ਹਾਂਗਕਾਂਗ-5 ਫਰਵਰੀ-ਜੰਗ ਬਹਾਦਰ ਸਿੰਘ- ਵਿਸ਼ਵ ਪ੍ਰਸਿੱਧੀ ਪ੍ਰਾਪਤ 100 ਸਾਲਾ ਮੈਰਾਥਨ ਦੌੜਾਕ ਸ੍ਰ ਫੌਜਾ ਸਿੰਘ ਨੂੰ ਅੱਜ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ "ਖਾਲਸਾ ਦੀਵਾਨ" ਵਿਖੇ "ਮਿਸਾਲ ਏ ਕੌਮ" ਦੇ ਅਵਾਰਡ ਨਾਲ "ਪੰਜਾਬ ਯੂਥ ਕਲੱਬ" ਵਲੋਂ ਸਨਮਾਨਿਤ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ "ਪੰਜਾਬ ਯੂਥ ਕਲੱਬ" ਦੇ ਜਰਨਲ ਸਕੱਤਰ ਅਮਰਜੀਤ ਸਿੰਘ ਗਰੇਵਾਲ ਵਲੋਂ ਦੱਸਿਆ ਗਿਆ ਕਿ ਸ੍ਰ ਫੌਜਾ ਸਿੰਘ ਧਾਰਮਿਕ ਬਿਰਤੀ ਵਾਲੇ ਸਾਬਤ ਸੂਰਤ ਸਿੱਖ ਹਨ ਅਤੇ ਉਹਨਾਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਕਾਰਨ ਅੱਜ ਸਿੱਖ ਕੌਮ ਦਾ ਨਾਮ ਪੂਰੀ ਦੁਨੀਆ ਵਿਚ ਰੋਸ਼ਨ ਹੋਇਆ ਹੈ । ਸ੍ਰ ਫੌਜਾ ਸਿੰਘ ਕੌਮ ਦੀਆਂ ਆਉਣ ਵਾਲਆਂ ਪੀੜੀਆਂ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਬਣੇ ਰਹਿਣਗੇ ਇਸੇ ਕਾਰਨ "ਪੰਜਾਬ ਯੂਥ ਕਲੱਬ" ਅਤੇ ਹਾਂਗਕਾਂਗ ਵਿੱਚ ਵੱਸ ਰਹੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਗੁਰਦੁਆਰਾ ਸਾਹਿਬ "ਖਾਲਸਾ ਦੀਵਾਨ" ਦੀ ਅਗਵਾਈ ਵਿੱਚ ਉਹਨਾ ਨੂੰ "ਮਿਸਾਲ ਏ ਕੌਮ" ਦੇ ਲਕਬ ਨਾਲ ਸਨਮਾਨਿਆ ਜਾਵੇਗਾ । ਉਹਨਾ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੋਕੇ ਵੱਧ ਤੋਂ ਵੱਧ ਸੰਖਿਆ ਵਿੱਚ ਇਕਤਰ ਹੋ ਕੇ ਇਸ ਕੌਮੀ ਨਾਇਕ ਦੀ ਹੋਂਸਲਾ ਅਫਜ਼ਾਈ ਕਰਨ ।
ਸਿੱਖ ਪੰਥ ਤੋਂ ਆਕੀ ਸੰਪਰਦਾਵਾਂ ਨੂੰ ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਕਬੂਲਣ ਦਾ ਸੱਦਾ-ਸਿੰਘ ਸਾਹਿਬਾਨ
ਥਾਈਲੈਂਡ 3 ਜਨਵਰੀ (ਰੁਪਿੰਦਰ ਸਿੰਘ ਸ਼ਾਮਪੁਰਾ) 
ਵਿਦੇਸ਼ ਦੀ ਧਰਤੀ ਥਾਈਲੈਡ (ਬੈਂਕਾਕ) ਵਿਖੇ ਪਿਛਲੇ ਲੰਬੇ ਸਮੇਂ 1947 ਤੋਂ ਵੀ ਪਹਿਲਾਂ ਆਣ ਵੱਸੀਆਂ ਸਿੱਖ ਸੰਗਤਾਂ, ਜੋ ਵਧੇਰੇ ਨੀਲਧਾਰੀ ਸੰਪਰਦਾਇ ਨਾਲ ਸੰਬਧਿਤ ਹਨ, ਬਾਣੀ ’ਚ ਤਾਂ ਪਰਪੱਕ ਸਨ, ਪਰ ਅੰਮ੍ਰਿਤ ਦੀ ਦਾਤ ਤੋਂ ਸੱਖਣੇ ਸਨ ਨੇ ਬੀਤੇ ਦਿਨ ਬੈਂਕਾਕ ਦੀ ਧਰਤੀ “ਮਹਾਰਾਜਾ ਗਾਰਡਨ ਸਿਟੀ” ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਅਤੇ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ (ਹੈਡ ਗ੍ਰੰਥੀ) ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਤੇ ਬਾਬਾ ਹਰਜੀਤ ਸਿੰਘ ਮਹਿਤਾ ਚੌਕ (ਯੂ.ਕੇ.) ਦੇ ਅਣਥੱਕ ਯਤਨਾਂ ਅਤੇ ਪ੍ਰੇਰਣਾ ਸਦਕਾ ਸੰਤ ਸਤਨਾਮ ਸਿੰਘ (ਮੁਖੀ) ਪਿਪਲੀ ਸਾਹਿਬ (ਕੁਰੁਕਸ਼ੇਤਰ), ਸਮੇਤ ਕਰਮ ਸਿੰਘ ਬਜਾਜ ਨੇ ਪਰਿਵਾਰਾਂ ਸਮੇਤ ਦੁਬਾਰਾ ਅਤੇ ਦੁਬਈ, ਸਿੰਘਾਪੁਰ, ਮਲੇਸ਼ੀਆ,ਅਮਰੀਕਾ, ਇੰਗਲੈਂਡ ਆਦਿ ਤੋਂ 525 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲੈ ਕੇ ਸਿੱਖ ਪੰਥ ’ਚ ਸ਼ਾਮਿਲ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਕਬੂਲੀ। ਅੰਮ੍ਰਿਤ ਸੰਚਾਰ ਉਪਰੰਤ ਸੰਤ ਸਤਨਾਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ, ਮਹਾਰਾਜਾ ਗਾਰਡਨ ਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੁ ਗ੍ਰਂੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਮਹਾਨ ਕਥਾ ਕੀਰਤਨ ਦਰਬਾਰ ਸਜਾਏ ਗਏ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਜੋ ਇਨ੍ਹਾਂ ਸਮਾਗਮਾਂ ਅਤੇ ਨੀਲਧਾਰੀ ਸੰਪ੍ਰਦਾਇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਇਕੱਤਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਦਿਆ ਕਿਹਾ ਕਿ ਨੀਲਧਾਰੀ ਸੰਪ੍ਰਦਾਇ ਦਾ ਅੰਮ੍ਰਿਤ ਦੀ ਦਾਤ ਲੈ ਕੇ ਸਿੱਖ ਪੰਥ ’ਚ ਅੱਜ ਜਨਮ ਹੋਇਆ ਹੈ ਅਤੇ ਸਾਰੇ ਅੰਮ੍ਰਿਤ ਅਭਿਲਾਖੀ ਵਧਾਈ ਦੇ ਪਾਤਰ ਹਨ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਹਿਬ ਨੇ ਕਿਹਾ ਕਿ ਨੀਲਧਾਰੀ ਸੰਪ੍ਰਦਾਇ ਪਹਿਲਾਂ ਬਾਣੀ ’ਚ ਤਾਂ ਪ੍ਰਪੱਕ ਸੀ ਪਰ ਅੱਜ ਬਾਣਾ ਧਾਰਨ ਕਰਕੇ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ ਤੇ ਖਰੇ ਉਤਰੇ ਹਨ।
ਇਸ ਮੌਕੇ ਗਿਆਨੀ ਪ੍ਰਤਾਪ ਸਿੰਘ, ਹੈਡ ਗ੍ਰੰਥੀ ਸ੍ਰੀ ਹਜੂਰ ਸਾਹਿਬ (ਨਾਂਦੇੜ) ਅਤੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਹੈਡਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੇ ਬੋਲਦਿਆਂ ਕਿਹਾ ਕਿ “ਸਿੱਖੀ ਜੋੜਣ ਦਾ ਨਾਮ ਹੈ ਨਾ ਕਿ ਤੋੜਣ ਦਾ” ਉਹਨਾਂ ਕਿਹਾ ਕਿ ਕੁਝ ਸਮੇਂ ਤੋਂ ਸਿੱਖ ਪੰਥ ਦੀਆਂ ਦੋਖੀ, ਕੁਝ ਅਖੌਤੀ ਏਜੰਸੀਆ ਨੇ ਸਿੱਖ ਸੰਪਰਦਾਵਾ ਨੂੰ ਗੁੰਮਰਾਹ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਤੋੜਣ ਦਾ ਯਤਨ ਕੀਤਾ ਹੈ, ਤਾਂ ਕਿ ਇਹ ਸਾਰੀਆਂ ਸੰਪ੍ਰਦਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਨਾਂ ਹੋ ਸਕਣ, ਜਿਸ ਵਿੱਚ ਉਹ ਸਫਲ ਵੀ ਹੋਏ ਹਨ ਪਰ ਹੁਣ ਦੁਬਾਰਾਂ ਸਾਰੇ ਸਿੰਘ ਸਾਹਿਬਾਨਾਂ, ਤਖ਼ਤ ਸਾਹਿਬਾਂ ਵੱਲੋਂ ਸਮੂਹ ਸੰਪਰਦਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਹਨ, ਜਿਸ ਵਿੱਚੋਂ ਇਹ ਪਹਿਲੀ ਵੱਡੀ ਸਫਲਤਾ ਹੈ ਅਤੇ ਇਹ ਕੋਸ਼ਿਸ਼ਾ ਨਿਰੰਤਰ ਜਾਰੀ ਰਹਿਣਗੀਆ।ਇਸ ਮੌਕੇ ਗਿਆਨੀ ਪ੍ਰਤਾਪ ਸਿੰਘ ਜੀ ਨੇ ਸਮੂਹ ਸਿੰਘ ਸਾਹਿਬਾਨਾਂ ਨੂੰ ਨਾਲ ਲੈ ਕੇ ਸੰਤ ਸਤਨਾਮ ਸਿੰਘ ਜੀ ਪਿਪਲੀ ਸਾਹਿਬ ਵਾਲਿਆਂ ਨੂੰ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਪੂਰਨ ਮਰਿਆਦਾ ਅਨੁਸਾਰ ਚੌਲਾ ਸਾਹਿਬ, ਸਿਰੋਪਾਓ, ਸ੍ਰੀ ਸਾਹਿਬ, ਦੁਮਾਲਾ, ਕਮਰਕੱਸਾ ਅਤੇ ਤੀਰ ਭੇਂਟ ਕਰ ਕੇ ਸਨਮਾਨਿਆ।ਇਸ ਮੌਕੇ ਸੰਤ ਕਰਮ ਸਿੰਘ ਬਜਾਜ, ਸੰਤ ਨਿਰਮਲ ਸਿੰਘ ਖਾਲਸਾ, ਬੀਬੀ ਗੁਰਨਾਮ ਕੌਰ, ਬਾਬਾ ਹਰਜਤਿ ਸਿੰਘ (ਯੂ.ਕੇ), ਮਹੰਤ ਕਰਮ ਸਿੰਘ ਯਮੁਨਾ ਨਗਰ, ਸੰਤ ਜੋਗਾ ਸਿੰਘ ਕਰਨਾਲ, ਰੁਪਿੰਦਰ ਸਿੰਘ ਸ਼ਾਮਪੁਰਾ, ਸਰਬਜੀਤ ਸਿੰਘ ਭੌਗਲ, ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ, ਤਜਿੰਦਰ ਸਿੰਘ ਟਿੱਮਾਂ ਗੰਗਾ ਨਗਰ, ਭਾਈ ਹਰਜੀਤ ਸਿੰਘ ਜੀ ਸ਼ਾਹਬਾਦ ਮਾਰਕੰਡਾ, ਸ. ਜਗਜੀਤ ਸਿੰਘ ਦਰਦੀ, ਸ. ਹਰਦੀਪ ਸਿੰਘ ਦਰਦੀ, ਸ.ਭੁਪਿੰਦਰ ਸਿੰਘ ਸਾਧੂ (ਦਿੱਲੀ), ਦਵਿੰਦਰ ਸਿੰਘ ਕੜ੍ਹਮਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਹਾਜਰ ਸਨ।ਇਸ ਮੋਕੇ ਪੰਜਾਬ ਤੋਂ ਪੰਹੁਚੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਹਰਿ ਜਸ ਕੀਰਤਨ ਸ੍ਰਵਣ ਕਰਵਾ ਕਿ ਨਿਹਾਲ ਕੀਤਾ।

ਭਾਰਤ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਹੋਰ ਰਾਜਾਂ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਮੌਕੇ ਆਦਰਸ਼ ਚੋਣ ਜ਼ਾਬਤੇ ਦੀ ਪਾਲਨਾ ਹਿਤ ਜੋ ਸਖ਼ਤੀ ਦਿਖਾਈ ਹੈ ਉਸ ਨਾਲ਼ ਭਾਰਤੀ ਲੋਕਤੰਤਤਰ ਦੀ ਇੱਜ਼ਤ ਅਫ਼ਜ਼ਾਈ ਵਿਚ ਹੋਰ ਇਜ਼ਾਫ਼ਾ ਹੋਇਆ ਹੈ। ਭਾਰਤ ਚੋਣ ਕਮਿਸ਼ਨ ਦੀਆਂ ਚੋਣ ਜ਼ਾਬਤੇ ਦੇ ਸੰਦਰਭ ਵਿਚ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਕਰੋੜਾਂ ਰੁਪਏ ਦੀ ਗ਼ੈਰਕਾਨੂੰਨੀ ਕਰੰਸੀ ਹੋਰ ਨਸ਼ੀਲੀਆਂ ਵਸਤਾਂ ਬਰਾਮਦ ਕਰ ਲੈਣਾ ਚੋਣ ਕਮਿਸ਼ਨ ਦੀ ਇਮਾਨਦਾਰ ਕਾਰਗ਼ੁਜ਼ਾਰੀ ਦੀ ਪੁਖ਼ਤਾ ਮਿਸਾਲ ਹੈ। ਜੇਕਰ ਆਉਣ ਵਾਲ਼ੀਆਂ ਹੋਰ ਚੋਣਾਂ ਦੌਰਾਨ ਇੰਜ ਹੀ ਹੋਰ ਸਖ਼ਤੀ ਨਾਲ਼ ਹਦਾਇਤਾਂ ਦੀ ਪਾਲਨਾ ਯਕੀਨੀ ਬਣਾਈ ਜਾਵੇਗੀ ਤਾਂ ਉਹ ਦਿਨ ਦੂਰ ਨਹੀਂ ਕਿ ਭਾਰਤੀ ਚੋਣ ਕਮਿਸ਼ਨ ਅਤੇ ਭਾਰਤੀ ਲੋਕਤੰਤਰ ਦਾ ਕੱਦ ਹੋਰ ਉਚਾ ਹੋਵੇਗਾ। ਇੰਨ•ਾਂ ਭਾਵਪੂਰਤ ਸ਼ਬਦਾਂ ਦਾ ਪ੍ਰਗਟਾਵਾ ਹਾਂਗਕਾਂਗ ਵਿਖੇ ਵਸਦੇ ਪੰਜਾਬੀ ਨਿਊਜ਼ ਆਨਲਾਈਨ ਦੇ ਹਾਂਗਕਾਂਗ ਸਥਿਤ ਇੰਚਾਰਜ ਅਮਰਜੀਤ ਸਿੰਘ ਗਰੇਵਾਲ ਵੱਲੋਂ ਪੰਜਾਬ ਦੀ ਫ਼ੇਰੀ ਦੌਰਾਨ ਚੋਣਾਵੀ ਹਾਲਾਤ ਨੂੰ ਦੇਖਦਿਆਂ ਹੋਇਆ ਕੀਤਾ ਗਿਆ। ਆਪਣੀ ਬਠਿੰਡਾ, ਕੋਟਕਪੂਰਾ ਅਤੇ ਫ਼ਰੀਦਕੋਟ ਫ਼ੇਰੀ ਦੌਰਾਨ ਉਹ ਪੰਜਾਬੀ ਨਿਊਜ਼ ਆਨ ਲਾਈਨ ਦੇ ਚੀਫ਼ ਐਡੀਟਰ ਸੁਖਨੈਬ ਸਿੰਘ ਸਿੱਧੂ, ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ, ਪ੍ਰੋਫ਼ੈਸਰ ਕੰਵਲਦੀਪ ਸਿੰਘ, ਪ੍ਰਿੰਸੀਪਲ ਰਵਿੰਦਰਪਾਲ ਸਿੰਘ ਰੈਣੀ ਅਤੇ ਐਨ. ਆਰ. ਆਈ. ਤੇ ਦੁਬਈ ਵਿਚ ਉਘੇ ਕਾਰੋਬਾਰੀ ਜਸਬੀਰ ਸਿੰਘ ਖੀਵਾ ਨੂੰ ਮਿਲੇ ਅਤੇ ਮਾਲਵੇ ਦੇ ਚੋਣਾਵੀ ਹਾਲਾਤ ਦਾ ਜਾਇਜ਼ਾ ਲਿਆ। ਐਨ. ਆਰ. ਆਈ. ਜਸਬੀਰ ਸਿੰਘ ਖੀਵਾ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਭਾਵੇਂ ਖੁੱਲ ਕੇ ਕਿਸੇ ਉਮੀਦਵਾਰ ਦੀ ਪੁਜ਼ੀਸ਼ਨ ਬਾਰੇ ਨਹੀਂ ਕਿਹਾ ਜਾ ਸਕਦਾ ਪਰ ਸ਼ਹਿਰੀ ਵਾਰਡਾਂ ਅਤੇ ਪਿੰਡਾਂ ਵਿਚ ਹੋ ਰਹੀਆਂ ਨੁੱਕੜ ਮੀਟਿੰਗਾਂ ਵਿਚ ਸ਼ਾਮਲ ਹੋ ਰਹੇ ਲੋਕਾਂ ਦੀ ਤਾਦਾਦ ਅਤੇ ਉਨਾਂ ਦੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿੱਤ ਉਨਾਂ ਉਮੀਦਵਾਰਾਂ ਦੇ ਨਸੀਬ ਵਿਚ ਹੀ ਹੈ ਜਿਨਾਂ ਨੇ ਪਿਛਲੇ ਸਾਲਾਂ ਦੌਰਾਨ ਆਪਣੀ ਬਿਹਤਰ ਕਾਰਗ਼ੁਜ਼ਾਰੀ ਸਦਕਾ ਲੋਕਾਂ ਦਾ ਮਨ ਮੋਹਿਆ ਹੈ। ਕਿਉਂਕਿ ਅਜੋਕਾ ਵੋਟਰ ਬਹੁਤ ਹੱਦ ਤੱਕ ਸਿਆਣਾ ਹੋ ਚੁੱਕਾ ਹੈ, ਉਹ ਆਪਣੇ ਮਨ ਦੀ ਗੱਲ ਜੱਗ ਜ਼ਾਹਰ ਕਰਨ ਤੋਂ ਗੁਰੇਜ਼ ਕਰਨ ਲੱਗਾ ਹੈ। ਲੋਕਾਂ ਦੇ ਇਸ ਰੁਝਾਨ ਨੂੰ ਉਨਾਂ ਹਾਂ ਪੱਖੀ ਨਜ਼ਰੀਏ ਤੋਂ ਲੈਂਦਿਆਂ ਕਿਹਾ ਕਿ ਵੋਟਰ ਨੂੰ ਅਜੋਕੇ ਹਾਲਾਤ ਦੇ ਮੱਦੇਨਜ਼ਰ ਏਨਾ ਕੁ ਪੋਲੀਟੀਕਲ ਹੋਣ ਦੀ ਲੋੜ ਵੀ ਹੈ ਤਾਂ ਕਿ ਉਮੀਦਵਾਰ ਕਿਸੇ ਤਰਾਂ ਵੀ ਉਨਾਂ ਨੂੰ ਗੁੰਮਰਾਹ ਕਰਨ ਲੱਗਿਆਂ ਕੁਝ ਨਾ ਕੁਝ ਸੋਚੇ ਕਿ ਅਜੋਕਾ ਵੋਟਰ ਹੁਣ ਲਾਈਲੱਗ ਜਾਂ ਮੌਸਮੀ ਮੋਹ ਦਾ ਸ਼ਿਕਾਰ ਹੋਣ ਵਾਲ਼ਾ ਨਹੀਂ ਰਿਹਾ। ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਜਿੱਥੇ ਪੰਜਾਬ ਦੇ ਲੋਕ ਸ਼ੋਰ ਪ੍ਰਦੂਸ਼ਨ ਤੋਂ ਬਚੇ ਰਹੇ ਹਨ ਉਥੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਵੀ ਬੇਲੋੜੀ ਇਸ਼ਤਿਹਾਰਬਾਜ਼ੀ ਕਾਰਨ ਭੱਦੀਆਂ ਹੋਣ ਤੋਂ ਬਚ ਗਈਆਂ ਹਨ ਅਤੇ ਆਮ ਲੋਕ ਚੋਣ ਕਮਿਸ਼ਨ ਦੀ ਇਸ ਸਖ਼ਤ ਪਰ ਲੋਕ ਪੱਖੀ ਕਾਰਗ਼ੁਜ਼ਾਰੀ ਤੋਂ ਅੰਤਾਂ ਦੇ ਖੁਸ਼ ਹਨ।
ਸਰੀ: ਬੀ.ਸੀ.-
ਗੁਰੁ ਨਾਨਕ ਸਿੱਖ ਗੁਰਦੁਆਰਾ ਸਾਹਿਬ ਵੱਲੋਂ ਬੱਚਿਆਂ ਤੇ ਮਾਪਿਆਂ ਦੇ ਮਨੋਰੰਜਨ ਲਈ ਪਹਿਲੀ ਵਾਰ ਬੀ.ਸੀ. ਦੀਆਂ ਉੱਚੀਆਂ ਪਹਾੜੀਆਂ ਵਿੱਚੋਂ ਇੱਕ ‘ਸਾਈਪਰਸ ਮਾਊਂਨਟੇਨ’ ਲਈ ਪਹਿਲੇ ਰੋਮਾਂਚਕ ਯੂਥ ਫੈਮਲੀ ਸਕੀ ਟਰਿੱਪ ਦਾ ਆਯੋਜਨ 14 ਜਨਵਰੀ 2012 ਨੂੰ ਕੀਤਾ ਗਿਆ।ਜਿਸ ਵਿੱਚ 6 ਤੋਂ 40 ਸਾਲ ਦੇ 80 ਦੇ ਕਰੀਬ ਬੱਚਿਆਂ ਅਤੇ ਮਾਪਿਆਂ ਨੇ ਹਿੱਸਾ ਲਿਆ।
ਇਸ ਟਰਿੱਪ ਵਿੱਚ ਬੱਚੇ ਸਵੇਰੇ ਗੁਰਦੁਆਰਾ ਸਾਹਿਬ ਦੀ ਬੱਸ ਵਿੱਚ ਰਵਾਨਾ ਹੋਏ ਤੇ ਪੂਰਾ ਦਿਨ ਉਹਨਾਂ ਨੇ ਇਸ ਸਕੀ ਟਰਿੱਪ ਦਾ ਭਰਪੂਰ ਆਨੰਦ ਮਾਣਿਆਂ। ਜਿਸ ਦੀ ਸ਼ੁਰੂਆਤ ਬਰਫ ਨਾਲ ਲੱਦੇ ਪਹਾੜਾਂ ਦੀ ਚੋਟੀ ਤੇ ਬੱਚਿਆਂ ਨੂੰ ਸਕੀ ਦੀ ਸਿਖਲਾਈ ਨਾਲ ਹੋਈ।ਉਸ ਤੋਂ ਬਾਅਦ ਬੱਚਿਆਂ ਨੂੰ ਗਰਮ-ਗਰਮ ਹੌਟ ਚੌਕਲੇਟ ਅਤੇ ਸੈਂਡਵਿਚ ਦਾ ਲੰਚ ਕਰਵਾਇਆ ਗਿਆ
ਫਿਰ ਸਕੀ ਦੇ ਦੂਜੇ ਦੌਰ ਵਿੱਚ ਵੱਖ-ਵੱਖ ਉਮਰ ਦੇ ਬੱਚਿਆਂ ਨੇ ਔਖੀਆਂ ਤੇ ਸੌਖੀਆਂ ਪਹਾੜੀਆਂ ਉੱਪਰ ਆਪਣੇ-ਆਪਣੇ ਲੈਵਲ ਅਨੁਸਾਰ ਸਕੀ ਕੀਤੀ।ਸਾਈਪਰਸ ਮਾਊਂਟੇਨ ਤੇ ਹਰ ਪਾਸੇ ਸਿੱਖੀ ਸਰੂਪ ਵਾਲੇ ਬੱਚੇ ਹੀ ਦਿਸ ਰਹੇ ਸਨ। ਜਿਸ ਨੂੰ ਬੱਚਿਆਂ ਨੇ ਵੀ ਪਸੰਦ ਕੀਤਾ ਅਤੇ ਉਨ੍ਹਾਂ ਕਿਹਾ ਕਿ “ਸਾਨੂੰ ਸਾਰੇ ਪਾਸੇ ਸੰਗਤ ਦੇ ਬੱਚੇ ਅਤੇ ਆਪਣੇ ਪਰਿਵਾਰ ਹੀ ਨਜ਼ਰ ਆ ਰਹੇ ਹਨ।ਜਿਸ ਨਾਲ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।ਅਤੇ ਇਸ ਨਾਲ ਅਸੀਂ ਬਹੁਤ ਹੀ ਤਰੋ-ਤਾਜ਼ਾ ਮਹਿਸੂਸ ਕਰ ਰਹੇ ਹਾਂ ਅਸੀਂ ਗੁਰਦੁਆਰਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਲਿਆਉਣ ਦਾ ਪ੍ਰਬੰਧ ਕੀਤਾ।
ਇਸ ਯਾਦਗਾਰੀ ਟੂਰ ਦੇ ਅਖੀਰ ਵਿਚ ਵਾਪਸੀ ਸਮੇਂ ਸੰਗਤਾਂ ਨੇ ਰਹਿਰਾਸ ਸਾਹਿਬ ਅਤੇ ਸਿਮਰਨ ਕੀਤਾ।ਹੁਣ 3 ਫਰਵਰੀ ਨੂੰ ਗੁਰਦੁਆਰਾ ਸਾਹਿਬ ਵਲੋਂ ਰੌਜ਼ਰਜ਼ ਅਰੀਨਾਂ ਵਿਖੇ ਹੀਰੋਜ਼ ਹਾਕੀ ਚੈਲੰਜ਼ ਗੇਮ ਤੇ ਜਾਣ ਦਾ ਪ੍ਰੋਗ੍ਰਾਮ ਬਣਾਇਆ ਗਿਆ ਹੈ, ਇਹ ਗੇਮ ਕਨੇਡੀਅਨ ਸੈਨਿਕਾਂ ਅਤੇ NHL ਹਾਕੀ ਟੀਮ ਦੇ ਖਿਡਾਰੀਆਂ ਵਿਚ ਹੋਵੇਗੀ ਜਿਸ ਤੋਂ ਇਕਠੇ ਹੋਣ ਵਾਲੇ ਪੇਸੈ ਕਨੇਡੀਅਨ ਸੈਨਿਕਾਂ ਨੂੰ ਭੇਜੇ ਜਾਣਗੇ।
ਗੁਰਦੁਆਰਾ ਸਾਹਿਬ ਵਲੋਂ ਸਮੇਂ-ਸਮੇਂ ਤੇ ਅਜਿਹੇ ਪਰਿਵਾਰਕ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ ਜਿਸ ਦੀ ਜਿਆਦਾ ਜਾਣਕਾਰੀ ਹਰ ਐਤਵਾਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਕੀਤੇ ਜਾਂਦੇ ਫੈਮਲੀ ਯੂਥ ਦਰਬਾਰ ਵਿਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਵਧੇਰੇ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ www.gnsg.ca ਤੋਂ ਲਈ ਜਾ ਸਕਦੀ ਹੈ।
-ਡਾ. ਪਰਮਿੰਦਰ ਸਿੰਘ ਤੱਗੜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਿਤ ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ਼ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਅਧਿਐਨ ਤੇ ਨਵੇਂ ਸਰੋਕਾਰ : ਸਬਾਲਟਰਨ ਅਤੇ ਡਾਇਸਪੋਰਾ ਦੇ ਹਵਾਲੇ ਨਾਲ’ ਅਤੇ ‘ਪੰਜਾਬੀ ਨਾਰੀ ਸਾਹਿਤ’ ਮੁੱਖ ਵਿਸ਼ਿਆਂ ਨੂੰ ਲੈ ਕੇ ਪੰਜ ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਕਰਵਾਇਆ ਗਿਆ। ਜਿਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਭਾਸ਼ਾ ਦੇ ਮੁੱਦਈ ਡਾ. ਜਸਪਾਲ ਸਿੰਘ, ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪ੍ਰਸਿਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿਧ ਆਲੋਚਕ ਡਾ. ਜਗਬੀਰ ਸਿੰਘ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਦਿੱਲੀ ਯੂਨੀਵਰਸਿਟੀ ਸ਼ਾਮਲ ਸਨ। ਸੈਮੀਨਾਰ ਦੀ ਸ਼ੁਰੂਆਤ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰਪਾਲ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸੈਮੀਨਾਰ ਦੇ ਮਕਸਦ ਅਤੇ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪੰਜਾਬੀ ਭਾਸ਼ਾ ਨੂੰ ਨਵੀਆਂ ਤਕਨੀਕਾਂ ਅਤੇ ਇੰਟਰਨੈਟ ਮਾਧਿਅਮ ਰਾਹੀਂ ਹੋਰ ਪ੍ਰਚਾਰਨ ਅਤੇ ਪ੍ਰਸਾਰਨ ਦਾ ਸੱਦਾ ਦਿੱਤਾ। ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਸਤਿੰਦਰ ਸਿੰਘ ਨੇ ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਬਿਆਨ ਕੀਤੀ। 
ਕੁੰਜੀਵਤ ਪਰਚਾ ਪੇਸ਼ ਕਰਦਿਆਂ ਡਾ. ਅਮਰਜੀਤ ਗਰੇਵਾਲ ਨੇ ਸਬਾਲਟਰਨ ਦੇ ਸਿਧਾਂਤਕ ਪਰਿਪੇਖ ਵਿਚ ਚਰਚਾ ਕੀਤੀ। ਡਾ. ਜਗਬੀਰ ਸਿੰਘ ਨੇ ਸਬਾਲਟਰਨ ਤੇ ਡਾਇਸਪੋਰਾ ਸੰਕਲਪਾਂ ਸਬੰਧੀ ਆਪਣੀ ਰਾਏ ਵਿਅਕਤ ਕਰਨ ਦੇ ਨਾਲ਼-ਨਾਲ਼ ਮੱਧਕਾਲੀਨ ਸਾਹਿਤ ਵਿਚ ਪਏ ਗਿਆਨ ਸ਼ਾਸਤਰ ਨੂੰ ਜ਼ੁਬਾਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਇਤਿਹਾਸ ਬਾਰੇ ਹਵਾਲਾ ਪੇਸ਼ ਕਰਦਿਆਂ ਕਿਹਾ ਕਿ ਇਤਿਹਾਸ ਵੀ ਸਬਾਲਟਰਨ ਹੁੰਦਾ ਹੈ। ਮੌਕੇ ਦੇ ਤਾਕਤਵਰ ਲੋਕ ਆਪੋ-ਅਪਣੇ ਤਰੀਕੇ ਨਾਲ਼ ਆਪਣੀ ਮਰਜ਼ੀ ਦੇ ਇਤਿਹਾਸ ਨੂੰ ਬਿਆਨ ਕਰਦੀਆਂ ਪੁਸਤਕਾਂ ਤਿਆਰ ਕਰਵਾਉਂਦੇ ਹਨ। ਡਾ. ਸੰਧੂ ਨੇ ਗ਼ਦਰ ਲਹਿਰ, ਆਈ. ਐਨ. ਏ., ਪਗੜੀ ਸੰਭਾਲ ਜੱਟਾ ਲਹਿਰ ਅਤੇ ਕੂਕਾ ਲਹਿਰ ਵਰਗੀਆਂ ਮਹੱਤਵਪੂਰਨ ਆਜ਼ਾਦੀ ਸੰਘਰਸ਼ ਲਹਿਰਾਂ ਦਾ ਜ਼ਿਕਰ ਕਰਦਿਆਂ ਸਾਬਤ ਕੀਤਾ ਕਿ ਇਨਾਂ ਲਹਿਰਾਂ ਦੇ ਇਤਿਹਾਸ ਨੂੰ ਭਾਰਤੀ ਇਤਿਹਾਸ ਵਿਚ ਉਹ ਸਥਾਨ ਨਹੀਂ ਦਿੱਤਾ ਗਿਆ ਜਿਹੜੇ ਦੀਆਂ ਇਹ ਹੱਕਦਾਰ ਸਨ ਜਿਸ ਕਰਕੇ ਇਤਿਹਾਸ ਨੂੰ ਵੀ ਅਕਸਰ ਸਬਾਲਟਰਨ ਸਥਿਤੀ ਹੰਢਾਉਣੀ ਪੈਂਦੀ ਹੈ। ਪ੍ਰਧਾਨਗੀ ਭਾਸ਼ਣ ਵਿਚ ਡਾ. ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰੇ ਦੇ ਮਹੱਤਵ ਦੇ ਸੰਦਰਭ ਵਿਚ ਬੋਲਦਿਆਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਦੀ ਕਾਰਗ਼ੁਜ਼ਾਰੀ ਦਾ ਲੇਖਾ ਜੋਖਾ ਕਰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੋਰ ਵਧੀ ਹੈ ਅਤੇ ਇਸ ’ਤੇ ਖ਼ਰਾ ਉਤਰਨ ਲਈ ਉਨਾਂ ਨੇ ਪੰਜਾਬੀ ਯੂਨੀਵਰਸਿਟੀ ਦੁਆਰਾ ‘ਦ੍ਰਿਸ਼ਟੀ 2020’ ਤਹਿਤ ਨਵੇਂ ਪ੍ਰੋਗਰਾਮ ਸਿਰਜਣ ਦੀ ਗੱਲ ਦੁਹਰਾਈ ਤਾਂ ਕਿ ਕੋਈ ਏਜੰਸੀ ਪੰਜਾਬੀ ਭਾਸ਼ਾ ਦੇ ਪ੍ਰਭਾਵ ਪ੍ਰਤਿ ਨਾਂਹ ਪੱਖੀ ਪੇਸ਼ਨਗੋਈ ਕਰਨ ਦਾ ਹੀਆ ਈ ਨਾ ਕਰ ਸਕੇ।
ਅਗਲੇ ਸੈਸ਼ਨ ਦੀ ਪ੍ਰਧਾਨਗੀ ਲਈ ਮੰਚ ’ਤੇ ਬਿਰਾਜਮਾਨ ਸਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਹਰਸਿਮਰਨ ਸਿੰਘ ਰੰਧਾਵਾ, ਕੋ-ਚੇਅਰਮੈਨ ਡਾ. ਸਤੀਸ਼ ਕੁਮਾਰ ਵਰਮਾ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਅਤੇ ਪਰਚਾ ਵਾਚਕਾਂ ਵਿਚ ਡਾ. ਸੁਰਜੀਤ ਸਿੰਘ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਡਾ. ਜਗਮੋਹਨ ਮਹਿੰਦਰਾ ਕਾਲਜ ਪਟਿਆਲਾ, ਡਾ. ਭੀਮਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਅਤੇ ਡਾ. ਪਰਮਿੰਦਰ ਸਿੰਘ ਤੱਗੜ ਯੂਨੀਵਰਸਿਟੀ ਕਾਲਜ ਜੈਤੋ। ਪਰਚਿਆਂ ਵਿਚ ਸਬਾਲਟਰਨ ਦੇ ਸਿਧਾਂਤਕ ਪੱਖ ’ਤੇ ਚਰਚਾ ਕਰਨ ਦੇ ਨਾਲ਼-ਨਾਲ਼ ਡਾਇਸਪੋਰਾ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਮੁੱਖ ਵਿਸ਼ਿਆਂ ਅਤੇ ਪਰਚਿਆਂ ’ਤੇ ਚਰਚਾ ਕਰਨ ਵਾਲਿਆਂ ਵਿਚ ਡਾ. ਬਲਦੇਵ ਸਿੰਘ ਚੀਮਾ, ਡਾ. ਜੋਗਾ ਸਿੰਘ, ਸ੍ਰੀ ਉਪਲ ਅਤੇ ਬਲਜੀਤ ਕੌਰ ਸ਼ਾਮਲ ਸਨ। ਮੰਚ ਸੰਚਾਲਨ ਕਰ ਰਹੇ ਡਾ. ਸਤੀਸ਼ ਕੁਮਾਰ ਵਰਮਾ ਨੇ ਪੜੇ ਗਏ ਪਰਚਿਆਂ ’ਤੇ ਨਾਲ਼ੋ-ਨਾਲ਼ ਆਲੋਚਨਾਤਮਕ ਟਿੱਪਣੀਆਂ ਵੀ ਪੇਸ਼ ਕੀਤੀਆਂ। ਡਾ. ਰੰਧਾਵਾ ਨੇ ਪ੍ਰਧਾਨਗੀ ਸ਼ਬਦ ਵਿਅਕਤ ਕਰਦਿਆਂ ਜਿਥੇ ਸੈਮੀਨਾਰ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਪਰਚਿਆਂ ਦੇ ਸੰਦਰਭ ਵਿਚ ਕਿਹਾ ਕਿ ਸਬਾਲਟਰਨ ਅਤੇ ਡਾਇਸਪੋਰਾ ਵਰਗੇ ਸੰਸਾਰ ਸਾਹਿਤ ਨਾਲ਼ ਜੁੜੇ ਮਸਲਿਆਂ ਬਾਰੇ ਪੜੇ ਗਏ ਪਰਚਿਆਂ ਰਾਹੀਂ ਉਸਾਰੂ ਬਹਿਸ ਦਾ ਆਗ਼ਾਜ਼ ਹੋਇਆ ਹੈ ਅਤੇ ਇਹ ਬਹਿਸ ਹੋਰ ਅੱਗੇ ਜਾਣੀ ਚਾਹੀਦੀ ਹੈ ਤਾਂ ਕਿ ਹਰ ਸਾਹਿਤ ਖੋਜਾਰਥੀ ਇਨਾਂ ਸੰਕਲਪਾਂ ਦੇ ਸੰਦਰਭ ਵਿਚ ਆਪਣੀ ਸਮਝ ਅਖ਼ਤਿਆਰ ਕਰ ਸਕੇ। ਇੰਜ ਹੀ ਅਗਲੇ ਦੋ ਦਿਨ ਵੀ ਸਬਾਲਟਰਨ ਤੇ ਡਾਇਸਪੋਰਾ ਸੰਕਲਪਾਂ ਨੂੰ ਸਮਰਪਿਤ ਰਹੇ ਅਤੇ ਬਾਕੀ ਦੇ ਦੋ ਦਿਨਾਂ ਦੌਰਾਨ ਨਾਰੀ ਸਾਹਿਤ ਦੇ ਸਿਧਾਂਤਕ ਤੇ ਵਿਹਾਰਕ ਪਰਿਪੇਖ ਵਿਚ ਪਰਚੇ ਪੜੇ ਗਏ ਅਤੇ ਉਸਾਰੂ ਬਹਿਸਾਂ ਹੋਈਆਂ। ਸੈਮੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ ਦੇ ਕਾਲਜਾਂ ਤੋਂ ਆਏ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ।
ਪੰਜਾਬੀ ਲਘੂ ਫ਼ਿਲਮ ‘ਅੱਡਾ-ਖੱਡਾ’ ‘ਦ ਗੇਮ ਆਫ਼ ਲਾਈਫ਼’ ਦਾ ਲੋਕ ਅਰਪਣ ਅਤੇ ਪ੍ਰਦਰਸ਼ਨ :-
ਸੈਮੀਨਾਰ ਦੌਰਾਨ ਇਕ ਪੰਜਾਬੀ ਲਘੂ ਫ਼ਿਲਮ ‘ਅੱਡਾ-ਖੱਡਾ’ ‘ਦ ਗੇਮ ਆਫ਼ ਲਾਈਫ਼’ ਦਾ ਲੋਕ ਅਰਪਣ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਫ਼ਿਲਮ ਦੇ ਨਿਰਮਾਣ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਭਿਆਚਾਰ ਨੂੰ ਸੰਚਾਰਿਤ ਕਰਨ ਦੇ ਮਕਸਦ ਨਾਲ਼ ਇਕ ਨਵੇਂ ਤਜਰਬੇ ਦੇ ਤੌਰ ’ਤੇ ਲਿਆ ਗਿਆ ਸੀ। ਇਸ ਫ਼ਿਲਮ ਦੇ ਨਿਰਮਾਣ-ਨਿਰਦੇਸ਼ਨ ਕਾਰਜਾਂ ਪਿੱਛੇ ਉਘੇ ਫ਼ਿਲਮ ਪਟਕਥਾ ਲੇਖਕ ਅਮਰੀਕ ਗਿੱਲ (‘ਮਾਚਿਸ’ ਫ਼ੇਮ) ਦੀ ਅਹਿਮ ਭੂਮਿਕਾ ਰਹੀ। ਇਸ ਫ਼ਿਲਮ ਦੀ ਖ਼ਾਸੀਅਤ ਇਹ ਸੀ ਕਿ ਇਸ ਵਿਚ ਪੰਜਾਬੀ ਵਿਭਾਗ ਦੇ ਤਿੰਨ ਪ੍ਰਾਧਿਆਪਕਾਂ ਡਾ. ਸਤੀਸ਼ ਕੁਮਾਰ ਵਰਮਾ, ਡਾ. ਚਰਨਜੀਤ ਕੌਰ ਤੇ ਡਾ. ਗੁਰਜੰਟ ਸਿੰਘ ਅਤੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਭੂਮਿਕਾਵਾਂ ਨਿਭਾਈਆਂ। ਕੁੜੀਆਂ ਦੀ ਪੜਾਈ-ਲਿਖਾਈ ਦੇ ਮਹੱਤਵ ਨੂੰ ਬਿਆਨ ਕਰਦੀ ਇਹ ਫ਼ਿਲਮ ਪੜੀਆਂ-ਲਿਖੀਆਂ ਕੁੜੀਆਂ ਦੀਆਂ ਭਾਵਨਾਵਾਂ ਸਮਝਣ ਪ੍ਰਤਿ ਮਾਪਿਆਂ ਨੂੰ ਨਸੀਹਤ ਸੀ। ਇਸ ਫ਼ਿਲਮ ਦਾ ਪਟਕਥਾ ਲੇਖਕ ਅਤੇ ਨਿਰਦੇਸ਼ਕ ਪੰਜਾਬੀ ਵਿਭਾਗ ਦਾ ਹੀ ਜੂਨੀਅਰ ਰਿਸਰਚ ਫ਼ੈਲੋ ਪਰਮਜੀਤ ਕੱਟੂ ਹੈ।
-ਡਾ. ਪਰਮਿੰਦਰ ਸਿੰਘ ਤੱਗੜ
ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਆਈ. ਸੀ. ਐਸ. ਐਸ. ਆਰ ਹਾਲ ਵਿਖੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ ਦੀ ਪੇਸ਼ਕਾਰੀ : ਸਾਹਿਤ, ਇਤਿਹਾਸ ਅਤੇ ਸਮਾਜਕ ਪ੍ਰਵਚਨਾਂ ਦੇ ਪ੍ਰਸੰਗ ਵਿਚ’ ਮੁੱਖ ਥੀਮ ਨੂੰ ਲੈ ਕੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਵਾਨਾਂ ਤੋਂ ਇਲਾਵਾ ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਤੋਂ ਇਲਾਵਾ ਚੰਡੀਗੜ•, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਵਿਭਿੰਨ ਕਾਲਜਾਂ ਤੋਂ ਆਏ ਪ੍ਰਾਧਿਆਪਕਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਮੁੱਦਈ ਡਾ. ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਧਾਨਗੀ ਮੰਡਲ ਵਿਚ ਸ਼ਾਮਲ ਦੂਜੇ ਵਕਤਾਵਾਂ ’ਚ ਉਦਘਾਟਨੀ ਸ਼ਬਦਾਂ ਲਈ ਪ੍ਰੋਫ਼ੈਸਰ ਆਰ. ਸੀ. ਸੋਬਤੀ ਉਪ ਕੁਲਪਤੀ ਪੰਜਾਬ ਯੂਨੀਵਰਸਿਟੀ ਚੰਡੀਗੜ, ਕੁੰਜੀਵਤ ਭਾਸ਼ਣ ਲਈ ਪ੍ਰਸਿਧ ਆਲੋਚਕ ਪ੍ਰੋਫ਼ੈਸਰ (ਡਾ.) ਜਗਬੀਰ ਸਿੰਘ ਸਾਬਕਾ ਚੇਅਰਮੈਨ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ, ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਗੁਰਨੇਕ ਸਿੰਘ ਉਪ ਕੁਲਪਤੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਿਹਗੜ ਸਾਹਿਬ ਅਤੇ ਪੰਜਾਬੀ ਦੀ ਪ੍ਰਸਿੱਧ ਗਲਪਕਾਰਾ ਡਾ. ਦਲੀਪ ਕੌਰ ਟਿਵਾਣਾ ਸੁਸ਼ੋਭਤ ਸਨ। ਆਏ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਹਾਰਦਿਕ ਸਵਾਗਤ ਕਰਦਿਆਂ ਗੁਰੂ ਸਿੱਖ ਅਧਿਐਨ ਵਿਭਾਗ ਦੇ ਚੇਅਰਪਰਸਨ ਡਾ. ਜਸਪਾਲ ਕੌਰ ਕਾਂਗ ਨੇ ਸੈਮੀਨਾਰ ਦੀ ਰੂਪ ਰੇਖਾ ਬਿਆਨ ਕੀਤੀ ਅਤੇ ’ਵਰਸਿਟੀ ਦੇ ਉਪ ਕੁਲਪਤੀ ਡਾ. ਸੋਬਤੀ ਦੁਆਰਾ ਪੰਜਾਬੀ ਭਾਸ਼ਾ ਅਤੇ ਸਿੱਖ ਅਧਿਐਨ ਸਬੰਧੀ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਵਿਭਿੰਨ ਕਾਰਜਾਂ ਵਿਚ ਭਰਪੂਰ ਸਹਿਯੋਗ ਲਈ ਧਨਵਾਦ ਵਿਅਕਤ ਕੀਤਾ। ਡਾ. ਸੋਬਤੀ ਨੇ ਆਪਣੇ ਉਦਘਾਟਨੀ ਸ਼ਬਦ ਬਿਆਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਸਿਖਿਆਵਾਂ ਦਾ ਜ਼ਿਕਰ ਕਰਦਿਆਂ ਮੁੱਖ ਥੀਮ ਬਾਰੇ ਚਰਚਾ ਕੀਤੀ। ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਨੇ ਸੈਮੀਨਾਰ ਦੇ ਮੁੱਖ ਥੀਮ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕਰਦਿਆਂ ਗੁਰੂ ਮਹਿਲਾਂ ਦੇ ਇਤਿਹਾਸਕ ਹਵਾਲਿਆਂ ਸਹਿਤ ਔਰਤ ਦੀ ਮਹਾਨਤਾ ਨੂੰ ਪੇਸ਼ ਕਰਨ ਦੇ ਨਾਲ਼-ਨਾਲ਼ ਨਿਤਾਣਿਆਂ/ਦਮਿਤਾਂ ਦੀ ਹੋਣੀ ਅਤੇ ਚੇਤਨਤਾ ਦੇ ਸੰਦਰਭ ਵਿਚ ਚਰਚਾ ਕੀਤੀ ਅਤੇ ਗੁਰਬਾਣੀ ’ਚੋਂ ਉਦਾਹਰਣਾਂ ਸਹਿਤ ਗੁਰਮਤਿ ਵਿਚਾਰਧਾਰਾ ਦੁਆਰਾ ਸੋਸ਼ਤ ਸਮਾਜ ਨੂੰ ਉਪਰ ਚੁੱਕਣ ਪ੍ਰਤਿ ਅਪਣਾਏ ਰੁਖ਼ ਦਾ ਬਿਉਰਾ, ਇਤਿਹਾਸ ਅਤੇ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਤੁਲਨਾਤਮਕ ਸੁਰ ਵਿਚ ਪੇਸ਼ ਕੀਤਾ। ਡਾ. ਜਗਬੀਰ ਸਿੰਘ ਨੇ ਆਪਣਾ ਕੁੰਜੀਵਤ ਭਾਸ਼ਨ ਦਿੰਦਿਆਂ ਗੁਰੂ ਨਾਨਕ ਦੁਆਰਾ ਦਲਿਤਾਂ ਤੇ ਨਾਰੀ ਦੇ ਹੱਕ ਵਿਚ ਉਠਾਈ ਬੁਲੰਦ ਆਵਾਜ਼ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਗੁਰਬਾਣੀ ’ਚੋਂ ਹਵਾਲਿਆਂ ਸਹਿਤ ਮੁੱਖ ਥੀਮ ਦੀਆਂ ਪਰਤਾਂ ਨੂੰ ਖੋਲਿਆ। ਡਾ. ਗੁਰਨੇਕ ਸਿੰਘ ਨੇ ਸਿੱਖ ਸੰਦਰਭ ਵਿਚ ਜਾਤ ਪਾਤ ਦੇ ਖਾਤਮੇ ਲਈ ਸਿੱਖ ਸਿਧਾਂਤਕ ਮੁੱਲਾਂ ਦਾ ਖ਼ੁਲਾਸਾ ਕੀਤਾ। ਪ੍ਰਸਿੱਧ ਸਾਹਿਤਕਾਰਾ ਡਾ. ਦਲੀਪ ਕੌਰ ਟਿਵਾਣਾ ਨੇ ਨਾਰੀ ਸ਼ਕਤੀ ਦੇ ਸਬੰਧ ਵਿਚ ਇਤਿਹਾਸਕ ਹਵਾਲਿਆਂ ਸਹਿਤ ਆਪਣੇ ਵਿਚਾਰ ਪੇਸ਼ ਕੀਤੇ। ਮਹਿਮਾਨਾਂ ਪ੍ਰਤਿ ਧਨਵਾਦ ਦੀ ਰਸਮ ਡਾ. ਗੁਰਪਾਲ ਸਿੰਘ ਸੰਧੂ ਨੇ ਅਦਾ ਕੀਤੀ।
ਸਮੁੱਚੇ ਸੈਮੀਨਾਰ ਨੂੰ ਚਾਰ ਸੈਸ਼ਨਾਂ ਵਿਚ ਵੰਡਿਆ ਹੋਇਆ ਸੀ। ਉਦਘਾਟਨੀ ਸੈਸ਼ਨ ਉਪਰੰਤ ਦੂਜੇ ਸੈਸ਼ਨ ਦੀ ਸਦਾਰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਪ੍ਰੋਫ਼ੈਸਰ (ਡਾ.) ਜਸਬੀਰ ਸਿੰਘ ਸਾਬਰ ਨੇ ਕੀਤੀ। ਉਨਾਂ ਨਾਲ਼ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਹਰਸਿਮਰਨ ਸਿੰਘ ਰੰਧਾਵਾ, ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਡਾ. ਏ. ਐਸ. ਆਹਲੂਵਾਲੀਆ ਸ਼ਾਮਲ ਸਨ। ਡਾ. ਰੰਧਾਵਾ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਨਤਾ ਦੇ ਸਰੋਕਾਰ’ ਵਿਸ਼ੇ ’ਤੇ ਵਿਚਾਰ ਪੇਸ਼ ਕਰਦਿਆਂ ਇਸ ਗੱਲ ’ਤੇ ਜੋਰ ਦਿੱਤਾ ਕਿ ਇਸ ਮਹਾਨ ਰਚਨਾ ਵਿਚ ਮਾਨਵ ਮੁਕਤੀ ਦਾ ਕੇਵਲ ਰਾਹ ਹੀ ਨਹੀਂ ਦੱਸਿਆ ਗਿਆ ਸਗੋਂ ਸਮਾਜ, ਰਾਜਨੀਤੀ ਅਤੇ ਸਭਿਆਚਾਰ ਦੀ ਵਿਹਾਰਕਤਾ ਨੂੰ ਵੀ ਮੁੜ ਵਿਚਾਰਿਆ ਗਿਆ ਹੈ। ਡਾ. ਬਰਾੜ ਨੇ ਸਿੱਖ ਧਰਮ ਅੰਦਰ ਸਿਧਾਂਤ ਤੇ ਵਿਹਾਰ ਦੇ ਪਾੜੇ ਦੀ ਗੱਲ ਕਹੀ। ਦਿੱਲੀ ਤੋਂ ਆਏ ਨੌਜਵਾਨ ਵਿਦਵਾਨ ਡਾ. ਰਵਿੰਦਰ ਸਿੰਘ ਅਨੁਸਾਰ ਗੁਰਬਾਣੀ ਪ੍ਰਵਚਨ ਦਾ ਮੁਹਾਵਰਾ ਤੇ ਮੁਹਾਂਦਰਾ ਭਾਵੇਂ ਪਰਾਭੌਤਿਕਤਾ ਦੇ ਨੇੜੇ ਤੇੜੇ ਜਾਪਦਾ ਹੈ ਪਰ ਇਸ ਦੇ ਸਰੋਕਾਰ ਪੂਰੀ ਤਰਾਂ ਸਧਾਰਣ ਲੋਕਾਈ ਅਤੇ ਦਲਿਤ ਵਰਗਾਂ ਨਾਲ਼ ਜੁੜੇ ਹੋਏ ਹਨ। ਡਾ. ਗੁਰਸ਼ਰਨ ਸਿੰਘ ਨੇ ਸਿੱਖ ਸੰਦਰਭ ਵਿਚ ਔਰਤ ਅਤੇ ਦਲਿਤ ਪ੍ਰਵਚਨ ਦੇ ਪ੍ਰਸੰਗ ਵਿਚ ਚਰਚਾ ਕਰਦਿਆਂ ਸੁਚੱਜਾ ਜੀਵਨ ਜਿਉਣ ਸਬੰਧੀ ਗੁਰਬਾਣੀ ’ਚੋਂ ਹਵਾਲੇ ਪੇਸ਼ ਕੀਤੇ। ਮਨੁੱਖੀ ਅਧਿਕਾਰ ਕੇਂਦਰ ਦੀ ਕੋਆਰਡੀਨੇਟਰ ਡਾ. ਸਵਰਨਜੀਤ ਕੌਰ ਨੇ ਸਿੱਖ ਸੰਦਰਭ ਵਿਚ ਔਰਤ ਦੇ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਸਨਮੁਖ ਵਿਚਾਰ ਪੇਸ਼ ਕੀਤੇ। ਡਾ. ਸਾਬਰ ਨੇ ਸੈਸ਼ਨ ਦੀ ਚਰਚਾ ਨੂੰ ਸਮੇਟਦਿਆਂ ਕਹਿਣੀ ਤੇ ਕਰਨੀ ਦੇ ਸੰਕਲਪ ’ਤੇ ਪੂਰੇ ਉਤਰਨ ਦਾ ਸੁਨੇਹਾ ਦਿੱਤਾ।
ਤੀਜੇ ਸੈਸ਼ਨ ਦੀ ਸਦਾਰਤ ਪ੍ਰਸਿਧ ਨਾਟਕਕਾਰ ਨਿਰਦੇਸ਼ਕ ਫ਼ਿਲਮ-ਅਦਾਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ (ਡਾ.) ਸਤੀਸ਼ ਕੁਮਾਰ ਵਰਮਾ ਨੇ ਕੀਤੀ। ਉਨਾਂ ਨਾਲ਼ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਰਾਜਿੰਦਰ ਸਿੰਘ ਭੱਟੀ ਅਤੇ ਪ੍ਰੋਫ਼ੈਸਰ (ਡਾ.) ਬੀ. ਐਸ. ਘੁੰਮਣ ਡੀਨ ਆਰਟਸ ਫ਼ੈਕਲਟੀ ਪੰਜਾਬ ਯੂਨੀਵਰਸਿਟੀ ਸ਼ਾਮਲ ਸਨ। ਇਸ ਸੈਸ਼ਨ ਵਿਚ ਦਿੱਲੀ ਤੋਂ ਡਾ. ਬੇਅੰਤ ਕੌਰ ਨੇ ਆਪਣੇ ਪਰਚੇ ਵਿਚ ਇਹ ਗ਼ਿਲਾ ਜਤਾਇਆ ਕਿ ਸਭਿਅਤਾ ਦੇ ਇਤਿਹਾਸ ਵਿਚ ਜੈਂਡਰ ਵਖਰੇਵੇਂ ਦੀ ਭਾਵਨਾ ਪ੍ਰਬਲ ਹੋਣ ਸਦਕਾ ਸਮਾਜ ਵਿਚ ਨਾਰੀ ਨੂੰ ਪ੍ਰਾਪਤ ਹੋਏ ਨਿਗੁਣੇ ਤੇ ਦੂਜੈਲੇ ਸਥਾਨ ਕਰਕੇ ਬਹੁਤੀ ਵਾਰ ਨਾਰੀ ਨੂੰ ਇਤਿਹਾਸ ਵਿਚ ਗੌਲ਼ਿਆ ਹੀ ਨਹੀਂ ਗਿਆ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਪ੍ਰੋਫ਼ੈਸਰ (ਡਾ.) ਅੰਮ੍ਰਿਤਪਾਲ ਕੌਰ ਅਨੁਸਾਰ ਸਿੱਖ ਚਿੰਤਨ, ਸਿੱਖ ਸਾਹਿਤ, ਸਿੱਖ ਇਤਿਹਾਸ ਵਿਚ ਪੇਸ਼ ਹੋ ਰਹੀ ਨਾਰੀ ਦੀ ਜੀਵਨ ਸ਼ੈਲੀ ਜਿੱਥੇ ਇਕ ਪਾਸੇ ਗੁਰਮਤਿ ਦੇ ਸਿਧਾਂਤਕ ਆਸ਼ੇ ਦੀ ਪੂਰਤੀ ਲਈ ਕਾਰਜਸ਼ੀਲ ਹੁੰਦੀ ਹੈ ਉਥੇ ਨਾਰੀ ਦੀ ਜੀਵਨ ਸ਼ੈਲੀ ਦੀਆਂ ਅਨੇਕ ਪਰਤਾਂ ਨੂੰ ਦ੍ਰਿਸ਼ਟਮਾਨ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾ. ਚਰਨਜੀਤ ਕੌਰ ਨੇ ਮੱਧਕਾਲੀਨ ਸਾਹਿਤ ਵਿਚ ਗੁਰਬਾਣੀ ਪ੍ਰਵਚਨ ਨੂੰ ਛੱਡ ਕੇ ਬਾਕੀ ਸਾਰੇ ਸਾਹਿਤ ਅਤੇ ਸਮਾਜ ਵਿਚ ਔਰਤ ਦੀ ਸ਼ਖ਼ਸੀਅਤ ਨੂੰ ਵੱਖੋ ਵੱਖ ਤਰੀਕਿਆਂ ਨਾਲ਼ ਦਬਾਏ ਜਾਣ ਦੀ ਨਿਸ਼ਾਨਦੇਹੀ ਕੀਤੀ। ਸਥਾਨਕ ਪੰਜਾਬੀ ਵਿਭਾਗ ਦੇ ਡਾ. ਯੋਗਰਾਜ ਅੰਗਰੀਸ਼ ਨੇ ਗੁਰਬਾਣੀ ਦੇ ਸੰਦਰਭ ਵਿਚ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਧਿਆਤਮਕ ਸਾਹਿਤ ਦੇ ਨੁਕਤੇ ਤੋਂ ਗੁਰਬਾਣੀ ਸਿੱਖ ਮਤ ਨਾਲ਼ ਸਬੰਧਤ ਹੋਣ ਦੇ ਬਾਵਜੂਦ ਬਹੁਲਤਾਵਾਦੀ ਕਾਵਿ-ਪ੍ਰਵਚਨ ਉਸਾਰਦੀ ਹੈ। ਡਾ. ਅੰਮ੍ਰਿਤ ਰਿਸ਼ਮਾਂ ਨੇ ਡਾ. ਦਲੀਪ ਕੌਰ ਟਿਵਾਣਾ ਦੇ ਗੁਰੂ ਮਹਿਲਾਂ ਸਬੰਧੀ ਨਾਵਲਾਂ ਦੇ ਪ੍ਰਸੰਗ ਵਿਚ ਚਰਚਾ ਕੀਤੀ। ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਡਾ. ਸੁਧੀਰ ਕੁਮਾਰ ਨੇ ਦਲਿਤਾਂ ਦੀ ਹੋਣੀ ਲਈ ਜ਼ਿੰਮੇਵਾਰ ਹਾਲਾਤ ਬਿਆਨ ਕਰਦਿਆਂ ਦਲਿਤਾਂ ਵਿਚ ਆ ਰਹੀ ਚੇਤਨਾ ਦਾ ਮੁਜ਼ਾਹਰਾ ਕੀਤਾ। ਚਰਚਾ ਨੂੰ ਸਮੇਟਦਿਆਂ ਡਾ. ਵਰਮਾ ਨੇ ਪੰਜਾਬ ਦੇ ਮਧਕਾਲ ਨੂੰ ਆਧੁਨਿਕ ਚੇਤਨਾ ਦਾ ਆਧਾਰ ਬਿਆਨ ਕੀਤਾ। ਸੈਸ਼ਨ ਦਾ ਸੰਚਾਲਨ ਡਾ. ਉਮਾ ਨੇ ਬਾਖ਼ੂਬੀ ਨਿਭਾਇਆ।
ਚੌਥੇ ਅਤੇ ਆਖ਼ਰੀ ਸੈਸ਼ਨ ਦੌਰਾਨ ਡਾ. ਸਵਰਨਜੀਤ ਕੌਰ ਵੱਲੋਂ ਸੈਮੀਨਾਰ ਰਿਪੋਰਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਵਿਚਾਰ ਵਿਅਕਤ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਵਿਚ ਡਾ. ਮਦਨਜੀਤ ਕੌਰ ਸਹੋਤਾ, ਡਾ. ਰਜਿੰਦਰਜੀਤ ਕੌਰ ਢੀਂਡਸਾ ਅਤੇ ਡਾ. ਪ੍ਰਭਜੋਤ ਕੌਰ ਵੀ ਸ਼ਾਮਲ ਸਨ। ਸੈਮੀਨਾਰ ਵਿਚ ਪ੍ਰੋਫ਼ੈਸਰ (ਡਾ.) ਦੀਪਕ ਮਨਮੋਹਨ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫ਼ੈਸਰ (ਡਾ.) ਸਤਨਾਮ ਸਿੰਘ ਜੱਸਲ ਸਾਬਕਾ ਨਿਰਦੇਸ਼ਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ, ਡਾ. ਰਵਿੰਦਰ ਰਵੀ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਉਚੇਚੇ ਤੌਰ ’ਤੇ ਸ਼ਾਮਲ ਸਨ। ਵਿਭਾਗ ਦੇ ਚੇਅਰਪਰਸਨ ਡਾ. ਜਸਪਾਲ ਕੌਰ ਕਾਂਗ ਨੇ ਆਏ ਹੋਏ ਸਾਰੇ ਵਿਦਵਾਨਾਂ ਤੇ ਡੈਲੀਗੇਟਾਂ ਪ੍ਰਤਿ ਹਾਰਦਿਕ ਸ਼ੁਕਰੀਆ ਅਦਾ ਕੀਤਾ।
ਸਵੇਰ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇ ਇਸ ਸੈਮੀਨਾਰ ਦੀ ਇਹ ਖ਼ਾਸੀਅਤ ਰਹੀ ਕਿ ਪ੍ਰਬੰਧਕਾਂ ਦੀ ਆਸ ਤੋਂ ਵੱਧ ਵਿਦਵਾਨ ਸੈਮੀਨਾਰ ਵਿਚ ਹਿੱਸਾ ਲੈਣ ਪੁੱਜੇ। ਪ੍ਰਬੰਧਕ ਖ਼ੁਸ਼ੀ ਤੇ ਉਮਾਹ ਵਿਚ ਖੀਵੇ ਵੀ ਹੋ ਰਹੇ ਸਨ ਕਿ ਵਿਦਵਾਨਾਂ ਨੇ ਉਨਾਂ ਦੇ ਸੱਦੇ ਨੂੰ ਰਸਮੀ ਤੌਰ ’ਤੇ ਹੀ ਨਹੀਂ ਬਲਕਿ ਹਕੀਕੀ ਤੌਰ ’ਤੇ ਕਬੂਲਿਆ ਹੈ। ਸੈਮੀਨਾਰ ਲਈ ਪੇਸ਼ ਹੋਏ 50 ਤੋਂ ਵੱਧ ਪੰਜਾਬੀ ਅਤੇ ਗਿਆਰਾਂ ਅੰਗਰੇਜ਼ੀ ਭਾਸ਼ਾਈ ਪਰਚਿਆਂ ਵਿਚੋਂ ਚੌਥਾ ਹਿੱਸਾ ਪਰਚੇ ਹੀ ਪੜੇ ਜਾ ਸਕੇ। ਉਪ ਕੁਲਪਤੀ ਡਾ. ਸੋਬਤੀ ਦੀ ਸਹਿਮਤੀ ਨਾਲ਼ ਪੜੇ ਗਏ ਅਤੇ ਬਾਕੀ ਪਰਚਿਆਂ ਨੂੰ ਕਿਤਾਬੀ ਰੂਪ ਦੇਣ ਦੇ ਵਾਅਦੇ ਨਾਲ਼ ਪਰਚਿਆਂ ਦੇ ਐਬਸਟ੍ਰੈਕਟਸ ਦੀ ਸੀ.ਡੀ. ਹਰ ਡੈਲੀਗੇਟ ਨੂੰ ਭੇਟ ਕੀਤੀ ਗਈ। ਸੈਮੀਨਾਰ ਦੀ ਮੁੱਖ ਮੇਜ਼ਬਾਨ ਤੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੀ ਚੇਅਰਪਰਸਨ ਡਾ. ਜਸਪਾਲ ਕੌਰ ਕਾਂਗ ਦੇ ਹਮਸਫ਼ਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੰਸਥਾਪਕ ਚੇਅਰਮੈਨ ਸਵ: ਪ੍ਰੋਫ਼ੈਸਰ (ਡਾ.) ਅਮਰਜੀਤ ਸਿੰਘ ਕਾਂਗ ਦੀ ‘ਪੁਖ਼ਤਾ ਮੇਜ਼ਬਾਨ ਸ਼ਖ਼ਸੀਅਤ’ ਸਬੰਧੀ ਯਾਦਾਂ ਦੀਆਂ ਪਰਤਾਂ ਦੀ ਆਪ-ਮੁਹਾਰੇ ਨਿਸ਼ਾਨਦੇਹੀ ਕਰਦਾ ਇਹ ਸੈਮੀਨਾਰ ਯਾਦਗਾਰੀ ਹੋ ਨਿਬੜਿਆ ਅਤੇ ਡਾ. ਮਿਸਿਜ਼ ਕਾਂਗ ਸਵ: ਡਾ. ਅਮਰਜੀਤ ਸਿੰਘ ਕਾਂਗ ਦੀ ਰੂਹ ਨਾਲ਼ ਆਤਮਸਾਤ ਹੋਏ ਮਹਿਮਾਨ ਵਿਦਵਾਨਾਂ ਨੂੰ ਵਿਦਾ ਕਰ ਰਹੇ ਸਨ।
ਟੋਰਾˆਟੋ (ਜੰਜੂਆ) – ਬੀਤੇ ਸ਼ਨੀਵਾਰ ਗਿਆਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਨਕੋਦਰ ਏਰੀਆ ਐਸੋਸ਼ੀਏਸ਼ਨ ਦੀ ਮੀਟਿੰਗ ਵਿੱਚ ਇਸ ਵਰ੍ਹੇ ਦੀ ਨਾਈਟ ਜੋ ਕਿ 4 ਫਰਵਰੀ 2012 ਨੂੰ ਸਤਿਕਾਰ ਬੈˆਕੁਅਟ ਹਾਲ, ਜੋ ਕਿ 7089 ਟੌਰਬਰਾਮ ਰੋਡ ਮਿਸੀਸਾਗਾ ਵਿਖੇ ਸਥਿਤ ਹੈ, ਵਿੱਚ ਹੋਣ ਜਾ ਰਹੀ ਹੈ ਨੂੰ ਲੋਹੜੀ ਨਾਈਟ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਤਰਸੇਮ ਸਿੰਘ ਚੱਕ ਚੇਲਾ, ਮਨਜੀਤ ਸਿੰਘ ਪੱਡਾ, ਮੇਜਰ ਸਿੰਘ ਸਰਪੰਚ, ਤਰਲੋਚਨ ਸਿੰਘ ਅਟਵਾਲ, ਪਰਮਜੀਤ ਕੌਰ ਦਿਉਲ, ਡਾ: ਦਰਸ਼ਨ ਸਿੰਘ ਬੈˆਸ, ਅਜੈਬ ਸਿੰਘ ਚੱਠਾ ਅਤੇ ਸੰਤੋਖ ਸਿੰਘ ਸੰਧੂ ਹਾਜ਼ਰ ਸਨ। ਐਸੋਸ਼ੀਏਸ਼ਨ ਮੈˆਬਰਾˆ ਨੇ ਸਮੂੰਹ ਨਕੋਦਰ ਨਿਵਾਸੀਆˆ ਨੂੰ ਬੇਨਤੀ ਕੀਤੀ ਕਿ ਜਿਨ੍ਹਾਂ ਪ੍ਰੀਵਾਰਾਂ ‘ਚ ਲੜਕੀ ਜਾਂ ਲੜਕਾ ਪੈਦਾ ਹੋਇਆ ਹੈ ਜਾਂ ਫਿਰ ਲੜਕਾ-ਲੜਕੀ ਦਾ ਨਵਾਂ-ਨਵਾਂ ਵਿਆਹ ਹੋਇਆ ਹੈ ਉਹ ਸੰਤੋਖ ਸਿੰਘ ਸੰਧੂ ਨਾਲ (416) 587-7000 ਤੇ ਸੰਪਰਕ ਕਰਕੇ ਆਪਣਾ ਨਾਮ ਲਿਖਾ ਸਕਦੇ ਹਨ। ਪ੍ਰੋਗਰਾਮ ਦੀ ਟਿਕਟ ਦੀ ਕੀਮਤ ਸਿਰਫ 25 ਡਾਲਰ ਹੈ ਅਤੇ 9 ਸਾਲ ਤੋˆ ਘੱਟ ਉਮਰ ਦੇ ਬੱਚੇ ਮੁਫ਼ਤ ਆ ਸਕਣਗੇ।
ਮਿਸੀਸਾਗਾ (ਜੰਜੂਆ) -

ਬੀਤੇ ਵੀਰਵਾਰ ਸਥਾਨਕ ਰੈਡ ਰੋਜ਼ ਕੰਨਵੈਨਸ਼ਨ ਸੈਂਟਰ ਵਿਖੇ ਯੂ ਐਫ ਐਸ ਫਾਈਨੈਂਸ਼ੀਅਲ ਕੰਪਨੀ ਦੀ ਗ੍ਰੈਂਡ ਓਪਨਿੰਗ ਇੱਕ ਪ੍ਰਭਾਵਸ਼ਾਲੀ ਸਮਾਗਮ ਆਯੋਜਿ਼ਤ ਕਰਕੇ ਕੀਤੀ ਗਈ। ਇਸ ਸਮਾਗਮ ‘ਚ ਓਨਟੇਰੀਓ ਬਲਿਊ ਕਰਾਸ, ਐਮਪਾਇਰ ਲਾਈਫ਼, ਆਈ ਐਫ਼ ਐਸ ਈ ਇੰਸਟੀਚਿਊਟ, ਇੰਡਸਟਰੀਅਲ ਅਲਾਇੰਸ, ਇਕੁਆਟੇਬਲ ਲਾਈਫ਼, ਐਜ਼ ਬੈਨੀਫਿ਼ਟਸ, ਹੈਰੀਟੇਜ ਐਜੂਕੇਸ਼ਨ ਫੰਡਜ਼ ਅਤੇ ਬੀ ਟੂ ਬੀ ਟਰੱਸਟ ਆਦਿ ਕੰਪਨੀਆˆ ਦੇ ਆਗੂ ਅਤੇ ਉੱਚ ਅਧਿਕਾਰੀ ਖਾਸ ਤੌਰ ‘ਤੇ ਸ਼ਾਮਿਲ ਹੋਏ। ਸਟੇਜ ਦੀ ਸੇਵਾ ਕੈਨੇਡਾ ਪ੍ਰੋਟੈਕਸ਼ਨ ਪਲੈਨ ਦੀ ਫ਼ਲੀਸੀਆ ਲੋਹਕ੍ਹੋ ਨੇ ਬਾਖ਼ੂਬੀ ਨਿਭਾਈ। ਸਮਾਗਮ ਦੀ ਸ਼ੁਰੂਆਤ ‘ਚ ਯੂ ਐਫ ਐਸ ਫਾਈਨੈਂਸ਼ੀਅਲ ਕੰਪਨੀ ਦੇ ਸੀ ਈ ਓ ਜਸਮਿੰਦਰ ਕਰਵਲ ਨੇ ਆਏ ਹੋਏ ਮਹਮਿਾਨਾਂ ਨੂੰ ਜੀ ਆਇਆ ਕਿਹਾ ਅਤੇ ਕੰਪਨੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਕੰਪਨੀ ਦੀ ਗ੍ਰੈਂਡ ਓਪਨਿੰਗ ਅੱਜ ਕਰਨ ਜਾ ਰਹੇ ਹਾਂ ਪਰ ਅਸੀਂ ਆਪਣੇ ਗ੍ਰਾਹਕਾਂ ਦੀ ਸੇਵਾ ਲਈ ਕੰਪਨੀ ਦੇ ਦਰਵਾਜ਼ੇ ਸਤੰਬਰ 2011 ‘ਚ ਹੀ ਖੋਲ੍ਹ ਦਿੱਤੇ ਸਨ ਅਤੇ ਸਾਨੂੰ ਭਾਈਚਾਰੇ ਤੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਕੰਪਨੀ ਦੀ ਵਧੀਆ ਕਾਰਗੁਜ਼ਾਰੀ ਲਈ ਪਾਏ ਜਾ ਰਹੇ ਯੋਗਦਾਨ ਲਈ ਸਮੂਹ ਫਾਈਨੈਂਸ਼ੀਅਲ ਐਡਵਾਈਜ਼ਰਾਂ ਅਤੇ ਇੰਡਸਟਰੀ ਭਾਈਵਾਲਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਸਮੂਹ ਭਾਈਚਾਰੇ ‘ਚ ਯੂ ਐਫ ਐਸ ਫਾਈਨੈਂਸ਼ੀਅਲ ਕੰਪਨੀ ਦਾ ਨਾਮ ਇੱਕ ਇਮਾਨਦਾਰ ਅਤੇ ਭਰੋਸੇਯੋਗ ਕੰਪਨੀ ਵਜੋਂ ਲਿਆ ਜਾਂਦਾ ਹੈ ਜਿਸ ਦੇ ਲਈ ਸਮੂਹ ਟੀਮ ਵਧਾਈ ਦੀ ਹੱਕਦਾਰ ਹੈ। ਅੱਜ ਦਾ ਇਹ ਇਕੱਠ ਕੰਪਨੀ ਦੀ ਲੋਕ ਪ੍ਰੀਯਅਤਾ ਦਾ ਹੀ ਪ੍ਰਮਾਣ ਹੈ। ਸਮਾਗਮ ਦੋਰਾਨ ਹਾਜਿ਼ਰ ਇੰਡਸਟਰੀ ਭਾਈਵਾਲਾਂ ਨੇ ਸਟੇਜ ਤੋਂ ਬੋਲਦਿਆਂ ਯੂ ਐਫ ਐਸ ਫਾਈਨੈਂਸ਼ੀਅਲ ਦੀ ਕਾਰਗੁਜ਼ਰੀ ਦੀ ਸ਼ਲਾਘਾ ਕਰਦਿਆਂ ਜਸਮਿੰਦਰ ਕਰਵਲ ਅਤੇ ਉਨ੍ਹਾˆ ਦੇ ਸਹਿਯੋਗੀਆˆ ਨੂੰ ਵਿਧਾਈ ਦਿੱਤੀ। ਵਰਨਣਯੋਗ ਹੈ ਜਸਮਿੰਦਰ ਕਰਵਲ ਸਾਲ 1998 ਤੋਂ ਪਲੈਨਿੰਗ, ਇਨਵੈਸਟਮੈਂਟ, ਆਰ ਈ ਐਸ ਪੀ ਅਤੇ ਇੰਸ਼ੋਰੈˆਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ।
ਇਸ ਭਰਵੇਂ ਇਕੱਠ ਵਿੱਚ ਜਿੱਥੇ ਸਾਡੀ ਕਮਿਊਨਿਟੀ ਦੀਆਂ ਬਹੁਤ ਸਾਰੀਆਂ ਪ੍ਰੋਫੈਸ਼ਨਲ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਨਾਮਵਾਰ ਸ਼ਖਸੀਅਤਾˆ ਨੇ ਸ਼ਿਰਕਤ ਕੀਤੀ ਉੱਥੇ ਦੂਜੀਆਂ ਕਮਿਊਨਿਟੀਆਂ ਦੇ ਕਈ ਪ੍ਰਮੁੱਖ ਸੱਜਣਾਂ ਨੇ ਵੀ ਇਸ ਮੌਕੇ ਤੇ ਸ਼ਮੂਲੀਅਤ ਕਰਕੇ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ।
ਅਖ਼ੀਰ ਵਿੱਚ ਜਸਮਿੰਦਰ ਕਰਵਲ ਨੇ ਦੂਰੋˆ ਨੇੜਿਓˆ ਪਹੁੰਚੇ ਹੋਏ ਦੋਸਤਾˆ, ਮਿੱਤਰਾˆ ਅਤੇ ਮਹਿਮਾਨਾˆ ਦਾ ਧੰਨਵਾਦ ਕੀਤਾ। ਯਾਦ ਰਹੇ ਯੂ ਐਫ ਐਸ ਫਾਈਨੈਂਸ਼ੀਅਲ ਕੰਪਨੀ ਇੱਕ ਅਜ਼ਾਦ ਮਾਲਕੀਅਤ ਵਾਲੀ ਕੰਪਨੀ ਹੈ ਜੋ ਆਪਣੇ ਗ੍ਰਾਹਕਾਂ ਦੀਆਂ ਪਲੈਨਿੰਗ, ਇਨਵੈਸਟਮੈਂਟ, ਆਰ ਈ ਐਸ ਪੀ ਅਤੇ ਇੰਸ਼ੋਰੈˆਸ ਦੀਆਂ ਲੋੜਾ ਨੂੰ ਪੂਰਿਆਂ ਕਰਦੀ ਹੈ। ਕੰਪਨੀ ਨੂੰ ਇਮਾਨਦਾਰ, ਮਿਹਨਤੀ ਅਤੇ ਗ੍ਰਹਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਕੰਮ ਕਰਨ ਵਾਲੇ ਫਾਈਨੈਂਸ਼ੀਅਲ ਐਡਵਾਈਜ਼ਰਾਂ ਦੀ ਵੀ ਜਰੂਰਤ ਹੈ। ਯੂ ਐਫ ਐਸ ਫਾਈਨੈਂਸ਼ੀਅਲ ਦੇ ਦਫ਼ਤਰ ਕੈਨੇਡਾ ਭਰ ਵਿੱਚ ਮੌਜੂਦ ਹਨ ਅਤੇ ਹੈੱਡ ਆਫਿ਼ਸ 5800 ਐਮਬਲਰ ਡਰਾਈਵ, ਯੂਨਿਟ ਨੰਬਰ 117, ਮਿਸੀਸਾਗਾ ਵਿਖੇ ਸਥਿਤ ਹੈ। ਕੰਪਨੀ ਦੇ ਕਿਸੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ 1-877-553-5678 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹਾਂਗਕਾਂਗ ( ਅਮਰਜੀਤ ਸਿੰਘ ਗਰੇਵਾਲ ) : ਬਜੁਰਗ ਦੌਰਾਕ ਫੌਜਾ ਸਿੰਘ ਭਾਂਵੇ ਅਜੇ ਹਾਂਗਕਾਂਗ ਵਿਚ ਨਹੀ ਆਏ ਪਰ ਇਥੇ ਦਾ ਮੀਡੀਆ ਉਸ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਹੈ ਖਾਸ ਕਰਕੇ ਚੀਨੀ ਪਰਚੇ ਜਿਸ ਵਿਚ ਕਿਸੇ ਪੱਗ ਵਾਲੇ ਦੀ ਤਸਵੀਰ ਸਾਲ ਵਿਚ ਇਕ ਅੱਧ ਵਾਰ ਹੀ ਦੇਖਣ ਨੂੰ ਮਿਲਦੀ ਹੈ। ਉਹ 5 ਫਰਵਰੀ ਨੂੰ ਹੋਣ ਵਾਲੀ ਹਾਂਗਕਾਂਗ ਮੈਰਾਥਨ ( 42.195ਮਿਲੋਮੀਟਰ) ਰੇਸ ਵਿਚ ਭਾਗ ਲੈਣ ਆ ਰਹੇ ਹਨ। 100 ਸਾਲ ਤੋ ਉਪਰ ਦੀ ਉਮਰ ਦੇ ਇਸ ਗੱਭਰੂ ਨੇ ਮੈਰਾਥਨ ਰੇਸ ਵਿਚ ਭਾਗ ਲੈਣਾ 20 ਸਾਲ ਪਹਿਲਾ ਸੁਰੂ ਕੀਤਾ। ਉਨ੍ਹਾਂ ਦੀ ਉਮਰ 80 ਸਾਲ ਦੀ ਸੀ, ਇਸ ਉਮਰ ਵਿਚ ਬਹੁਤੇ ਲੋਕੀ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੰਦੇ ਹਨ।ਵਿਚ ਉਮਰ ਵਿਚ ਖੇਡਾਂ ਵੱਲ ਮੁੜਨ ਪਿੱਛੇ ਇਕ ਦੁਖਦਾਈ ਘਟਨਾ ਸੀ ਜਿਸ ਵਿਚ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਦਾ ਇਕ ਹਾਦਸੇ ਕਾਰਨ ਹੋਇਆ ਵਿਛੋੜਾ ਸੀ। ਉਹ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਹੀ ਕਰਨਾ ਚਾਹੁੰਦੇ।
ਪਿਛਲੇ ਸਾਲ ਉਨ੍ਹਾਂ ਨੇ ਟਰਾਂਟੋ ਵਿਚਲੀ ਮੈਰਾਥਨ ਵਿਚ ਭਾਗ ਲਿਆ ਤੇ ਇਸ ਨੂੰ ਪੂਰਾ ਕੀਤਾ ਭਾਵੇ ਉਨ੍ਹਾਂ ਦਾ ਸਮਾਂ ਸੀ 8 ਘੰਟੇ 25 ਮਿੰਟ ਸੀ ਪਰ ਉਹ ਇਸ ਰੇਸ ਵਿਚ ਸਭ ਤੋ ਅਖੀਰ ਵਿਚ ਨਹੀ ਆਏ ਸਗਂੋ ਉਨ੍ਹਾਂ ਤੋ ਪਿਛੇ ਆਉਣ ਵਾਲੇ ਵੀ ਸਨ।
ਹਾਂਗਕਾਂਗ ਦੀ ਮੈਰਾਥਨ ਚਿਮ ਸਾ ਸੂਈ ਕਲਾਕ ਟਾਵਰ ਤੋ ਸੁਰੂ ਹੋਵੇਗੀ ਤੇ ਇਹ ਸਿੰਗ ਮਾ ਬਰਿਜ ਰਾਹੀ ਹੁੰਦੀ ਹੋਈ ਸਿੰਗ ਯੀ ਵਾਪਸੀ ਕਰੇਗੀ, ਇਸ ਦੀ ਸਮਾਪਤੀ ਕਾਸਬੇਵੇ ਸਥਿਤ ਵਿਕਟੋਰੀਆ ਪਾਰਕ ਵਿਖੇ ਹੋਵੇਗੀ। ਸਭ ਪੰਜਾਬੀਆਂ ਨੂੰ ਇਹ ਬੇਨਤੀ ਹੈ ਕਿ ਉਸ ਬਜੁਰਗ ਨੂੰ ਸਤਿਕਾਰ ਦੇਣ ਲਈ ਸਭ ਪਹਿਲਾ ਚਿਮ ਸਾ ਸੂਈ ਕਲਾਕ ਟਾਵਰ ਅਤੇ ਫਿਰ ਵਿਕਟੋਰੀਆ ਪਾਰਕ ਜਰੂਰ ਪਹੁੰਚਣ ਦੀ ਕ੍ਰਿਪਾ ਕਰਨੀ।
20 ਜਨਵਰੀ ਤੋਂ ਕਨੇਡਾ ਦੇ ਸਿਨੇ ਪਲੈਕਸ ਸਿਨੇਮਾਂ ਦੇ ਵੱਡੇ ਪਰਦੇ ਦਾ ਸਿੰਗਾਰ ਬਣੇਗੀ।
ਕੈਲਗਰੀ (ਹਰਬੰਸ ਬੁੱਟਰ) 
ਸਾਫ ਸੁਥਰੀਆਂ ਪੰਜਾਬੀ ਫਿਲਮਾਂ ਦੇ ਨਿਰਮਾਤਾ ਪ੍ਰਮਜੀਤ ਸੰਦਲ ਨੇ ਬਤਰਾ ਬ੍ਰਦਰਜ ਅਤੇ ਸੰਦਲ ਪ੍ਰੋਡਕਸ਼ਨ ਕੈਲਗਰੀ ਦੀ ਨਵੀਂ ਪੇਸਕਸ ਪੰਜਾਬੀ ਫਿਲਮ “ਪਿਓਰ ਪੰਜਾਬੀ” ਦੇ ਬਾਰੇ ਵਿੱਚ ਗੱਲ ਕਰਦਿਆਂ ਦੱਸਿਆ ਕਿ ਇਹ ਫਿਲਮ ਪਿਛਲੇ ਹਫਤੇ ਲੋਹੜੀ ਦੇ ਮੌਕੇ ਉੱਪਰ ਇੰਡੀਆ ਰਿਲੀਜ ਕਰ ਦਿੱਤੀ ਗਈ ਹੈ,ਦਰਸਕਾਂ ਦੀ ਭੀੜ ਨੂੰ ਦੇਖਦਿਆਂ ਸਾਰੇ ਸਿਨੇਮਾਂ ਘਰਾਂ ਵਿੱਚ ਫਿਲਮ ਦੇ ਸੋਅ ਵਧਾਉਣੇ ਪੲ,ੇ ਪੰਜਾਬੀ ਫਿਲਮ ਪ੍ਰੇਮੀਆਂ ਵੱਲੋਂ ਪਿਓਰ ਪੰਜਾਬੀ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਣ ਦਾ ਕਾਰਨ ਇਹ ਹੈ ਕਿ ਇਸ ਫਿਲਮ ਦੀ ਕਹਾਣੀ ਹਰ ਕਿਸੇ ਨੂੰ ਆਪਣੀ ਕਹਾਣੀ ਲੱਗਦੀ ਹੈ ।ਪੰਜ ਪਿਓ ਅਤੇ ਪੰਜ ਪੁੱਤਰਾਂ ਦੇ ਆਪਸੀ ਤਕਰਾਰ,ਪਿਓ ਪੈਦਲ ਜਾਣ ਨੂੰ ਤਰਜੀਹ ਦਿੰਦਾ ਹੈ ਜਦਕਿ ਪੁੱਤਰ ਬੁਲਿਟ ਮੋਟਰਸਾਈਕਲ ਤੋਂ ਬਗੈਰ ਬਾਹਰ ਹੀ ਨਹੀਂ ਨਿਕਲਦਾ। ਫਿਲਮ ਵਿੱਚ ਦਿਖਾਈਆਂ ਗਈਆਂ ਦੋਵੇਂ ਪੀੜੀਆਂ ਆਪੋ ਆਪਣੀ ਥਾਂ ‘ਤੇ ਸੱਚੀਆਂ ਹਨ ।ਕਾਮੇਡੀ ਨਾਲ ਭਰਪੂਰ ਪਿਓ ਪੁੱਤਰਾਂ ਦੇ ਆਪਸੀ ਤਕਰਾਰ ਦਰਸਕ ਨੁੰ ਜਜ਼ਬਾਤੀ ਵੀ ਕਰ ਦਿੰਦੇ ਹਨ ਹਿੰਦੀ ਫਿਲਮਾਂ ਦੇ ਟੱਚ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੈ ਫਿਲਮ ਦੇ ਪ੍ਰੋਮੋ ਜਾਂ ਗੀਤ ਸੁਣਨ ਲਈ ਫੇਸਬੁੱਕ ਜਾਂ ਯੂ ਟਿਊਬ ‘ਤੇ “ਪਿਓਰ ਪੰਜਾਬੀ” ਕਲਿੱਕ ਕਰ ਸਕਦੇ ਹੋ।ਫਿਲਮ ਸਬੰਧੀ ਹੋਰ ਜਾਣਕਾਰੀ ਲਈ 403 852 5878 ਪਰਮਜੀਤ ਸੰਦਲ ਨਾਲ ਸੰਪਰਕ ਕਰ ਸਕਦੇ ਹੋ।



