਹੀਦ ਭਗਤ ਸਿੰਘ ਇੱਕ ਸੋਚ” ਪੇਸ਼ ਕੀਤੇ ਗਏ। “ਬਲ਼ਦੇ ਬਿਰਖ” ਵਿੱਚ ਕਨੇਡਾ ਵਿੱਚ ਫੈਲ ਰਹੀ ਡਰੱਗ ਦੀ ਸਮੱਸਿਆ ਜਿਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਦਿਨੋ ਦਿਨ ਮਰ ਰਹੀ ਹੈ ਜਾਂ ਡਰੱਗ ਦੀ ਮਾਰ ਹੇਠ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੀ ਹੈ, ਉਸਦੀ ਅਸਲੀਅਤ ਜੋ ਘਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈ, ਉਸਦਾ ਪਰਦਾ ਫਾਸ਼ ਕਰਨਾ ਸੀ ਤਾਂ ਕਿ ਸਮੁੱਚੀ ਕਮਿਊਨਿਟੀ ਇਸਤੋਂ ਸੁਚੇਤ ਹੋ ਕੇ ਨਿੱਗਰ ਕਦਮ ਚੁੱਕਣ ਲਈ ਆਪਣਾ ਯੋਗਦਾਨ ਪਾ ਸਕੇ। ਦੂਸਰਾ ਨਾਟਕ ਉਹ ਲੁਟੇਰੀ ਜਮਾਤ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਦੇ ਦੁੱਖਾਂ ਤਕਲੀਫਾਂ ਦਾ ਫਾਇਦਾ ਉਠਾ ਕੇ ਆਪਣੇ ਉਪਾਅ ਕਰ ਰਹੀ ਹੈ, ਉਹਨਾਂ ਦੀਆਂ ਕੋਝੀਆਂ ਹਰਕਤਾਂ ਨੂੰ ਨਾਟਕੀ ਰੂਪ ਵਿੱਚ ਦਰਸਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸੀ ਚਾਹੇ ਉਹ ਕਿਸੇ ਵੀ ਭੇਸ ਵਿੱਚ ਹੋਣ ਜਿਵੇਂ ਕਿ ਬਾਬੇ, ਜੋਤਸ਼ੀ, ਪੰਡਤ, ਕਾਲੇ ਜਾਦੂ ਵਾਲੇ ਜਾਂ ਹੋਰ ਨਾਵਾਂ ਨਾਲ ਜਾਣੇ ਜਾਂਦੇ ਹੋਣ। ਤੀਸਰਾ ਨਾਟਕ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਤ ਸੀ ਜੋ ਉਸਦੀ ਆਪਦੀ ਲਿਖਤ “ਮੈਂ ਨਾਸਤਕ ਕਿਉਂ ਹਾਂ” ਤੇ ਅਧਾਰਤ ਸੀ ਜਦ ਕਿ ਅੱਜ ਕੱਲ ਉਸਦੀ ਸੋਚ ਦੇ ਉਲਟ ਉਸਦੇ ਫਲਸਫੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਉਸਦੇ ਅਖੰਡ ਪਾਠ ਖੁਲਵਾ ਕੇ ਉਸਦੀ ਸਿੱਚਾਈ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹਨਾਂ ਨਾਟਕਾਂ ਵਿੱਚ ਇੱਥੋਂ ਦੇ ਜੰਮਪਲ ਬੱਚੇ ਈਸ਼ਾ ਗਿੱਲ, ਫਤਿਹ ਸਿੰਘ ਕੰਗ, ਕੌਤਕ ਸਿੰਘ, ਸੁਖਮਨੀ ਥਿੰਦ (ਦੋ ਨਾਟਕਾਂ ਵਿੱਚ), ਗੁਰਅਜ਼ੀਜ਼ ਸਿੰਘ (ਪੰਡਤ), ਗੁਰਵੀਰ ਕੌਰ(ਪੰਡਤਾਣੀ), ਨਿਰਮਲ ਕਿੰਗਰਾ ਨੇ ਵੱਖਰੇ ਵੱਖਰੇ ਰੋਲ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਬੱਚਿਆਂ ਨੇ ਆਪਣੀ ਭੂਮਿਕਾ ਤਨੋਂ ਮਨੋਂ ਪੂਰੀ ਤਰ੍ਹਾਂ ਨਿਭਾਈ। ਇਹਨਾਂ ਤੋਂ ਇਲਾਵਾ ਭਗਤ ਸਿੰਘ ਦੇ ਰੋਲ ਵਿੱਚ ਨਰਿੰਦਰ(ਹੈਪੀ) ਮੰਗੂਵਾਲ, ਬੋਗੇ ਦੇ ਰੋਲ ਵਿੱਚ ਕੇ.ਪੀ. ਸਿੰਘ, ਚਤਰ ਸਿੰਘ ਦੇ ਰੋਲ ਵਿੱਚ ਅਵਤਾਰ ਗਿੱਲ ਨੇ ਲੋਕਾਂ ਨੂੰ ਸੋਚਣ ਲਾ ਦਿੱਤਾ। ਕਮਲ ਸਿੱਧੂ ਨੇ ਦੋ ਨਾਟਕ ਬਲ਼ਦੇ ਬਿਰਖ ਤੇ ਭਗਤ ਸਿੰਘ ਇੱਕ ਸੋਚ ਵਿੱਚ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਕੁਲਦੀਪ ਟੋਨੀ ਨੇ ਉਪਾਅ ਅਤੇ ਭਗਤ ਸਿੰਘ ਇੱਕ ਸੋਚ ਵਿੱਚ ਆਪਣੇ ਕਰੈਕਟਰ ਨਾਲ ਪੂਰਾ ਦਾ ਪੂਰਾ ਇਨਸਾਫ ਕੀਤਾ। ਜਿੱਥੇ ਪਰਮਿੰਦਰ ਸਵੈਚ ਇਹਨਾਂ ਨਾਟਕਾਂ ਦੀ ਲੇਖਿਕਾ ਵੀ ਹੈ ਉੱਥੇ ਉਸਨੇ ਆਪਣੇ ਕਿਰਦਾਰ ਵੀ ਬਾਖੂਬੀ ਨਿਭਾਏ ਤੇ ਮਲਕੀਤ ਸਵੈਚ ਤੇ ਜੱਗਾ ਬਾਸੀ ਨੇ ਵੀ ਪਹਿਲੀ ਵਾਰੀ ਸਟੇਜ ਕਰਕੇ ਪਰ ਪੁਰਾਣੇ ਕਲਾਕਾਰਾਂ ਦਾ ਮੁਹਾਂਦਰਾ ਪੇਸ਼ ਕੀਤਾ। ਸਭ ਤੋਂ ਵੱਧ ਕੋਸ਼ਿਸ਼ ਸੰਤੋਖ ਸਿੰਘ ਢੇਸੀ ਜਿਹਨਾਂ ਨੇ ਜਿੱਥੇ ਤਿੰਨੇ ਨਾਟਕਾਂ ਵਿੱਚ ਆਪਣੀ ਕਲਾਕਾਰੀ ਪੇਸ਼ ਕੀਤੀ ਉੱਥੇ ਹਰ ਕਿਸਮ ਦਾ ਸਮਾਨ ਜੋ ਨਾਟਕ ਵਿੱਚ ਚਾਹੀਦਾ ਸੀ ਤੇ ਬਾਕੀ ਸਭ ਤਰ੍ਹਾਂ ਦਾ ਪ੍ਰਬੰਧ ਇਕਬਾਲ ਪੁਰੇਵਾਲ ਦੀ ਮੱਦਦ ਨਾਲ ਕੀਤਾ। ਮਿਊਜ਼ਿਕ ਤੇ ਜੇ.ਪੀ. ਢੇਸੀ ਤੇ ਕੰਵਲ ਕਿੰਗਰਾ ਅਤੇ ਲਾਈਟਿੰਗ ਤੇ ਪ੍ਰੋ. ਜਸਕਰਨ ਸਿੰਘ ਨੇ ਆਪਣੀ ਜੁੰਮੇਵਾਰੀ ਨਿਭਾਈ। ਇਸਤੋਂ ਇਲਾਵਾ ਰੁਪਿੰਦਰਜੀਤ ਸ਼ਰਮਾ, ਦਵਿੰਦਰ ਸਿੰਘ ਕੰਗ, ਮਨਜੀਤ ਲਿੱਧੜ, ਸਾਧੂ ਸਿੰਘ ਗਿੱਲ ਆਦਿ ਨੇ ਵੱਖਰੇ ਵੱਖਰੇ ਨਾਟਕਾਂ ਦੇ ਸਮਾਨ ਚੱਕਣ ਰੱਖਣ ਵਿੱਚ ਮੱਦਦ ਕੀਤੀ। ਜਿੱਥੇ ਇਹ ਪ੍ਰੋਗਰਾਮ ਨਾਟਕਾਂ ਦਾ ਸੀ ਉੱਥੇ ਇੰਦਰਜੀਤ ਸਿੰਘ ਔਲਖ (ਜਿੱਕੀ) ਦੇ ਉਪਰਾਲੇ ਸਦਕਾ ਇੱਕ ਦਿਲਚਸਪ ਗੱਲ ਇਹ ਹੋਈ ਕਿ ਤਿੰਨੇ ਨਾਟਕਾਂ ਦੇ ਦਰਮਿਆਨ ਇੱਕ ਬਹੁਤ ਹੀ ਮਸ਼ਹੂਰ ਗਾਇਕ ਜੋੜੀ “ਲੱਖਾ ਤੇ ਨਾਜ਼” ਜਿਹਨਾਂ ਨੇ ਦੇਸ਼ ਭਗਤੀ, ਕ੍ਰਾਤੀਕਾਰੀ ਤੇ ਸਭਿਆਚਾਰਕ ਗੀਤਾਂ ਤੇ ਉਪੇਰਿਆਂ ਨਾਲ ਸਟੇਜ਼ ਦਾ ਰੰਗ ਬੰਨ੍ਹੀ ਰੱਖਿਆ। ਇਸਤੋਂ ਵੀ ਜ਼ਿਆਦਾ ਦਿਲਚਸਪ ਗੱਲਾਂ ਨਾਲ ਗੁਰਪ੍ਰੀਤ ਗਿੱਲ (ਭਦੌੜ) ਨੇ ਆਪਣੀ ਸਿਰਤੋੜ ਜ਼ੁੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਨੂੰ ਤਿੰਨ ਘੰਟੇ ਦੇ ਪ੍ਰੋਗਰਾਮ ਵਿੱਚ ਨਾ ਹਿੱਲਣ ਲਈ ਮਜ਼ਬੂਰ ਕਰੀ ਰੱਖਿਆ। ਸਮੁੱਚੇ ਪ੍ਰੋਗਰਾਮ ਨੇ ਲੋਕਾਂ ਨੂੰ ਰੁਆਇਆ ਵੀ, ਹਸਾਇਆ ਵੀ ਤੇ ਸੋਚਣ ਵੀ ਲਾ ਦਿੱਤਾ। ਹਾਜ਼ਰ ਹੋਏ ਲੋਕਾਂ ਨੇ ਪ੍ਰੋਗਰੈਸਿਵ ਆਰਟ ਕਲੱਬ ਦੀ ਟੀਮ ਤੋਂ ਮੰਗ ਕੀਤੀ ਕਿ ਉਹ ਲਗਾਤਾਰ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਤਾਂ ਕਿ ਲੋਕਾਂ ਵਿੱਚ ਵਧੀਆ ਕਲਚਰ ਦਾ ਬੀਜ ਬੀਜਿਆ ਜਾਵੇ। ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸ਼ੀਏਸ਼ਨ ਤੇ ਪ੍ਰੋਗਰੈਸਿਵ ਆਰਟ ਕਲੱਬ ਸਾਰੇ ਕਲਾਕਾਰਾਂ, ਵਲੰਟੀਅਰਾਂ, ਮੱਦਦਗਾਰਾਂ , ਸੰਪੋਂਸਰਾਂ, ਦਰਸ਼ਕਾਂ, ਪ੍ਰਬੰਧਕਾਂ ਤੇ ਸਾਰੇ ਮੀਡੀਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ।

ਬਲਜਿੰਦਰ ਸਿੰਘ ਸੇਖਾ
ਕਿਸੇ ਨਾਟਕ ਦੇ ਤੀਸਰੇ ਸ਼ੋਅ ਦਾ ਇੱਕ ਹੀ ਸ਼ਹਿਰ ਵਿੱਚ ਸੋਲਡ ਆਊਟ ਹੋਣਾ ਕਨੇਡਾ ਵਰਗੇ ਦੇਸ਼ ਵਿਚ ਪੰਜਾਬੀ ਥਿਏਟਰ ਦੇ ਲਈ ਸੁੱਭ ਸ਼ਗਨ ਹੈ ।ਐਤਵਾਰ ਸਾਮ ਪੰਜ ਵਜੇ ਬਰੈਪਂਟਨ ਦੇ ਪੀਅਰਸਨ ਥਿਏਟਰ ਵਿੱਚ ਦਰਸਕਾਂ ਦੀਆਂ ਲਾਈਨਾ ਲੱਗੀਆਂ ਸਨ ।ਕਨੇਡਾ ਦੇ ਵਿੱਚ ਪਹਿਲੀ ੲਿੰਮੀਗਰਾਟਾ ਦੀ ਪੀੜੀ ਵੱਲੋਂ ਆਪਣਾ ਨੱਕ ਰੱਖਣ ਲਈ ਤੇ ਦੁਨੀਆ ਕੀ ਕਹੂ ? ਦੇ ਲਈ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਕਮਾਏ ਡਾਲਰ ਫ਼ੌਕੀ ਸ਼ੌਹਰਤ ਲਈ " ਵਿਆਹ ਦੀ ਪਰੀਭਾਸਾ ਨੂੰ ਦਿਖਾਵੇ ਦੀ ਨਿਸ਼ਾਨੀ ਨਾਲ ਆਪਣਾ ਤੇ ਹੋਰਾਂ ਦਾ ਖ਼ਰਚੇ ਨਾਲ ਕਚੂੰਬਰ ਕੱਢਣਾ ਸਾਡੇ ਬੌਧਿਕ ਵਿਕਾਸ ਦੀ ਨਿਸ਼ਾਨੀ ਏ "ਅਸੀਂ ਕਨੇਡਾ ਆ ਕੇ ਵੀ ਆਪਣੇ ਵਾਧੂ ਸਸਕਾਰ ਅਟੈਚੀ ਵਿੱਚ ਪਾ ਕੇ ਵਾਧੂ ਭਾਰ ਵਾਂਗ ਨਾਲ ਚੱਕੀ ਫਿਰਦੇ ਹਾਂ । ਵੈਨਕੂਵਰ ਵਾਲੇ ਹਰਪ੍ਰੀਤ ਸੇਖਾ ਦੀ ਲਿਖੀ ਕਹਾਣੀ ਦੇ ਸੱਚ ਨੂੰ ਐਡਮਿੰਟਨ ਵਾਲੇ ਪਰਮਜੀਤ ਗਿੱਲ ਨੇ ਨਾਟਕੀ ਰੂਪ ਨੂੰ ਟੋਰਾਂਟੋ ਦੇ ਵਿਚ ਤੀਜੀ ਵਾਰ ਸਫਲਤਾ ਨਾਲ ਪੇਸ਼ ਕਰਨਾ ,ਪੰਜਾਬੀ ਆਰਟਸ ਐਸੋਸੀਏਸਨ ਦੀ ਕਨੇਡਾ ਦੇ ਸਮਾਜ ਵਿੱਚ ਪੰਜਾਬੀ ਸੱਭਿਅਤਾ ਦੀ ੲਿਸ "ਫੋਕੀ ਵਿਆਹ ਤੇ ਫ਼ਜ਼ੂਲ-ਖ਼ਰਚ " ਦੀ ਰਸਮ ਨੂੰ ਪੇਸ ਕਰਨਾ ਸਫਲਤਾ ਨਾਲ ਪੇਸ ਕਰਦਾ ਪ੍ਰਪਤੀ ਕਹੀ ਸਕਦੀ ਹੈ । ਸਾਨੂੰ ਸੂਤਰਧਾਰ ਬਾਪ ਦੇ ਰੂਪ ਵਿੱਚ ਜੱਗੇ ( ਜਗਵਿੰਦਰ ਜੱਜ ) ਦੀ ਗੱਲ ਮੰਨਣੀ ਪੈਣੀ ਏ । ਵਿਆਹ ਦੇ ਖ਼ਰਚੇ ਸੀਮਤ ਕਰਕੇ ਮਾਂ ਬਾਪ ਵੱਲੋਂ ਬੱਚਿਆਂ ਨੂੰ ਵਿਆਹ ਕੀ ਹੈ ਇਸਦੀ ਪਰੀਭਾਸਾ ਸਮਝਣ ਤੇ ਸਮਝਾਉਣ ਦੀ ਜਰੂਰਤ ਹੈ ਨਹੀਂ ਤਾਂ ਸਿਰਫ ਅਸੀ ਜਜਬਾਤੀ ਡਾਇਲਾਂਗਾ ਤੇ ਤਾੜੀ ਮਾਰਣ ਜੋਗੇ ਰਹਿ ਜਾਵਾਂਗੇ । ਇਸ ਨਾਟਕ ਨੂੰ ਫਿਲਮੀ ਰੂਪ ਵੀ ਦਿੱਤਾ ਜਾ ਸਕਦਾ ਹੈ ਤੇ ਇਸ ਦੇ ਸ਼ੌਅ ਕੈਨੇਡਾ ਦੇ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ । ਟੋਰਾਂਟੋ ਦੇ ਸਾਰਾ ਮੀਡੀਆ ਵੀ ਆਪਣੀ ਜਿੰਮੇਵਾਰੀ ਤੇ ਸ਼ਫਲਤਾ ਲਈ ਵਧਾਈ ਦੀ ਪਾਤਰ ਹੈ। ਸਾਰੇ ਕਲਾਕਾਰਾਂ ਦੀ ਟੀਮ ਦੀ ਸਖਤ ਮਿਹਨਤ ਬਲਜਿੰਦਰ ਲੇਲ਼ਣਾ , ਸਰਬਜੀਤ ਅਰੋੜਾ ,ਕੁਲਦੀਪ ਰੰਧਾਵਾ ਦੀ ਮਿਹਨਤ ਦੀ ਦਾਦ ਬਣਦੀ ਹੈ । ਉਕਾਂਪਰੀਤ ਦੇ ਗੀਤ ਦੀ ਦਾਦ ਦੇਣੀ ਬਣਦੀ ਹੈ ।ਕਨੇਡਾ ਦੇ ਕੇਂਦਰੀ ਮੰਤਰੀ ਅਮਰਜੀਤ ਸ਼ੋਹੀ ਵੱਲੋਂ ਆਪਣੀ ਪਤਨੀ ਸਰਬਜੀਤ ਸੋਹੀ ਦੇ ਨਾਲ ਸਾਰੇ ਨਾਟਕ ਨੂੰ ਉਚੇਚੇ ਤੋਰ ਦੇਖਣਾ ੲਿਸ ਨਾਟਕ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ।ਉਮੀਦ ਹੈ ਕਨੇਡਾ ਦੇ ਵਿਆਹਾਂ ਦੀ ਨਵੀਂ ਜਾਗੋ " ਘੱਟ ਖ਼ਰਚਿਆਂ ਦੇ ਲਈ ਹੋਕਾ ਦੇਵੇਗੀ " ਭਵਿੱਖ ਵਿੱਚ ਸੀ ਬੀ ਸੀ ਨੈੱਟਵਰਕ ਸਾਨੂੰ ਬੁੱਧੀਜੀਵੀ ਹੋਣ ਦਾ ਖਿਤਾਬ ਦੇਵੇਗਾ ਇਹ ਹੀ ਇਸ ਨਾਟਕ ਦੀ ਪ੍ਰਾਪਤੀ ਹੋਵੇਗੀ ।

ਅਸਟ੍ਰੇਲੀਆ ਦੀ ਇੱਕ ਕੰਪਨੀ ਬ੍ਰਿਜ ਬਲਿਊ ਗਲੋਬਲ ਐਜੂਕੇਸ਼ਨ ਨੇ ਇੰਡਸਟਰੀਅਲ ਏਰੀਆ ਚੰਡੀਗੜ ਵਿਖੇ ਆਪਣਾ 21ਵਾਂ ਆਫਿਸ ਖੋਲਿਆ। ਬ੍ਰਿਜ ਬਲਿਊ, ਜਿਸਦਾ ਹੈੱਡ ਆਫਿਸ ਸਿਡਨੀ ਵਿੱਚ ਹੈ 2004 ਤੋਂ ਇੱਕ ਸਥਾਪਿਤ ਨਾਮ ਹੈ ਜੋ ਅਸਟ੍ਰੇਲੀਆ, ਕਨੇਡਾ, ਯੂਐਸਏ, ਯੂਕੇ ਅਤੇ ਨਿਊਜ਼ੀਲੈਂਡ ਵਿੱਚ 400 ਤੋਂ ਵੱਧ ਇੰਸਟੀਚਿਊਟਾਂ ਨੂੰ ਰੀਪ੍ਰੈਜੈਂਟ ਕਰਦਾ ਹੈ। ਭਾਰਤ ਵਿੱਚ ਇਸਦੇ ਆਫਿਸ ਦੇ ਨਾਲ-ਨਾਲ ਕੰਪਨੀ ਦੇ 18 ਦੇਸ਼ਾਂ ਵਿੱਚ ਹੋਰ ਵੀ ਆਫਿਸ ਹਨ। ਬ੍ਰਿਜ ਬਲਿਊ ਐਜੂਕੇਸ਼ਨ ਚੰਡੀਗੜ ਦੇ ਐਗਜ਼ੀਕਿਉਟਿਵ ਮੈਨੇਜਰ ਸ਼੍ਰੀ ਸਚਿਨ ਗੁਪਤਾ ਨੇ ਕਿਹਾ ਕਿ ਕੰਪਨੀ ਦਾ ਉਦੇਸ਼ ਪ੍ਰੋਫੈਸ਼ਨਲ ਸੇਵਾਵਾਂ ਨੂੰ ਐਜੂਕੇਸ਼ਨ ਕੰਸਲਟੈਂਟਸ ਦੇ ਰੂਪ ਵਿੱਚ ਪ੍ਰਮੋਟ ਕਰਨਾ ਹੈ। ਉਸਨੇ ਕਿਹਾ ਕਿ ਕੋਰਸਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਆਪਣੇ ਗਲੋਬਲ ਆਫਿਸ ਦੇ ਨੈਟਵਰਕ ਦੇ ਜਰੀਏ ਪ੍ਰਮੋਟ ਕਰਨ ਦੇ ਨਾਲ-ਨਾਲ ਅਸੀਂ ਵਿਦਿਆਰਥੀਆਂ ਦੀ ਐਪਲੀਕੇਸ਼ਨ ਦੀ ਪੂਰੀ ਪ੍ਰਕਿਰਿਆ ਵਿੱਚ ਮਦਦ ਕਰ ਰਹੇ ਹਾਂ ਜਿਸ ਵਿੱਚ ਵੀਜ਼ਾ ਐਪਲੀਕੇਸ਼ਨ ਅਤੇ ਪੋਸਟ-ਲੈਂਡਿੰਗ ਸੇਵਾਵਾਂ ਸ਼ਾਮਿਲ ਹਨ। ਇੰਡਸਟਰੀ ਨੂੰ ਚਲਾਉਣ ਵਾਲੇ ਸਰਕਾਰ ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਦੇ ਹੋਏ ਕੰਪਨੀ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਸਚਾਈ ਨਾਲ ਬਿਨਾਂ ਕਿਸੇ ਤਰਾਂ ਦਾ ਸਮਝੌਤਾ ਕੀਤੇ ਬਿਹਤਰ ਨਿਜੀ ਸੇਵਾਵਾਂ ਵੀ ਦੇ ਰਹੀ ਹੈ।
ਉਸਨੇ ਕਿਹਾ ਕਿ ਵਿਦਿਆਰਥੀਆਂ ਦੀ ਮਦਦ ਕਰਨ ਤੋਂ ਇਲਾਵਾ ਕੰਪਨੀ ਇਮੀਗ੍ਰੇਸ਼ਨ ਸੇਵਾਵਾਂ ਅਤੇ ਪੋਸਟ ਲੈਂਡਿੰਗ ਸਹਿਯੋਗ ਵੀ ਪ੍ਰਦਾਨ ਕਰਦੀ ਹੈ। ਕੰਪਨੀ ਨੇ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਪਿਛਲੇ ਦਸ ਸਾਲਾਂ ਵਿੱਚ ਹੁਣ ਸਫਲਤਾ ਪੂਰਵਕ ਅਸਟ੍ਰੇਲੀਆ ਵਿੱਚ ਸੈੱਟ ਹਨ। ਸ਼੍ਰੀ ਗੁਪਤਾ ਨੇ ਅੱਗੇ ਕਿਹਾ ਕਿ ਕੰਪਨੀ ਦੀ ਸੇਵਾ ਵਿੱਚ ਆਸਟ੍ਰੇਲੀਆ ਦੇ ਵੀਜ਼ੇ ਜਿਵੇਂ ਕਿ ਕੁਸ਼ਲ, ਬਿਜਨਸ, ਸਟੂਡੈਂਟ ਸਪਾਂਸਰਡ, ਫੈਮਿਲੀ ਅਤੇ ਮਾਨਵਤਾਵਾਦੀ ਵਰਗੇ ਵੀਜ਼ੇ ਸ਼ਾਮਿਲ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਦੀ ਅਸਟ੍ਰੇਲੀਅਨ ਇੰਸਟੀਚਿਊਟ ਆਫ਼ ਐਕਸਪੋਰਟ ਦੁਆਰਾ 2007 ਅਤੇ 2008 ਵਿੱਚ ਬ੍ਰਿਜ ਬਲਿਊ ਨੂੰ ਪ੍ਰੀਮੀਅਰ ਦੇ ਐਨਐਸਡਬਲਿਊ ਐਕਸਪੋਰਟ ਅਵਾਰਡ ਲਈ ਇਕ ਸ਼ਾਨਦਾਰ ਐਂਟਰੀ ਦੇ ਤੌਰ ਤੇ ਪਛਾਣਿਆ ਗਿਆ ਸੀ ਅਤੇ 2011 ਵਿੱਚ ਇਹ ਕੰਪਨੀ ਐਜੂਕੇਸ਼ਨ ਅਤੇ ਟ੍ਰੇਨਿੰਗ ਅਵਾਰਡ ਦੀ ਸ਼੍ਰੇਣੀ ਦੇ ਅੰਤਰਗਤ ਇੱਕ ਫਾਇਨਲਿਸਟ ਦੇ ਰੂਪ ਵਿੱਚ ਅੱਗੇ ਆਈ ਸੀ।

ਈਸਟ ਇੰਡੀਅਨ ਡੀਫੈਸ ਕਮੇਟੀ ਵੈਨਕੂਵਰ (ਕੈਨੇਡਾ) ਵਲੋਂ ‘ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ’ ਪ੍ਰੋਗਰੈਸਿਵ ਕਲਚਰਲ ਸੈਂਟਰ ਸਰ੍ਹੀ ਵਿਖੇ ਕਰਵਾਇਆ ਗਿਆ ਜਿਸਦੇ ਮੁੱਖ ਮਹਿਮਾਨ ਪੰਜਾਬ ਤੋਂ ਆਏ ਹੋਏ ਉੱਘੇ ਸਾਹਿਤਕਾਰ ਅਜਮੇਰ ਸਿੱਧੂ ਸਨ। ਸਮਾਰੋਹ ਦੀ ਪ੍ਰਧਾਨਗੀ ਡਾ. ਰਘਬੀਰ ਸਿੰਘ (ਸਿਰਜਣਾ), ਡਾ. ਨਿਰਮਲ ਸਿੰਘ (ਪੰਜਾਬੀ ਸੱਥ ਲਾਂਬੜਾ) ਤੇ ਕਾਮਰੇਡ ਹਰਭਜਨ ਚੀਮਾ ਨੇ ਕੀਤੀ। ਪਰਮਿੰਦਰ ਕੌਰ ਸਵੈਚ ਦੀਆਂ ਪੁਸਤਕਾਂ “ਤਵਾਰੀਖ਼ ਬੋਲਦੀ ਹੈ ਤੇ ਹੋਰ ਨਾਟਕ” (ਨਾਟ-ਸੰਗ੍ਰਹਿ) ਅਤੇ “ਲਹਿਰਾਂ ਦੀ ਵੇਦਨਾ” (ਕਾਵਿ-ਸੰਗ੍ਰਹਿ) ਇਸ ਮੌਕੇ ਲੋਕ ਅਰਪਣ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹਰਭਜਨ ਚੀਮਾ ਨੇ ਜਿੱਥੇ ਆਏ ਲੋਕਾਂ ਨੂੰ ਜੀ ਆਇਆਂ ਕਿਹਾ ਉੱਥੇ ਉਸਨੇ ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਕੰਮਾਂ-ਕਾਰਾਂ ਬਾਰੇ ਦਸਦਿਆਂ ਕਿਹਾ ਕਿ ਇਹ ਲੋਕ ਪੱਖੀ ਕਾਰਜਾਂ, ਸੰਘਰਸ਼ਾਂ ਅਤੇ ਲੋਕ ਪੱਖੀ ਸਾਹਿਤ ਲਈ ਸਰਗਰਮ ਜਥੇਬੰਦੀ ਹੈ।ਇਸਦੀ ਹੀ ਸਰਗਰਮ ਮੈਂਬਰ ਪਰਮਿੰਦਰ ਸਵੈਚ ਦੀ ਸਾਹਿਤ ਨੂੰ ਦੇਣ ਤੇ ਕਮਿਊਨਿਟੀ ਵਿੱਚ ਕੰਮ ਕਰਨ ਬਾਰੇ ਥੋੜੇ ਸ਼ਬਦਾਂ ਵਿੱਚ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਪਰਮਿੰਦਰ ਦਾ ਸਾਹਿਤ ਹਨੇਰਿਆਂ ਵਿੱਚ ਲੋਅ ਛੱਡਦਾ ਸਾਹਿਤ ਹੈ।
ਪਹਿਲੇ ਸੈਸ਼ਨ ਵਿੱਚ ਅਜਮੇਰ ਸਿੱਧੂ ਨੇ ‘ਕਨੇਡਾ ਦਾ ਪੰਜਾਬੀ ਨਾਟਕ ਮੂਲ ਸਰੋਕਾਰ(ਪਰਮਿੰਦਰ ਕੌਰ ਸਵੈਚ ਦੀ ਨਾਟਕਕਾਰੀ ਦੇ ਸੰਦਰਭ ਵਿੱਚ)’ ਪੜ੍ਹਿਆ। ਉਹਨਾਂ ਕਿਹਾ ਕਿ ਕੈਨੇਡਾ ਦਾ ਨਾਟਕ/ ਸਾਹਿਤ ਪਰਵਾਸ ਦੀ ਸੰਵੇਦਨਾ ਨੂੰ ਖੂਬਸੂਰਤੀ ਨਾਲ ਫੜ ਰਿਹਾ ਹੈ। ਕੈਨੇਡਾ ਦੀ ਧਰਤੀ ਉੱਤੇ ਪੰਜਾਬੀ ਨਾਟਕ ਦੀ ਸਿਰਜਣਾ ਦੇ ਖੇਤਰ ਵਿੱਚ ਸਵੈਚ ਦਾ ਨਾਂ ਵੀ ਸ਼ਾਮਲ ਹੈ। ਪਰਮਿੰਦਰ ਦੇ ਨਾਟਕ ਦਾ ਮਿਸ਼ਨ ਸਮਾਜਿਕ ਯਥਾਰਥ ਨੂੰ ਮਹਿਜ਼ ਸਮਝਣ ਦਾ ਨਹੀਂ, ਨਾ ਹੀ ਉਸਦੀ ਵਿਆਖਿਆ ਦਾ ਹੈ ਬਲਕਿ ਸਮਾਜ ਨੂੰ ਕ੍ਰਾਂਤੀਕਾਰੀ ਤਬਦੀਲੀ ਵੱਲ ਲਿਜਾਣ ਦਾ ਹੈ। ਇਸ ਪੇਪਰ ਉੱਤੇ ਹੋਈ ਬਹਿਸ ਵਿੱਚ ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਕਿੰਗਰਾ, ਅਜਮੇਰ ਰੋਡੇ, ਸੁਰਜੀਤ ਕਲਸੀ, ਹਰਜੀਤ ਦੌਧਰੀਆ ਅਤੇ ਅਨਮੋਲ ਸਵੈਚ ਆਦਿ ਨੇ ਹਿੱਸਾ ਲਿਆ।
ਦੂਜੇ ਸੈਸ਼ਨ ਵਿੱਚ ਅਜਮੇਰ ਸਿੱਧੂ ਨੇ ‘ਲਹਿਰਾਂ ਦੀ ਲੋਕ ਪੱਖੀ ਵੇਦਨਾ ਦਾ ਕਾਵਿ ਚਿੰਤਨ-ਲਹਿਰਾਂ ਦੀ ਵੇਦਨਾ’ ਪੇਪਰ ਪੜ੍ਹਿਆ। ਉਹਨਾਂ ਕਿਹਾ ਕਿ ਪਰਮਿੰਦਰ ਦਾ ਕਾਵਿ ਚਿੰਤਨ ਕਿਸੇ ਇੱਕ ਵਰਗ, ਦੇਸ, ਕਾਲ ਜਾਂ ਨਸਲ ਦੇ ਲੋਕਾਂ ਤੱਕ ਸੀਮਤ ਨਹੀਂ ਇਸਦਾ ਘੇਰਾ ਵਿਸ਼ਾਲ ਹੈ। ਉਹ ਹੱਕ, ਸੱਚ ਅਤੇ ਇਨਸਾਫ਼ ਲਈ ਜੂਝਦੀਆਂ ਧਿਰਾਂ ਦੀ ਪੈਰ੍ਹਵਈ ਕਰਦੀ ਹੈ। ਇਹ ਉਸਦੀ ਕਵਿਤਾ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਪਰਵਾਸੀ ਤੇ ਆਵਾਸੀ ਚੇਤਨਾ ਦਾ ਬਰਾਬਰ ਦਾ ਮੇਲਜੋਲ ਹੈ। ਇਸ ਪੇਪਰ ਉੱਤੇ ਬਹਿਸ ਸ਼ੁਰੂ ਕਰਦਿਆਂ ਅੰਮ੍ਰਿਤ ਦੀਵਾਨਾ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਦੀ ਸਿਧਾਂਤਕਾਰੀ ਵਿੱਚ ਇਸਦਾ ਸਿੱਧਾ ਸਬੰਧ ਜੀਵਨ ਸੱਚ ਨਾਲ ਜੁੜਦਾ ਹੈ। ਇਸ ਬਹਿਸ ਵਿੱਚ ਮਨਜੀਤ ਕੰਗ, ਗੁਰਪ੍ਰੀਤ ਸਿੰਘ, ਜਰਨੈਲ ਸੇਖਾ, ਅਮਰੀਕ ਪਲਾਹੀ, ਸੁਰਜੀਤ ਕਲਸੀ, ਮੋਹਣ ਗਿੱਲ, ਗੁਰਬਚਨ ਕੌਰ ਢਿੱਲੋਂ, ਗੁਰਦਰਸ਼ਨ ਬਾਦਲ ਆਦਿ ਨੇ ਹਿੱਸਾ ਲਿਆ ਤੇ ਕਵਿਤਾ ਦੀ ਪੁਣਛਾਣ ਕਰਦੇ ਹੋਏ ਆਪਦੇ ਵਿਚਾਰ ਸਾਂਝੇ ਕੀਤੇ।ਡਾ. ਨਿਰਮਲ ਸਿੰਘ ਨੇ ਕਿਹਾ ਕਿ ਜਿਹੜਾ ਸਾਹਿਤ ਲੋਕਾਂ ਦੀ ਰੂਹ ਵਿੱਚ ਉੱਤਰ ਜਾਵੇ, ਉਹ ਹਮੇਸ਼ਾਂ ਜਿਊਂਦਾ ਰਹਿੰਦਾ ਹੈ। ਅਜਿਹੇ ਸਾਹਿਤ ਦੀ ਸਿਰਜਣਹਾਰ ਪਰਮਿੰਦਰ ਵਧਾਈ ਦੀ ਹੱਕਦਾਰ ਹੈ। ਡਾ. ਰਘਬੀਰ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੰਦਿਆ ਕਿਹਾ ਕਿ ਪਰਮਿੰਦਰ ਲੋਕ ਪੱਖੀ ਕਵਿਤਾ ਤੇ ਨਾਟਕ ਦੀ ਸਿਰਜਕ ਹੈ। ਇਹ ਲੋਕ ਦੋਖੀ ਪ੍ਰਬੰਧ ਨੂੰ ਖ਼ਤਮ ਕਰਨ ਲਈ ਤਤਪਰ ਹੈ ਅਤੇ ਇਨਕਲਾਬੀ ਲਹਿਰਾਂ ਦੀ ਵਿਰਾਸਤ ਨੂੰ ਸਾਂਭਣ ਅਤੇ ਉਭਰਨ ਲਈ ਸੱਦਾ ਦਿੰਦੀ ਹੈ।ਇਸ ਦੌਰਾਨ ਪਰਮਿੰਦਰ ਨੇ ਵੀ ਆਪਣੀਆਂ ਕੁੱਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਸਮਾਰੋਹ ਵਿੱਚ ਬਹੁਤ ਸਾਰੀਆਂ ਹੋਰ ਵੀ ਉੱਘੀਆਂ ਸ਼ਖ਼ਸ਼ੀਅਤਾਂ ਨਾਮਵਰ ਲੇਖਕ ਜੋਗਿੰਦਰ ਸ਼ਮਸ਼ੇਰ, ਹਰਦਮ ਸਿੰਘ ਮਾਨ, ਸੋਹਣ ਪੂਨੀ, ਡਾ. ਜਸਵਿੰਦਰ ਸਿੰਘ(ਵਿਨੀਪੈੱਗ), ਡਾ. ਜਸ ਮਲਕੀਤ, ਸੁਰਿੰਦਰ ਸਿੰਘ ਮੰਗੂਵਾਲ, ਕ੍ਰਿਪਾਲ ਬੈਂਸ, ਪਰਸ਼ੋਤਮ ਦੁਸਾਂਝ, ਸੇਵਾ ਬਿਨਿੰਗ ਅਤੇ ਹੋਰ ਬਹਤ ਸਾਰੇ ਹੋਣਹਾਰ ਕਲਾਕਾਰ ਬੱਚੇ ਅਤੇ ਸਾਹਿਤ ਸਨੇਹੀ ਪਹੁੰਚੇ ਹੋਏ ਸਨ। ਅੰਤ ਵਿੱਚ ਸੰਤੋਖ ਢੇਸੀ ਨੇ ਸਮਾਗਮ ਤੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੀ ਮੰਚ ਸੰਚਾਲਨਾ ਦੀ ਜ਼ੁੰਮੇਵਾਰੀ ਜਸਵੀਰ ਮੰਗੂਵਾਲ ਨੇ ਬਾਖੂਬੀ ਨਿਭਾਈ।

ਜਲੰਧਰ, 27 ਅਗਸਤ, 2016 : ਦਾ ਇੰਟਰਨੈਸ਼ਨਲ ਅਵਾਰਡ ਫੋਰ ਯੰਗ ਪੀਪਲ, ਇੰਡਿਆ ਵਲੋਂ ਅਜ ਫਗਵਾੜਾ ਵਿਖੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਚ ਪ੍ਰਿੰਸੀਪਲਾਂ ਅਤੇ ਟੀਚਰਾਂ ਦੇ ਲਈ ਇਕ ਔਰਿਐਂਟੇਸ਼ਨ ਵਰਕਸ਼ਾਪ ਦਾ ਆਯੌਜਤ ਕੀਤਾ ਗਿਆ । ਇਸ ਵਰਕਸ਼ਾਪ ਨੂੰ ਆਯੋਜਤ ਕਰਵਾਉਣ ਦਾ ਮੰਤਵ ਸਹੋਦਯਾ ਸਕੂਲਾਂ ਵਿਚ ਅਵਾਰਡ ਪ੍ਰੋਗਰਾਮ ਦੇ ਵਿਸ਼ਾ ਤੋਂ ਆਗੂ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਇਸ ਸਿਖਿਆ ਪ੍ਰਣਾਲੀ ਦੇ ਲਾਭਾਂ ਬਾਰੇ ਦਸਣਾ ਸੀ । ਇਸ ਵਰਕਸ਼ਾਪ ਵਿਚ ਵ¤ਡੀ ਭਾਗੀਦਾਰੀ ਵੇਖਣ ਨੂੰ ਮਿਲੀ ਜਿਸ ਵਿਚ ਖੇਤਰ ਦੇ 19 ਸਕੂਲਾਂ ਨੇ ਭਾਗ ਲਿਆ ।
ਜਲੰਧਰ ਇੰਡੀਪੇਂਡਟੇਂਡ ਸਹੋਦਯਾ ਸਕੂਲਾਂ ਦੇ ਚੈਅਰਮੇਨ ਸ਼੍ਰੀ ਜੋਰਾਵਰ ਸਿੰਘ ਨੇ ਆਈਏਵਾਈਪੀ ਟੀਮ ਤੋਂ ਆਗੂ ਕਰਵਾਇਆ ਜਿਸਦੇ ਬਾਅਦ ਆਈਏਵਾਈਪੀ ਦੇ ਨੈਸ਼ਨਲ ਡਾਇਰੇਕਟਰ ਕਪਿਲ ਭਲਾ ਨੇ ਅਪਣੀ ਪ੍ਰੇਜੇਂਟੇਸ਼ਨ ਵਿਚ ਅਵਾਰਡ ਪ੍ਰੋਗਰਾਮ, ਇਸਦੀ ਫਿਲਾਸਫੀ, ਫ੍ਰੈਮਵਰਕ ਅਤੇ ਹੋਰ ਲਾਭਾਂ ਬਾਰੇ ਆਏ ਪ੍ਰਤਿਨਿਧਿਆਂ ਨੂੰ ਦਸਿਆ । ਆਈਏਵਾਈਪੀ ਦੇ ਪ੍ਰੋਗਰਾਮ ਮੈਨੇਜਰ ਬਿਵੂਜੀਤ ਮਖੂਤੀ ਨੇ ਦਸਿਆ ਕਿ ਇਸ ਪ੍ਰੋਗਰਾਮ ਦੇ ਚਾਰ ਆਧਾਰੇ ਹਨ ਜਿਸ ਵਿਚ ਸਕਿਲਸ, ਸਰਵਿਸ, ਫਿਜਿਕਲ ਮਨੋਰੰਜਨ ਅਤੇ ਐਡਵੇਂਚਰਸ ਯਾਤਰਾ ਦੇ ਨਾਲ ਨਾਲ ਰੇਜਿਡੇਂਸ਼ਿਅਲ ਪ੍ਰੋਜੇਕਟ ਪਰਮੂਖ ਹਨ ।
ਵਰਕਸ਼ਾਪ ਦਾ ਸਮਾਪਨ ਇਸ ਪ੍ਰੋਗਰਾਮ ਦੇ ਗੋਲਡ ਅਵਾਰਡ ਜੇਤੂ ਗੂਰਕਰਣ ਸਿੰਘ ਨੇ ਅਨੁਭਵ ਸਾਂਝੇ ਕੀਤੇ ਵਿਚਾਰਾਂ ਦੇ ਨਾਲ ਹੋਇਆ ।


ਕਰਮਜੀਤ ਕੌਰ
ਬਾਜਾਖਾਨਾ 28 ਮਾਰਚ
ਕੁਝ ਲੋਕ ਸਮਾਜ ਹਮੇਸ਼ਾ ਨਵੀਆਂ ਅਤੇ ਨਰੋਈ ਕਿਸਮ ਦੀ ਰਵਾਇਤਾਂ ਕਾਇਮ ਕਰਕੇ ਤੰਦਰੁਸਤ ਅਤੇ ਨਰੋਆ ਸਿਰਜਣ ਦੀਆਂ ਕੋਸ਼ਿਸ਼ਾਂ ਵਿਚ ਮਸਰੂਫ਼ ਰਹਿੰਦੇ ਹਨ। ਕੁਦਰਤ ਪ੍ਰੇਮੀ ਅਤੇ ਵਿਗਿਆਨਕ ਵਿਚਾਰਧਾਰਾ ਦੇ ਲੇਖਕ ਅਮਰਜੀਤ ਢਿੱਲੋਂ ਗੋਬਿੰਦਗੜ (ਦਬੜ•ੀਖਾਨਾ) ਨੇ ਆਪਣੇ ਕੈਨੇਡੀਅਨ ਬੇਟੇ ਮਨੋਹਰਦੀਪ ਢਿੱਲੋਂ ਦੇ ਵਿਆਹ ਸਮੇਂ ਇਸ ਤਰ•ਾਂ ਹੀ ਕਰਨ ਦਾ ਯਤਨ ਕੀਤਾ। ਸਭ ਤੋਂ ਪਹਿਲਾਂ ਉਹਨਾਂ ਇਹ ਵਿਆਹ ਬਿਨਾ ਕਿਸੇ ਦਾਜ ਦਹੇਜ ਦੇ ਕੀਤਾ ਜਦੋਂ ਕਿ ਅੱਜ ਕੱਲ ਕੈਨੇਡੀਅਨ ਲੜਕਿਆਂ ਦੇ ਮਾਤਾ ਪਿਤਾ ਬੋਲੀ ਲਾਉਂਦੇ ਹਨ ਅਤੇ 50- 50 ਲੱਖ ਰੁਪੈ ’ਚ ਸੌਦੇ ਹੁੰਦੇ ਹਨ। ਲੜਕੀ ਅਮਨਦੀਪ ਕੌਰ ਮਾਨ ਜੋ ਕਿ ਲੈਕਚਰਾਰ ਹੈ ਲੜਕੇ ਦੀ ਆਪਣੀ ਪਸੰਦ ਸੀ ਅਤੇ ਮਨੋਹਰਦੀਪ ਢਿੱਲੋਂ ਕੈਨੇਡਾ ’ਚ ਕੰਪਿਊਟਰ ਅਪਰੇਟਰ ਅਤੇ ਇਕ ਟਰੱਕਿੰਗ ਕੰਪਨੀ ਸੁਪਰਵਾਈਜ਼ਰ ਹੈ ਜੋ ਲੜਕੀ ਦੀ ਪਸੰਦ ਸੀ। ਫਗਵਾੜਾ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਖੇ ਸਿੱਖੀ ਰਹਿਤ ਮਰਿਯਾਦਾ ਅਨੁਸਾਰ ਅਨੰਦ ਕਾਰਜ ਕਰਨ ਤੋਂ ਬਾਦ ਸਭ ਤੋਂ ਪਹਿਲਾਂ ਇਸ ਜੋੜੀ ਨੇ ਗੁਰਦਵਾਰਾ ਸਾਹਿਬ ਦੇ ਵਿਹੜੇ ’ਚ ਦੁਸਹਿਰੀ ਅੰਬ ਦੇ ਬੂਟੇ ਲਾਏ, ਇਹ ਬੂਟੇ ਇਥੋਂ ਹੀ ਨਾਲ ਲੈ ਕੇ ਗਏ ਸਨ।
ਉਸਤੋਂ ਬਾਦ ਨਵੀਂ ਕਿਤਾਬ ਰਿਲੀਜ਼ ਕਰਨ ਦੀ ਰਸਮ ਕੀਤੀ ਗਈ। ਲੇਖਕ ਅਮਰਜੀਤ ਢਿੱਲੋਂ ਨੇ ਆਪਣੀ ਨਵੀਂ ਕਿਤਾਬ ਇਹਨਾਂ ਦੋਵਾਂ ਬੱਚਿਆਂ ਦੇ ਨਾਮ ਸਮੱਰਿਪਤ ਕੀਤੀ ਹੈ ਅਤੇ ਇਹਨਾਂ ਦੇ ਸ਼ਗਨ ਮੌਕੇ ਹਾਜਰ ਸ਼ਖਸ਼ੀਅਤਾਂ ਤੋਂ ਹੀ ਇਹ ਕਿਤਾਬ ਰਿਲੀਜ਼ ਕਰਵਾਈ ਗਈ। ਇਹ ਕਿਤਾਬ ਗੁਲਾਮ ਪ੍ਰਥਾ ਦਾ ਖਾਤਮਾ ਕਰਨ ਵਾਲੇ ( ਲਕੜਹਾਰੇ ਮਜ਼ਦੂਰ ਤੋਂ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚੇ) ਅਮਰੀਕਾ ਦਾ ਪਿਤਾਮਾ ਕਹਾਉਣ ਵਾਲੇ ਮਹਾਨ ਵਿਅੱਕਤੀ ਅਬਰਾਹਮ ਲਿੰਕਨ ਬਾਰੇ ਹ,ੈ ਜੋ ਜ਼ਿੰਦਗੀ ’ਚ ਸੰਘਰਸ਼ ਕਰਨ ਅਤੇ ਸੱਚਾ ਸੁੱਚਾ ਮਨੁੱਖ ਬਨਣ ਦੀ ਪ੍ਰੇਰਨਾ ਦਿੰਦੀ ਹੈ। ਸਮੁੱਚੀ ਬਰਾਤ ’ਚ ਪੜੇ ਲਿਖੇ ਵਿਅੱਕਤੀਆਂ ਨੂੰ ਇਹ ਪੁਸਤਕ ਤੋਹਫੇ ਦੇ ਤੌਰ ’ਤੇ ਦਿਤੀ ਗਈ। ਪਿੰਡ ਦਬੜੀਖਾਨਾ ਪਹੁੰਚਣ ’ਤੇ ਵੀ ਇਸ ਜੋੜੀ ਵਲੋਂ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਆਮਰਪਾਲੀ ਅੰਬ ਦੇ ਪੌਦੇ ਲਗਾਏ ਗਏ। ਇਸ ਮੌਕੇ ਹਾਜਰ ਪਤਵੰਤਿਆਂ ਨੇ ਕੈਨੇਡਾ ਦੇ ਪੱਕੇ ਵਸਨੀਕ ਲੜਕੇ ਵਲੋਂ ਅਤੇ ਉਸਦੇ ਪਿਤਾ ਵਲੋਂ ਬਿਨਾ ਕਿਸੇ ਦਾਜ ਦੇ ਵਿਆਹ ਕਰਨ, ਇਸ ਮੌਕੇ ਪੌਦੇ ਲਾਉਣ ਅਤੇ ਕਿਤਾਬ ਰਿਲੀਜ਼ ਕਰਨ ਵਰਗੇ ਨਿਵੇਕਲੇ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਲੇਖਕ ਪਾਠਕ ਮੰਚ ਬਾਜਾਖਾਨਾ ਦੇ ਪ੍ਰਧਾਨ ਵਾਸਦੇਵ ਸ਼ਰਮਾ, ਗਾਇਕ ਅਦਾਕਾਰ ਹਰਭਜਨ ਮਾਨ ਦੇ ਮਾਮਾ ਅਤੇ ਆਪ ਆਗੂ ਨਛੱਤਰ ਸਿੰਘ ਸਿੱਧੂ, ਉਜਾਗਰ ਸਿੰਘ ਢਿੱਲੋਂ ਭਗਤਾ ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਸਲਾਹਕਾਰ ਕਮੇਟੀ ਮੈਂਬਰ ਜੀਤ ਸਿੰਘ ਗਿੱਲ,ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਦਰਸ਼ਨ ਸਿੰਘ ਬਲਾੜੀਆ, ਹੰਸ ਰਾਜ ਵਿਦਿਅਕ ਸੰਸਥਾਵਾਂ ਬਾਜਾਖਾਨਾ ਦੇ ਐਮ ਡੀ ਉਪਿੰਦਰ ਸ਼ਰਮਾ,ਅਗਰਵਾਲ ਸਭਾ ਬਾਜਾਖਾਨਾ ਦੇ ਪ੍ਰਧਾਨ ਜੀਵਨ ਗਰਗ,ਗੋਬਿੰਦਗੜ ਦੇ ਸਰਪੰਚ ਗੁਰਦਿਤ ਸਿੰਘ ਢਿੱਲੋਂ,ਗੁਰਪ੍ਰੀਤ ਮਾਨ ਮੌੜ,ਗੁਰਮੀਤ ਸਿੰਘ ਬਰਾੜ ਜੈਤੋ,ਗੁਰਜੰਟ ਸਿੰਘ ਪੁੰਨੀ ਅਤੇ ਹੋਰ ਨਾਮਵਰ ਸ਼ਖਸੀਅਤਾਂ ਹਾਜਰ ਸਨ।

ਮਾਂ ਬੋਲੀ ਪੰਜਾਬੀ ਨੂੰ ਪ੍ਰਚਾਰਨ-ਪ੍ਰਸਾਰਨ ਦੇ ਨਾਲ਼-ਨਾਲ਼ ਇਸ ਦਾ ਮੂਲ ਖ਼ਾਸਾ ਬਰਕਰਾਰ ਰੱਖਣ ਦਾ ਦਿੱਤਾ ਸੱਦਾ
ਜਲੰਧਰ : ਦੁਆਬਾ ਕਾਲਜ ਜਲੰਧਰ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ਕਾਲਜ ਦੇ ਕਾਨਫ਼ਰੰਸ ਹਾਲ ਵਿਚ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ‘ਮਾਂ ਬੋਲੀ, ਖੇਤਰੀ ਭਾਸ਼ਾਵਾਂ, ਸੰਚਾਰ ਅਤੇ ਸਮਾਜ’ ਮੁੱਖ ਵਿਸ਼ੇ ’ਤੇ ਕਰਵਾਈ ਗਈ ਜਿਸ ਵਿਚ ਦੂਜੇ ਦਿਨ ਦੇ ਮੁੱਖ ਮਹਿਮਾਨ ਵਜੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪ੍ਰਸਿਧ ਸ਼ਖ਼ਸੀਅਤ ਡਾ. ਗੁਲਜ਼ਾਰ ਸਿੰਘ ਸੰਧੂ ਸ਼ਾਮਲ ਹੋਏ। ਸਵਾਗਤੀ ਰਸਮ ਕਾਲਜ ਦੇ ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਧੀਮਾਨ ਅਤੇ ਵਿਭਾਗ ਦੇ ਮੁਖੀ ਡਾ. ਸਿਮਰਨ ਸਿੱਧੂ ਨੇ ਮਹਿਮਾਨਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿਭਾਈ।
ਕੁੰਜੀਵਤ ਭਾਸ਼ਣ ਅਜੀਤ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਦਿੱਤਾ ਜਿਸ ਵਿਚ ਉਨਾਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਸਰਕਾਰੀ ਬੇਰੁਖ਼ੀ ਦਾ ਖ਼ੁਲਾਸਾ ਕਰਦਿਆਂ ਅੰਕੜਿਆਂ ਸਹਿਤ ਆਪਣੀ ਗੱਲ ਕਹੀ। ਵਿਸ਼ੇਸ਼ ਵਕਤਾ ਦੀਪਕ ਬਾਲੀ ਸਕੱਤਰ ਜਾਗ੍ਰਤੀ ਮੰਚ ਪੰਜਾਬ ਨੇ ਪੰਜਾਬੀ ਗਾਇਕਾਂ ਵੱਲੋਂ ਮਾਂ ਬੋਲੀ ਦੀ ਸੇਵਾ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਪੰਜਾਬੀ ਮਾਂ ਬੋਲੀ ਨੂੰ ਦੇਸ-ਵਿਦੇਸ਼ ਤੱਕ ਪੁਚਾਉਣ ਦੇ ਹਾਂ-ਪੱਖੀ ਯੋਗਦਾਨ ਦਾ ਖ਼ੁਲਾਸਾ ਕੀਤਾ। ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਧੀਮਾਨ ਨੇ ਆਪਣੇ ਵਿਖਿਆਨ ਵਿਚ ਪੰਜਾਬੀ ਨੂੰ ਕੰਪਿਊਟਰ ’ਤੇ ਅਪਣਾਉਂਦਿਆਂ ਯੂਨੀਕੋਡ ਪ੍ਰਣਾਲੀ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ। ਕੈਨੇਡਾ ਤੋਂ ਸ਼ਿਰਕਤ ਕਰ ਰਹੇ ਸੰਚਾਰ-ਕਰਮੀ ਹਰਜਿੰਦਰ ਗਿੱਲ ਨੇ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਸੰਤੋਖ਼ਜਨਕ ਸੇਵਾ ਬਾਰੇ ਦੱਸਿਆ। ਕੈਨੇਡਾ ਤੋਂ ਹੀ ਪ੍ਰਸਿਧ ‘ਅੱਖੀਂ ਡਿੱਠਾ ਹਾਲ’ ਵਕਤਾ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੇ ਮਾਂ ਬੋਲੀ ਦੀ ਸੇਵਾ ਕਰਦਿਆਂ ਮਿਲੇ ਮਾਣ-ਸਤਿਕਾਰ ਲਈ ਪੰਜਾਬੀ ਮਾਂ ਬੋਲੀ ਪ੍ਰਤੀ ਕ੍ਰਿਤੱਗਤਾ ਵਿਅਕਤ ਕੀਤੀ।
ਇਸ ਮੌਕੇ ਪੁੱਜੇ ਖੋਜ ਪੱਤਰਾਂ ਵਿਚੋਂ ਜੋ ਖੋਜ ਪੱਤਰ ਪੜੇ ਜਾ ਸਕੇ ਉਨਾਂ ਵਿਚ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਨਿਰਮਾਤਾ ਡਾ. ਲਖਵਿੰਦਰ ਜੌਹਲ ਦੇ ਖੋਜ ਪੱਤਰ ਤੋਂ ਇਲਾਵਾ ਪੰਜਾਬੀ ਨਿਊਜ਼ ਆਨ ਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੱਧੂ ਨੇ ਸੋਸ਼ਲ ਮੀਡੀਆ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ, ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਛਪਿਤ, ਬਿਜਲਈ ਅਤੇ ਸਮਾਜਕ ਸੰਚਾਰ ਸਾਧਨਾਂ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸ਼ੁਧਤਾ ਸਬੰਧੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜਾਰਥਣ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਿਨੇਮਾ ਸਬੰਧੀ, ਸਵਰਨ ਟਹਿਣਾ ਨੇ ਗਾਇਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਕਥਿਤ ਸੇਵਾ ਸਬੰਧੀ ਆਪਣੇ ਖੋਜ ਪੱਤਰ ਪੇਸ਼ ਕੀਤੇ।
ਮੁੱਖ ਮਹਿਮਾਨ ਡਾ. ਗੁਲਜ਼ਾਰ ਸਿੰਘ ਸੰਧੂ ਨੇ ਖੋਜ ਪੱਤਰਾਂ ’ਤੇ ਚਰਚਾ ਕਰਦਿਆਂ ਆਪਣੀ ਕਾਮਯਾਬੀ ਦੀ ਕਹਾਣੀ ਬਿਆਨ ਕੀਤੀ ਅਤੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸਿਖਿਆ ਨੂੰ ਨੌਵੀਂ ਜਮਾਤ ਤੋਂ ਉਨਾਂ ਦੇ ਸਾਇੰਸ ਅਧਿਆਪਕ ਵੱਲੋਂ ਆਪਣੇ ਵਿਸ਼ੇ ਵਿਚੋਂ ਬਾਹਰ ਧੱਕਣ ਅਤੇ ਪੰਜਾਬੀ ਵਿਸ਼ਾ ਪੜਨ ਦੀ ਰਾਏ ਦੇਣ ਨਾਲ਼ ਸੰਭਵ ਹੋਈ ਸੀ। ਪਰ ਪੰਜਾਬੀ ਮਾਂ ਬੋਲੀ ਦੇ ਰੱਥ ’ਤੇ ਸਵਾਰ ਹੋ ਕੇ ਦੇਸ਼ ਵਿਦੇਸ਼ ਤੋਂ ਜੋ ਪਿਆਰ ਤੇ ਸਤਿਕਾਰ ਮਿਲਿਆ ਹੈ ਉਹ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।
ਦੂਜੇ ਦਿਨ ਦੇ ਅੰਤਮ ਸੈਸ਼ਨ ਦੌਰਾਨ ਪ੍ਰਸਿਧ ਲੇਖਕ ਪਿਆਰਾ ਸਿੰਘ ਭੋਗਲ ਦੀ ਅਗਵਾਈ ਵਿਚ ਪੈਨਲ ਡਿਸਕਸ਼ਨ ਕਰਵਾਈ ਗਈ ਜਿਸ ਵਿਚ ਮੁੱਖ ਵਕਤਾਵਾਂ ਵਿਚ ਦੇਸ ਰਾਜ ਕਾਲੀ, ਡਾ. ਨਮਰਤਾ ਜੋਸ਼ੀ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਵਿਭਾਗ ਦੇ ਵਿਦਿਆਰਥੀਆਂ ਹਰਦੀਪ ਸਿੰਘ ਅਤੇ ਸਿਮਰਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਇਆ। ਮਹਿਮਾਨਾਂ ਤੇ ਵਿਦਵਾਨਾਂ ਦਾ ਧੰਨਵਾਦ ਕਰਨ ਦੀ ਰਸਮ ਵਿਭਾਗ ਦੇ ਮੁਖੀ ਡਾ. ਸਿਮਰਨ ਸਿੱਧੂ ਨੇ ਨਿਭਾਈ।

ਆਕਲੈਂਡ 16 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਜਿੱਥੇ ਪੰਜਾਬੀਆਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਉਥੇ ਗੀਤ-ਸੰਗੀਤ ਦੇ ਪ੍ਰਗੋਰਾਮ ਵੀ ਜਿਆਦਾ ਹੋਣ ਲੱਗੇ ਹਨ। ਪੰਜਾਬੀ ਨੌਜਵਾਨ ਜਿੱਥੇ ਸਖਤ ਮਿਹਨਤਾਂ ਕਰਦੇ ਹਨ ਉਥੇ ਕਦੀ-ਕਦੀ ਪੰਜਾਬੀ ਸਭਿਆਚਾਰਕ ਅਤੇ ਪ੍ਰਚਿਲਤ ਗੀਤਾਂ ਨਾਲ ਵੀ ਸਾਂਝ ਬਣਾਈ ਰੱਖਦੇ ਹਨ। ਹੁਣ ਜੇ.ਕੇ. ਸਟਾਰ ਪ੍ਰੋਡਕਸ਼ਨ ਅਤੇ ਈਵੈਂਟ ਮੈਨੇਜਰ ਪਰਮਵੀਰ ਸਿੰਘ ਵੱਲੋਂ ਆਪਣੇ ਸਹਿਯੋਗੀਆਂ ਸ੍ਰੀ ਕਰਮ ਹੁੰਦਲ, ਸਵਨੀਤ ਸਿੰਘ, ,ਸਵਰਨ ਸੰਧੂ, ਹੈਰੀ ਸੰਧੂ, ਮੌਂਟੀ ਅਦੀਵਾਲ ਅਤੇ ਗੋਲਡੀ ਧਾਲੀਵਾਲ ਦੀ ਸਹਾਇਤਾ ਨਾਲ 12 ਮਾਰਚ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਪੰਜਾਬ ਦੇ ਚਾਰ ਉਘੇ ਕਲਾਕਾਰਾਂ ਨੂੰ ਲੈ ਕੇ 'ਰੰਗਲਾ ਪੰਜਾਬ' ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਵਿਚ ਜਿੱਥੇ ਅੱਜ ਦੇ ਚਰਚਿਤ ਗਾਇਕ ਰਣਜੀਤ ਬਾਵਾ (ਕਿੱਥੇ ਜਾਂਦੀ ਤਨਖਾਹ ਫੇਮ), ਨੌਜਵਾਨਾਂ ਦੇ ਦਿਲਾਂ 'ਤੇ ਥੋੜ੍ਹੇ ਜਿਹਾ ਗੀਤਾਂ ਨਾਲ ਹੀ ਰਾਜ ਕਰਨ ਲੱਗੇ ਮਨਕੀਰਤ ਔਲਖ (ਪਤੰਦਰਾ ਫੇਮ) ਅਤੇ ਗਗਨ ਕੋਕਰੀ ( ਬਾਪੂ ਫੇਮ) ਪਹੁੰਚ ਰਹੇ ਹਨ ਉਥੇ ਨਵੀਂ ਉਭਰ ਰਹੀ ਗਾਇਕਾ ਜੈਨੀ ਜੌਹਲ (ਜੱਟ ਜਿਉਣਾ ਮੌੜ ਤੇ ਨਰਮਾ ਫੇਮ) ਪਹੁੰਚ ਰਹੀ ਹੈ। ਕਾਰ ਪਾਰਕਿੰਗ ਸਾਰਿਆਂ ਦੇ ਲਈ ਫ੍ਰੀ ਹੋਵੇਗੀ। ਖਾਣਪੀਣ ਦੇ ਲਈ ਹੋਵੇਗਾ ਫੂਡ ਸਟਾਲ: ਦਰਸ਼ਕਾਂ ਦੇ ਖਾਣ-ਪੀਣ ਦੇ ਲਈ ਫੂਡ ਸਟਾਲ ਵੀ ਲਗਾਇਆ ਜਾ ਰਿਹਾ ਹੈ।

ਗਾਇਕ ਗਿੱਲ ਹਰਦੀਪ ਲਾਉਣਗੇ ਰੌਣਕ ਮੇਲਾ
ਆਕਲੈਂਡ 15 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਇਸ ਵਾਰ ਚੌਥਾ ਵਿਸਾਖੀ ਮੇਲਾ 16 ਅਪ੍ਰੈਲ ਦਿਨ ਸਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਬੜੀ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ 'ਵਿਸਾਖੀ ਮੇਲੇ ਦੇ ਵਿਚ ਇਸ ਵਾਰ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਗਿੱਲ ਹਰਦੀਪ (ਫੇਮ 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ' ਦਾ) ਰੌਣਕ ਮੇਲਾ ਲਾਉਣ ਲਈ ਆਪਣੇ ਸਾਰੇ ਸਾਜਿੰਦਿਆਂ ਸਮੇਤ ਪਹੁੰਚ ਰਹੇ ਹਨ। ਲਗਪਗ 2-3 ਘੰਟੇ ਲਗਾਤਾਰ ਉਹ ਆਪਣੀ ਪਰਫਾਰਮੈਂਸ ਦੇਣਗੇ ਜਿਸ ਦੇ ਵਿਚ ਕੁਝ ਨਵੇਂ ਗੀਤ ਵੀ ਉਹ ਨਿਊਜ਼ੀਲੈਂਡ ਵਾਸੀਆਂ ਲਈ ਲਿਆ ਰਹੇ ਹਨ। ਇਸ ਵਿਸਾਖੀ ਮੇਲੇ ਸਬੰਧੀ ਇਕ ਰੰਗਦਾਰ ਪੋਸਟਰ ਅੱਜ ਕਲੱਬ ਦੇ ਅਹੁਦੇਦਾਰਾਂ ਨੇ ਪੰਜਾਬੀ ਮੀਡੀਆ ਦੀ ਹਾਜ਼ਰੀ ਵਿਚ 'ਚਾਵਲਾ ਰੈਸਟੋਰੈਂਟ ਮੈਨੁਕਾਓ' ਵਿਖੇ ਰਿਲੀਜ਼ ਕੀਤਾ। ਵਿਸਾਖੀ ਮੇਲੇ ਦਾ ਆਗਾਜ਼ 16 ਅਪ੍ਰੈਲ ਨੂੰ ਸ਼ਾਮ 7 ਵਜੇ ਕੀਤਾ ਜਾਵੇਗਾ ਜਿਸ ਦੇ ਵਿਚ ਪਹਿਲਾਂ ਸਥਾਨਿਕ ਕਲਾਕਾਰ ਗੀਤਾਂ, ਭੰਗੜੇ ਅਤੇ ਗਿੱਧੇ ਦੇ ਨਾਲ ਸਟੇਜ ਦੀ ਸ਼ੁਰੂਆਤ ਕਰਨਗੇ ਤੇ ਫਿਰ ਲਗਾਤਾਰ ਗਿਲ ਹਰਦੀਪ। ਮੇਲੇ ਵਿਚ ਸ਼ਿਰਕਤ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਐਂਟਰੀ ਫੀਸ ਨਹੀਂ ਹੈ ਅਤੇ ਨਾ ਹੀ ਕਾਰ ਪਾਰਕਿੰਗ ਵਾਸਤੇ ਕੋਈ ਪਰਚੀ ਰੱਖੀ ਗਈ ਹੈ। ਉਂਝ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਉਹ ਹਾਲ ਦੇ ਵਿਚ ਕਿਤੇ ਵੀ ਬੈਠ ਸਕਦੇ ਹਨ ਪਰ ਬਜ਼ੁਰਗਾਂ ਅਤੇ ਮਹਿਲਾਵਾਂ ਦੇ ਲਈ ਕੁਝ ਸੀਟਾਂ ਰਾਖਵੀਆਂ ਵੀ ਰੱਖੀਆਂ ਜਾਣਗੀਆਂ। ਸੀਟਾਂ ਦੀ ਵੰਡ ਪਹਿਲਾਂ ਆਓ -ਹਿਲਾਂ ਪਾਓ ਦੇ ਅਧਾਰ ਉਤੇ ਕੀਤੀ ਜਾਵੇਗੀ। ਖਾਣ-ਪੀਣ ਦੀਆਂ ਵਸਤਾਂ ਵਾਸਤੇ ਸਟਾਲ ਆਦਿ ਵੀ ਲਗਾਏ ਜਾਣਗੇ। ਇਸ ਵਿਸਾਖੀ ਮੇਲੇ ਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਮਾਣਯੋਗ ਸਪਾਂਸਰਜ਼ ਵੀਰਾਂ ਅਤੇ ਅਦਾਰਿਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਕਲੱਬ ਵੱਲੋਂ ਨਿਊਜ਼ੀਲੈਂਡ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਵਿਸਾਖੀ ਮੇਲੇ ਦੇ ਵਿਚ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਸ. ਅਮਰੀਕ ਸਿੰਘ ਅਤੇ ਸ. ਮਨਜੀਤ ਸਿੰਘ ਬਿੱਲਾਂ ਹੋਰਾਂ ਕਲੱਬ ਮੈਂਬਰਾਂ ਜਿਨ੍ਹਾਂ ਵਿਚ ਬਲਕਾਰ ਸਿੰਘ, ਸ. ਸੰਤੋਖ ਸਿੰਘ ਵਿਰਕ, ਹਰਪ੍ਰੀਤ ਸਿੰਘ ਭੁੱਲਰ, ਅਮਨਪ੍ਰੀਤ ਸਿੰਘ, ਜਗਦੀਪ ਸਿੰਘ ਰਾਏ, ਭਗਵੰਤ ਸਿੰਘ ਮਾਹਿਲ, ਰਵਿੰਦਰ ਸਿੰਘ ਢਿੱਲੋਂ, ਸੋਹਨ ਸਿੰਘ, ਜਸਵਿੰਦਰ ਸਿੰਘ ਮਿੰਟੂ, ਕੰਵਲਜੀਤ ਸਿੰਘ ਰਾਣੇਵਾਲ, ਰਾਜ ਵਰਿੰਦਰ ਸਿੰਘ, ਸ਼ੁੱਭਜਿੰਦਰ ਸਿੰਘ, ਜਗਦੀਪ ਸਿੰਘ ਵੜੈਚ, ਮਨਜਿੰਦਰ ਸਿੰਘ ਲਾਲੀ ਅਤੇ ਤੇਜਪਾਲ ਸਿੰਘ ਦੀ ਤਰਫ ਤੋਂ ਪੋਸਟਰ ਜਾਰੀ ਕਰਨ ਸਮੇਂ ਪਹੁੰਚੇ ਮੀਡੀਆ ਕਰਮੀਆਂ ਜਿਨ੍ਹਾਂ ਵਿਚ ਜੁਗਰਾਜ ਮਾਨ, ਸ. ਪਰਮਿੰਦਰ ਸਿੰਘ, ਬਿਕਰਮਜੀਤ ਸਿੰਘ ਮਟਰਾਂ, ਨਰਿੰਦਰ ਸਿੰਗਲਾ ਅਤੇ ਸ. ਅਮਰਜੀਤ ਸਿੰਘ ਦਾ ਧੰਨਵਾਦ ਕੀਤਾ।
