ਨਵੰਬਰ ਚੁਰਾਸੀ ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚੋਂ ਬਰੀ ਹੋਏ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿ਼ਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪਿਛਲੇ 6 ਦਿਨਾਂ ਤੋਂ ਜੰਤਰ- ਮੰਤਰ ਵਿਖੇ ਭੁੱਖ ਹੜਤਾਲ ਦੇ ਬੈਠੀ ਬੀਬੀ ਨਿਰਪ੍ਰੀਤ ਕੌਰ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ।
ਅਜਿਹਾ ਉਸਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਆਗੂਆਂ ਦੇ ਕਹਿਣ ਤੇ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੇ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ ਬੀਬੀ ਨਿਰਪ੍ਰੀਤ ਕੌਰ ਅਤੇ ਹੋਰ ਦੋ ਗਵਾਹਾਂ ਨੂੰ ਜੂਸ ਪਿਲਾ ਕੇ ਇਹ ਭੁੱਖ ਹੜਤਾਲ ਸਮਾਪਤ ਕਰਵਾਈ। ਇਸ ਤੋਂ ਪਹਿਲਾਂ ਅੱਜ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ, ਅਹੁਦੇਦਾਰਾਂ ਅਤੇ ਸੰਸਦ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਜੰਤਰ-ਮੰਤਰ ਵਿਖੇ ਪੁੱਜ ਕੇ ਬੀਬੀ ਨਿਰਪ੍ਰੀਤ ਕੌਰ ਦੀ ਮੁਹਿੰਮ ਨੂੰ ਸਮਰਥਨ ਦਿੱਤਾ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਭਾਰਤ ਵਿੱਚ ਹਮੇਸ਼ਾ ਸਿੱਖਾਂ ਨਾਲ ਬੇਇਨਸਾਫੀ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਨਾਂਗਲੋਈ ਇਲਾਕੇ ਵਿੱਚ ਹੋਏ ਕਤਲੇਆਮ ਦੇ ਚਸ਼ਮਦੀਦ ਗੁਰਬਚਨ ਸਿੰਘ ਦੀ ਗਵਾਹੀ ਦੇ ਆਧਾਰ ‘ਤੇ ਜੋ ਐਫ।ਆਈ।ਆਰ। ਦਰਜ ਹੋਈ, ਉਸ ਵਿੱਚ ਦੰਗੇ ਭੜਕਾਉਣ ਦਾ ਇਲਜ਼ਾਮ ਸੱਜਣ ਕੁਮਾਰ ‘ਤੇ ਲਗਾਇਆ ਗਿਆ ਸੀ। ਇਸ ਮਾਮਲੇ ਦੀ ਚਾਰਜਸ਼ੀਟ 1992 ਵਿੱਚ ਤਿਆਰ ਹੋ ਗਈ ਸੀ, ਪਰ ਸੱਜਣ ਕੁਮਾਰ ਨੂੰ ਬਚਾਉਣ ਲਈ, ਉਸ ਨੂੰ ਅੱਜ ਤੱਕ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਅਕਾਲੀ ਦਲ ਦੀ ਯੁਵਾ ਇਕਾਈ ਦੇ ਕੌਮੀ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 84 ਦੇ ਸੰਤਾਪ ਨੂੰ ਆਪਣੇ ਪਿੰਡੇ ‘ਤੇ ਹੰਢਾਉਣ ਵਾਲੀ ਬੀਬੀ ਨਿਰਪ੍ਰੀਤ ਕੌਰ ਵੱਲੋਂ ਇਨਸਾਫ ਲੈਣ ਲਈ ਕੀਤਾ ਜਾ ਰਿਹਾ ਸੰਘਰਸ਼ ਉਸ ਦੀ ਬਹਾਦਰੀ ਦਾ ਪ੍ਰਤੀਕ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਬੀਬੀ ਨਿਰਪ੍ਰੀਤ ਕੌਰ ਨੇ ਜਬਰ ਜ਼ੁਲਮ ਖ਼ਿਲਾਫ਼ ਆਵਾਜ਼ ਚੁੱਕਣ ਲਈ ਇਹ ਵਰਤ ਰੱਖਿਆ ਸੀ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਪੁਲੀਸ ਅਤੇ ਅਦਾਲਤਾਂ ਦਾ ਕੰਮ ਹੁੰਦਾ ਹੈ ਪਰ ਜਾਂਚ ਏਜੰਸੀਆਂ ਵੱਲੋਂ ਅਦਾਲਤਾਂ ਵਿੱਚ ਸਬੂਤ ਪੇਸ਼ ਕੀਤੇ ਨਾ ਜਾਣ ਕਾਰਨ ਦੋਸ਼ੀ ਅਦਾਲਤਾਂ ਤੋਂ ਬਰੀ ਹੁੰਦੇ ਜਾ ਰਹੇ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਇਕ ਸਿੱਖ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਪਾਸਾ ਵੱਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਬੀ ਨਿਰਪ੍ਰੀਤ ਕੌਰ ਦੀ ਲੜਾਈ ਸਮੁੱਚੀ ਕੌਮ ਦੀ ਹੈ। ਇਸ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੇ ਬੀਬੀ ਨਿਰਪ੍ਰੀਤ ਕੌਰ ਤੇ ਹੋਰਨਾਂ ਗਵਾਹਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਇਸ ਦੌਰਾਨ ਅਕਾਲੀ ਆਗੂ ਭਾਜਪਾ ਦੀ ਸੀਨੀਅਰ ਲੀਡਰਸਿੱਪ ਅਤੇ ਹੋਰ ਜਥੇਬੰਦੀਆਂ ਸਮੇਤ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੇ ਅਤੇ ਸੱਜਣ ਕੁਮਾਰ ਤੇ ਹੋਰਨਾਂ ਦੋਸ਼ੀਆਂ ਨੂੰ ਸ਼ਜ਼ਾਵਾ ਦਿਵਾਉਣ ਦੀ ਮੰਗ ਕੀਤੀ ।
ਚੰਡੀਗੜ੍ਹ 7 :22 Am /5/5/2013
ਦਲ ਖ਼ਾਲਸਾ ਨੇ ਪੰਜਾਬ ਸਰਕਾਰ ਪਾਸੋਂ ਸਰਬਜੀਤ ਸਿੰਘ ਨੂੰ ‘ਕੌਮੀ ਸ਼ਹੀਦ’ ਦਾ ਖਿਤਾਬ ਦੇਣ, ਉਸ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰਨ ਤੇ ਸਰਕਾਰੀ ਖ਼ਜ਼ਾਨੇ ‘ਚੋਂ 1 ਕਰੋੜ ਰੁਪਿਆ ਦੇਣ ਨੂੰ ਗਲਤ ਕਰਾਰ ਦਿੱਤਾ ਹੈ। ਇਸ ‘ਤੇ ਸਵਾਲ ਖੜ੍ਹਾ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਤੋਂ ਅਜਿਹਾ ਕਰਨ ਲਈ ਸਪਸ਼ਟੀਕਰਨ ਮੰਗਿਆ ਹੈ। ਸਰਕਾਰ ਵੱਲੋਂ ਸਰਬਜੀਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਅਤੇ ਤਿੰਨ ਦਿਨਾਂ ਦੇ ਰਾਜਸੀ ਸ਼ੋਕ ਦਾ ਐਲਾਨ ਕਰਨ ‘ਤੇ ਸਖਤ ਇਤਰਾਜ਼ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਜੰਡੀ ਨੇ ਕਿਹਾ ਕਿ ਜਦ ਸਰਬਜੀਤ ਪਾਕਿਸਤਾਨ ਕਿਸੇ ਸਰਕਾਰੀ ਡਿਊਟੀ ਤਹਿਤ ਨਹੀਂ ਗਿਆ ਤਾਂ ਫਿਰ ਉਸ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕਿਉਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਰਬਜੀਤ ਉਪਰ ਪਾਕਿਸਤਾਨ ਦੀ ਜੇਲ੍ਹ ਵਿੱਚ ਹੋਇਆ ਹਮਲਾ ਨਿੰਦਣਯੋਗ ਹੈ, ਦਲ ਖਾਲਸਾ ਨੂੰ ਇਸ ਘਿਨਾਉਣੇ ਕਾਰੇ ‘ਤੇ ਅਫਸੋਸ ਹੈ ਤੇ ਜਥੇਬੰਦੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਹੈ ਪਰ ਇਹ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹ ਬੇਕਸੂਰ ਸੀ। ਉਨ੍ਹਾਂ ਕਿਹਾ ਕਿ ਸਰਬਜੀਤ ਨੂੰ ਪਾਕਿਸਤਾਨ ਦੀ ਨਿਆਂ ਪਾਲਿਕਾ ਨੇ ਬਕਾਇਦਾ ਮੁਕੱਦਮਾ ਚਲਾ ਕੇ ਮੌਤ ਦੀ ਸਜ਼ਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਕ ਨਾਇਕ ਵਰਗਾ ਸਨਮਾਨ ਦੇ ਕੇ ਭਾਰਤ ਸਰਕਾਰ ਨੇ ਇਕ ਤਰ੍ਹਾਂ ਨਾਲ ਇਹ ਮੰਨ ਲਿਆ ਹੈ ਕਿ ਉਸ ਨੂੰ ਸਰਕਾਰ ਵਲੋਂ ਹੀ ਕਿਸੇ ਮਿਸ਼ਨ ‘ਤੇ ਪਾਕਿਸਤਾਨ ਭੇਜਿਆ ਗਿਆ। ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਨਾ ਹੀ ਕਾਂਗਰਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਬਜੀਤ ਦੀ ਪੰਜਾਬ ਜਾਂ ਦੇਸ਼ ਪ੍ਰਤੀ ਕੀ ਦੇਣ ਸੀ।
ਮਾਮਲੇ ਦੀ ਪੜਤਾਲ ਕਰਾਂਗੇ : ਐਸ. ਐਸ. ਪੀ
ਬਰਨਾਲਾ, 3 ਮਈ (ਜਗਸੀਰ ਸਿੰਘ ਸੰਧੂ) : ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਉਠੇ ਸਿੱਖਾਂ ਦੀ ਪੱਗ ਦੇ ਮਾਮਲੇ ’ਤੇ ਜੋਰਦਾਰ ਬਿਆਨਬਾਜੀ ਕੀਤੀ ਜਾਂਦੀ ਹੈ, ਪਰ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆਂ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਇੱਕ ਭਰਾ ਦੀ ਥਾਣੇ ਵਿੱਚ ਸਰੇਆਮ ਪੱਗ ਰੋਲ਼ੀ ਜਾਂਦੀ ਹੈ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰ ਦਾ ਉਕਤ ਭਰਾ ਦਰ-ਦਰ ਭਟਕ ਰਿਹਾ ਹੈ, ਪਰ ਨਾ ਸਰਕਾਰ ਅਤੇ ਨਾ ਹੀ ਸ੍ਰੋਮਣੀ ਕਮੇਟੀ ਸਮੇਤ ਕਿਸੇ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੀ ਉਸਦੇ ਹੱਕ ਇੱਕ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੇ ਇੱਕ ਕਜ਼ਨ ਭਰਾ ਵੱਲੋਂ ਬਰਨਾਲਾ ਪੁਲਸ ’ਤੇ ਦੋਸ਼ ਲਾਏ ਗਏ ਹਨ , ਕਿ ਪੁਲਸ ਨੇ ਉਸਨੂੰ ਗੈਰਕਾਨੂੰਨੀ ਤੌਰ ’ਤੇ ਹਿਰਾਸਤ ਲੈ ਕੇ ਜਬਰਦਸਤੀ ਉਸਦੀ ਪੱਗ ਲਾਹ ਕੇ ਉਸਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਉਸਦੀ ਜੇਬ ਵਿਚੋਂ 71 ਹਜ਼ਾਰ ਰੁਪਏ ਨਕਦੀ ਅਤੇ ਏ. ਟੀ. ਐਮ ਕਾਰਡ ਸਮੇਤ ਹੋਰ ਸਮਾਨ ਕੱਢ ਲਿਆ, ਜੋ ਹੁਣ ਤੱਕ ਵਾਪਸ ਨਹੀਂ ਦਿੱਤਾ ਗਿਆ। ਕੁਲਬੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮਕਾਨ ਨੰਬਰ ਬੀ. ਵੀ 330, ਜੰਡਾਂ ਵਾਲਾ ਰੋਡ, ਰਾਧਾ ਸੁਆਮੀ ਗਲੀ ਬਰਨਾਲਾ ਨੇ ਮੱਨੁਖੀ ਅਧਿਕਾਰ ਕਮਿਸ਼ਨ ਪੰਜਾਬ, ਡੀ. ਜੀ. ਪੀ ਪੰਜਾਬ, ਡੀ. ਜੀ. ਪੀ. ਕਰਾਇਮ, ਆਈ. ਜੀ. ਪਟਿਆਲਾ ਅਤੇ ਐਸ. ਐਸ. ਪੀ. ਬਰਨਾਲਾ ਨੂੰ ਦਿੱਤੀਆਂ ਦਰਖਾਸ਼ਤਾਂ ਵਿੱਚ ਦੋਸ਼ ਲਾਏ ਹਨ ਕਿ ਉਹ ਰਾਮਾ ਕ੍ਰਿਸ਼ਨਾ ਰਾਧੇ ਟਰਾਂਸਪੋਰਟ ਦਿੱਲੀ ਦੇ ਹਿੱਸੇਦਾਰ ਵੱਲੋਂ ਕੰਮ ਕਰਦੇ ਹਨ ਅਤੇ 18 ਅਪ੍ਰੈਲ 2013 ਨੂੰ ਟਾਟਾ ਏਜੰਸੀ ਸੰਗਰੂਰ ਵਿਖੇ ਨਵਾਂ ਵਹੀਕਲ ਖਰੀਦਣ ਗਏ ਸਨ। ਉਥੋਂ ਮਹਿਲਾਂ ਚੌਂਕ (ਸੰਗਰੂਰ) ਦੀ ਪੁਲਸ ਪਾਰਟੀ ਨੇ ਰੇਡ ਕੀਤਾ ਅਤੇ ਹੋਰਨਾਂ ਦੇ ਨਾਲ ਮੈਨੂੰ ਵੀ ਹਿਰਾਸਤ ਵਿੱਚ ਲੈ ਲਿਆ ਅਤੇ ਮਹਿਲਾਂ ਚੌਂਕ ਪੁਲਸ ਸਟੇਸ਼ਨ ’ਤੇ ਲਿਜਾ ਕੇ ਉਥੋਂ ਇੰਡਸਟਰੀਅਲ ਪੁਲਸ ਚੌਂਕੀ ਬਰਨਾਲਾ ’ਚ ਤੈਨਾਤ ਹੌਲਦਾਰ ਧਰਮਪਾਲ ਦੇ ਹਵਾਲੇ ਕਰ ਦਿੱਤਾ ਗਿਆ, ਜਿਥੋਂ ਉਸਨੂੰ ਲਿਆ ਕੇ ਹੌਲਦਾਰ ਧਰਮਪਾਲ ਨੇ ਰਾਤ ਨੂੰ ਬਰਨਾਲਾ ਕੋਤਵਾਲੀ ਦੇ ਐਸ. ਐਚ. ਓ ਸ਼ਤੀਸ਼ ਕੁਮਾਰ ਅਤੇ ਏ. ਐਸ. ਆਈ. ਬਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਇਥੇ ਥਾਣਾ ਮੁੱਖੀ ਸਤੀਸ ਕੁਮਾਰ ਦੇ ਕਹਿਣ ’ਤੇ ਥਾਣੇਦਾਰ ਬਲਵਿੰਦਰ ਸਿੰਘ ਨੇ ਉਸਦੀ ਪੱਗ ਲਾਹਕੇ ਧਰਤੀ ’ਤੇ ਸੁੱਟ ਦਿੱਤੀ, ਜਦੋਂ ਕਿ ਉਸਨੇ ਪਹਿਲਾਂ ਹੀ ਪੁਲਸ ਨੂੰ ਦੱਸਿਆ ਸੀ ਕਿ ਉਹ ਇੱਕ ਸਿੱਖ ਹੈ ਅਤੇ ਉਸਦੀ ਪੱਗ ਨਾ ਉਤਾਰੀ ਜਾਵੇ। ਉਸਨੇ ਪੁਲਸ ਨੇ ਇਹ ਵੀ ਦੱਸਿਆ ਸੀ ਕਿ ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਦਾ ਕਜ਼ਨ ਭਰਾ ਹੈ, ਪਰ ਦੋਵਾਂ ਪੁਲਸ ਅਧਿਕਾਰੀ ਕਹਿਣ ਲੱਗੇ ਕਿ ‘ਅਸੀਂ ਜਾਣਦੇ ਹਾਂ ਤੈਨੂੰ ਵੱਡੇ ਖਾੜਕੂ ਨੂੰ’ ਇਹ ਆਖਦਿਆਂ ਹੀ ਉਹਨਾਂ ਨੇ ਉਸਦੇ ਸਿਰ ਤੋਂ ਪੱਗ ਲਾਹਕੇ ਧਰਤੀ ’ਤੇ ਸੁੱਟ ਦਿੱਤੀ ਅਤੇ ਉਸਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਰਾਤ ਦੇ ਸਾਢੇ ਬਾਰਾਂ ਵਜੇ ਉਸਦੇ ਭਰਾ ਜਰਨੈਲ ਸਿੰਘ ਬੁਲਾਕੇ ਉਸ ਤਾਂ ਛੱਡ ਦਿੱਤਾ ਗਿਆ, ਪਰ ਉਸਦੇ 71,125 ਰੁਪਏ, ਏ. ਟੀ. ਐਮ ਕਾਰਡ, ਡਰਾਇਵਿੰਗ ਲਾਇਸੰਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਬਰਸ਼ਿਪ ਵਾਲਾ ਸਨਾਖਤੀ ਕਾਰਡ ਪੁਲਸ ਨੇ ਅੱਜ ਤੱਕ ਨਹੀਂ ਦਿੱਤਾ ਹੈ। ਕੁਲਬੀਰ ਸਿੰਘ ਨੇ ਮੰਗ ਕੀਤੀ ਹੈ ਕਿ ਉਸਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਇੱਕ ਸਿੱਖ ਦੀ ਪੱਗ ਨੂੰ ਲਾਹਕੇ ਧਰਤੀ ’ਤੇ ਸੁੱਟਣ ਵਾਲੇ ਪੁਲਸ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਦੀ ਜੇਬ ਵਿੱਚੋਂ ਕੱਢੇ ਪੈਸੇ ਅਤੇ ਹੋਰ ਸਮਾਨ ਵਾਪਿਸ ਦਿਵਾਇਆ ਜਾਵੇ। ਇਸ ਮਾਮਲੇ ਸਬੰਧੀ ਜਦੋਂ ਐਸ. ਐਸ. ਪੀ. ਬਰਨਾਲਾ ਸ਼੍ਰੀ ਸੁਨੇਹਦੀਪ ਸ਼ਰਮਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਇਹ ਮਾਮਲੇ ਦੀ ਪੜਤਾਲ ਕਰਵਾਉਣਗੇ।
ਗੁਰੁਦੁਆਰਾ ਯਾਦਗਾਰ ਸ਼ਹੀਦਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਨਾਂਮ ਉਪਰ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਦੇ ਮਾਮਲੇ ਵਿੱਚ ਸ਼ਰੋਮਣੀ ਕਮੇਟੀ ਉਲਝਣ ਤਾਣੀ ਵਿੱਚ ਫਸ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੱਲੋਂ ਐਸਜੀਪੀਸੀ ਦੀ ਇਸ ਮਾਮਲੇ ਵਿੱਚ ਜੁਆਬ ਤਲਬੀ ਕੀਤੀ ਹੈ।
ਸ਼ਹੀਦੀ ਯਾਦਗਾਰ ਦੀ ਉਸਾਰੀ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਨੂੰ ਸੌਂਪੀ ਗਈ ਸੀ, ਜਿਸ ਨੇ ਕੱਲ੍ਹ ਸਮਾਗਮ ਦੌਰਾਨ ਯਾਦਗਾਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ। ਟਕਸਾਲ ਵੱਲੋਂ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਨਾਂ ਗੁਰਦੁਆਰਾ ਯਾਦਗਾਰ ਸ਼ਹੀਦਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਰੱਖਿਆ ਗਿਆ ਹੈ। ਯਾਦਗਾਰ ਦੇ ਮੁੱਖ ਦੁਆਰ ਉਪਰ ਇਹ ਨਾਂ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਯਾਦਗਾਰ ਨੂੰ ਜਾਣ ਵਾਲੇ ਰਸਤੇ (ਪੌੜੀਆਂ) ਦੇ ਦੋਵੇਂ ਪਾਸੇ ਲਾਏ ਪੱਥਰਾਂ ਉਪਰ ਸੰਤ ਭਿੰਡਰਾਂਵਾਲਿਆਂ ਸਮੇਤ ਭਾਈ ਅਮਰੀਕ ਸਿੰਘ, ਸੁਬੇਗ ਸਿੰਘ ਤੇ ਬਾਬਾ ਠਾਹਰਾ ਸਿੰਘ ਦਾ ਨਾਂ ਹੈ, ਜਦੋਂ ਕਿ ਬਾਕੀ ਸ਼ਹੀਦਾਂ ਨੂੰ ਸਮੂਹ ਸ਼ਹੀਦਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਤਰ੍ਹਾਂ ਗੁਰਦੁਆਰਾ ਝੰਡਾ ਬੁੰਗਾ ਨੇੜੇ ਯਾਦਗਾਰ ਦੇ ਇਤਿਹਾਸ ਬਾਰੇ ਪੱਥਰ ਲਾਇਆ ਗਿਆ ਹੈ, ਜਿਸ ਉਪਰ ਸ੍ਰੀ ਹਰਿਮੰਦਰ ਸਾਹਿਬ ’ਤੇ ਮੁਗ਼ਲ ਕਾਲ ਤੋਂ ਲੈ ਕੇ ਹੁਣ ਤਕ ਹੋਏ ਹਮਲਿਆਂ ਦੇ ਵੇਰਵੇ ਦਰਜ ਹਨ। ਇਸ ਵਿੱਚ ਸਾਕਾ ਨੀਲਾ ਤਾਰਾ 1984 ਦਾ ਜ਼ਿਕਰ ਕਰਦਿਆਂ ਮੁੜ ਸੰਤ ਭਿੰਡਰਾਂਵਾਲੇ ਦਾ ਜ਼ਿਕਰ ਹੈ। ਇਸ ਤਰ੍ਹਾਂ ਗੋਲਕ ਉਪਰ ਅਤੇ ਕੁਝ ਹੋਰ ਥਾਵਾਂ ’ਤੇ ਵੀ ਸੰਤ ਭਿੰਡਰਾਂਵਾਲਿਆਂ ਦਾ ਨਾਂ ਲਿਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਨੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਣਜਾਣ ਦੱਸਿਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਮੁੜ ਦੁਹਰਾਇਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਉਹ ਸਮਾਗਮ ਦੀ ਸਮਾਪਤੀ ਮਗਰੋਂ ਆਪਣੇ ਦਫਤਰ ਰਵਾਨਾ ਹੋ ਗਏ ਸਨ ਤਾਂ ਉਸ ਵੇਲੇ ਮੁੱਖ ਦੁਆਰ ’ਤੇ ਉਕਰੇ ਇਨ੍ਹਾਂ ਸ਼ਬਦਾਂ ਤੋਂ ਪਰਦਾ ਹਟਾਇਆ ਗਿਆ। ਇਸ ਤਰ੍ਹਾਂ ਇਤਿਹਾਸ ਦਰਸਾਉਣ ਵਾਲੇ ਪੱਥਰ ਵੀ ਬਾਅਦ ਵਿੱਚ ਸਥਾਪਤ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ। ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਕੋਲੋਂ ਜੁਆਬ ਤਲਬੀ ਕੀਤੀ ਜਾ ਰਹੀ ਹੈ ਕਿ ਇਹ ਸਭ ਕੁਝ ਕਿਵੇਂ ਵਾਪਰਿਆ।
ਮਿਲੇ ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਲਾਪਰਵਾਹੀ ਵਰਤਣ ਲਈ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਆਪਣੀ ਸਥਿਤੀ ਸਾਫ਼ ਕਰਨ ਲਈ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਹਨ੍ਹੇਰੇ ਵਿੱਚ ਕਿਉਂ ਰੱਖਿਆ ਗਿਆ। ਇਸ ਬਾਰੇ ਭਲਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਿਚਾਲੇ ਮੀਟਿੰਗ ਹੋਣ ਦੀ ਸੰਭਾਵਨਾ ਹੈ ਅਤੇ ਇਹ ਮਾਮਲਾ ਦੋਵਾਂ ਧਿਰਾਂ ਵਿਚਾਲੇ ਮਤਭੇਦ ਦਾ ਸਬੱਬ ਬਣ ਸਕਦਾ ਹੈ। ਸ਼੍ਰੋਮਣੀ ਕਮੇਟੀ ਇਸ ਵੇਲੇ ਕਸੂਤੀ ਸਥਿਤੀ ਵਿੱਚ ਹੈ, ਜੇ ਉਹ ਇਸ ਨਾਂ ਨੂੰ ਜਾਰੀ ਰੱਖਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਜਮਾਤ ਭਾਜਪਾ ਸਮੇਤ ਹੋਰ ਧਿਰਾਂ ਦਾ ਵਿਰੋਧ ਸਹਿਣਾ ਪਵੇਗਾ ਅਤੇ ਜੇ ਉਸ ਵੱਲੋਂ ਇਸ ਨਾਂ ਨੂੰ ਬਦਲਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਦਾ ਵਿਰੋਧ ਝੱਲਣਾ ਪਵੇਗਾ।
ਇਸ ਮਾਮਲੇ ਨੂੰ ਲੈ ਕੇ ਭਾਜਪਾ ਦੀ ਮਹਿਲਾ ਆਗੂ ਪ੍ਰੋ। ਲਕਸ਼ਮੀ ਕਾਂਤਾ ਚਾਵਲਾ ਵੱਲੋਂ ਵਿਰੋਧ ਪ੍ਰਗਟਾਇਆ ਜਾ ਚੁੱਕਾ ਹੈ ਅਤੇ ਅੱਜ ਸੀ।ਪੀ।ਆਈ। ਦੇ ਆਗੂ ਜੋਗਿੰਦਰ ਦਿਆਲ ਨੇ ਵੀ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਯਾਦਗਾਰ ਆਮ ਸ਼ਰਧਾਲੂਆਂ ਨੂੰ ਜੋ ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਸਨ, ਨੂੰ ਸਮਰਪਿਤ ਕੀਤੀ ਜਾਣੀ ਸੀ ਪਰ ਇਹ ਯਾਦਗਾਰ ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਸ੍ਰੀ ਬਾਦਲ ਨੇ ਸਮੂਹ ਧਿਰਾਂ ਨੂੰ ਹਨੇਰੇ ਵਿੱਚ ਰੱਖਿਆ ਹੈ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਜੇ ਦਮਦਮੀ ਟਕਸਾਲ ਵੱਲੋਂ ਯਾਦਗਾਰ ਦਾ ਇਹ ਨਾਂ ਰੱਖਿਆ ਜਾਣਾ ਸੀ ਤਾਂ ਉਸ ਨੂੰ ਪਹਿਲਾਂ ਹੀ ਸਪੱਸ਼ਟ ਕਰ ਦੇਣਾ ਚਾਹੀਦਾ ਸੀ।
ਸ਼ਹੀਦੀ ਯਾਦਗਾਰ ’ਤੇ ਲੱਗੇ ਬੋਰਡ ਨੂੰ ਹਟਾਉਣ ਦਾ ਯਤਨ
ਬੀਤੀ ਰਾਤ ਗੁਰਦੁਆਰਾ ਝੰਡਾ ਬੁੰਗਾ ਨੇੜੇ ਸ਼ਹੀਦੀ ਯਾਦਗਾਰ ਦੇ ਇਤਿਹਾਸ ਸਬੰਧੀ ਲੱਗੇ ਬੋਰਡ ਨੂੰ ਹਟਾਉਣ ਦਾ ਯਤਨ ਕੀਤਾ ਗਿਆ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਇਸ ਬੋਰਡ ਨੂੰ ਹਟਾਉਣ ਦਾ ਯਤਨ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ ਦੋ ਦਰਜਨ ਤੋਂ ਵਧੇਰੇ ਸੀ ਜਿਨ੍ਹਾਂ ਕੋਲ ਬੋਰਡ ਨੂੰ ਹਟਾਉਣ ਦੇ ਲੋੜੀਂਦੇ ਸੰਦ ਵੀ ਸੀ। ਪਰ ਦਮਦਮੀ ਟਕਸਾਲ ਦੇ ਕਾਰਕੁਨਾਂ ਵੱਲੋਂ ਵਿਰੋਧ ਕੀਤੇ ਜਾਣ ਕਰਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਫਲ ਨਹੀਂ ਹੋ ਸਕੇ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਕਮੇਟੀ ਦੇ ਕਿਸੇ ਵੀ ਕਰਮਚਾਰੀ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਬਾਬਾ ਹਰਨਾਮ ਸਿੰਘ ਖਾਲਸਾ ਨੇ ਯਾਦਗਾਰ ਦਾ ਨਾਂ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਦੇ ਨਾਂ ’ਤੇ ਰੱਖੇ ਜਾਣ ਨੂੰ ਜਾਇਜ਼ ਕਰਾਰ ਦਿੱਤਾ ਹੈ।
ਬਰਨਾਲਾ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) IST : 11:14 Pm ਭਾਜਪਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਰਤ ਸੰਭਾਵੀ ਪ੍ਰਧਾਨ ਮੰਤਰੀ ਵੱਜੋਂ ਪ੍ਰਚਾਰੇ ਜਾ ਰਹੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਭਾਵੇਂ ਗੁਜਰਾਤ ਦੰਗਿਆਂ ਦੌਰਾਨ ਮੁਸਲਮਾਨ ਭਾਈਚਾਰੇ ਦੀ ਹੋਏ ਕਤਲੇਆਮ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਸਮਝੇ ਜਾਂਦੇ ਹਨ, ਪਰ ਹਥਿਆਰਾਂ ਦੀ ਪੂਜਾ ਕਰਦੇ ਨਰਿੰਦਰ ਮੋਦੀ ਦੀਆਂ ਜਨਤਕ ਹੋਈਆਂ ਤਸਵੀਰਾਂ ਦੇਸ਼ ਦੀਆਂ ਘੱਟਗਿਣਤੀਆਂ ਨੂੰ ਮੋਦੀ ਦੀ ਫਿਰਕਾਵਾਰਾਨਾ ਸੋਚ ਦਾ ਪ੍ਰਤੱਖ ਦਰਸ਼ਨ ਕਰਵਾਉਂਦੀਆਂ ਨਜਰ ਆ ਰਹੀਆਂ ਹਨ। ਇੱਕ ਪਾਸੇ ਜਿਥੇ ਭਾਰਤ ਦਾ ਸਾਰਾ ਹਿੰਦੂਵਾਦੀ ਮੀਡੀਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹਥਿਆਰਾਂ ਨਾਲ ਪਿਆਰ ਕਰਨ ਬਦਲੇ ਖਤਰਨਾਕ ਦਹਿਸਤਗਰਦ ਤੱਕ ਗਰਦਾਨਦਾ ਆ ਰਿਹਾ ਹੈ, ਉਥੇ ਇੱਕ ਮੂਰਤੀ (ਭਾਰਤ ਮਾਤਾ ਦੀ ਮੂਰਤੀ) ਅੱਗੇ ਚੀਨ ਦੀ ਬਣੀਆਂ ਅਸਾਲਟ ਰਾਇਫਲਾਂ ਅਤੇ ਪਿਸਟਲ ਅਤੇ ਹੋਰ ਖਤਰਨਾਕ ਹਥਿਆਰ ਰੱਖ ਕੇ ਪੂਜਾ ਕਰ ਰਹੇ ਨਰਿਦਰ ਮੋਦੀ ਨੂੰ ਦੇਸ਼ ਦਾ ਅਗਾਮੀ ਪ੍ਰਧਾਨ ਮੰਤਰੀ ਬਣਾਉਣ ਲਈ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ। ਇਥੇ ਵਰਨਣਯੋਗ ਹੈ ਕਿ ਜੇ ਕਿਤੇ ਨਰਿੰਦਰ ਮੋਦੀ ਦੀ ਤਰਾਂ ਕਿਸੇ ਸਿੱਖ ਆਗੂ ਦੀ ਤਸਵੀਰ ਹਥਿਆਰਾਂ ਸਮੇਤ ਪ੍ਰਕਾਸ਼ਿਤ ਹੋ ਜਾਵੇ ਤਾਂ ਭਾਰਤ ਦਾ ਸਾਰਾ ਹਿੰਦੂਵਾਦੀ ਮੀਡੀਆ ਉਸ ਸਿੱਖ ਆਗੂ ਵਿਰੁੱਧ ਜਹਿਰ ਉਗਲਣੀ ਸੁਰੂ ਕਰ ਦੇਵੇਗਾ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਨਰਿੰਦਰ ਮੋਦੀ ਜਿਹੇ ਕੱਟੜ ਫਿਰਕਾਪ੍ਰਸਤ ਹਿੰਦੂ ਆਗੂ ਨੂੰ ਅੱਖਾਂ ਮੀਚ ਕੇ ਦੇਸ਼ ਦਾ ਅਗਾਮੀ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਨਾਲ ਸਹਿਮਤ ਹੋ ਰਹੇ ਹਨ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਸਿੱਖ ਅਵਾਮ ਵੱਲੋਂ ਵਿੱਢੀ ਮੁਹਿੰਮ ’ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਭਾਜਪਾ ਵੱਲੋਂ ਆਪਣਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਕੀਤਾ ਜਾ ਚੁਕਿਆ ਹੈ, ਪਰ ਪੰਜਾਬ ਮੁੱਖ ਮੰਤਰੀ ਅਤੇ ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸਤਾ ਦੱਸੀ ਜਾ ਰਹੇ ਅਤੇ ਘੱਟਗਿਣਤੀਆਂ ਨੂੰ ਖਤਮ ਕਰਨ ਲਈ ਹਥਿਆਰਾਂ ਦੀ ਪੂਜਾ ਕਰ ਰਹੇ ਨਰਿੰਦਰ ਮੋਦੀ ਨੂੰ ਭਾਰਤ ਦਾ ਆਗਾਮੀ ਭਾਰਤ ਮੰਤਰੀ ਦੇਖਣਾ ਚਾਹੁੰਦੇ ਹਨ।
ਅਦਾਲਤੀ ਫ਼ੈਸਲਿਆਂ ਅਤੇ ਜਨਤਕ ਟਿੱਪਣੀਆਂ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦਾ ਵਿਸ਼ਲੇਸ਼ਣ ਜਿਸ ਨਾਲ ਸਮਾਜ ਦੀ ਭਲਾਈ ਹੋਵੇ, ਕਾਨੂੰਨ ਦੇ ਦਾਇਰੇ ਵਿੱਚ ਹੈ। ਪ੍ਰੋ. ਦਵਿੰਦਰਪਾਲ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਪੀਲ 12 ਅਪਰੈਲ 2013 ਨੂੰ ਭਾਰਤ ਦੀ ਸਰਬਉੱਚ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਫ਼ੈਸਲਾ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਮੰਚ ਉੱਤੇ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਪੰਜਾਬ, ਜਿੱਥੇ ਖਾੜਕੂਵਾਦ ਸਮੇਂ ਹਜ਼ਾਰਾਂ ਬੇਗੁਨਾਹ ਜਾਨਾਂ ਅਜਾਈਂ ਚਲੀਆਂ ਗਈਆਂ ਸਨ, ਦੇ ਲੋਕ ਹੁਣ ਮੁੜ ਅਮਨ-ਕਾਨੂੰਨ ਦੀ ਹਾਲਤ ਖ਼ਰਾਬ ਹੋਣ ਤੋਂ ਸਹਿਮੇ ਹੋਏ ਜਾਪਦੇ ਹਨ। ਪ੍ਰੋ. ਭੁੱਲਰ ਅਤੇ ਉਸ ਦੇ ਸਾਥੀਆਂ ਉੱਤੇ ਭਾਰਤੀ ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਿੰਦਰਪਾਲ ਸਿੰਘ ਬਿੱਟਾ ’ਤੇ ਸਤੰਬਰ 1993 ਵਿੱਚ ਹਮਲਾ ਕਰ ਕੇ 9 ਵਿਅਕਤੀਆਂ ਨੂੰ ਮਾਰਨ ਅਤੇ 25 ਨੂੰ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਸਨ। 1995 ਵਿੱਚ ਜਰਮਨੀ ਨੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਸੀ ਜਿੱਥੇ ਆਉਂਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਚਲਾਇਆ ਗਿਆ ਸੀ। 2001 ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ ਉਸ ’ਤੇ ਅਮਲ ਹੁਣ ਤਕ ਕਿਸੇ ਨਾ ਕਿਸੇ ਕਾਰਨ ਲੰਬਿਤ ਚੱਲਿਆ ਆ ਰਿਹਾ ਹੈ।
ਕਾਨੂੰਨ ਅਨੁਸਾਰ ਦੋਸ਼ੀ ਨੂੰ ਸਜ਼ਾ ਉਸ ਦੇ ਜੁਰਮ ਬਾਰੇ ਗਿਆਨ ਅਤੇ ਨਿਯਤ ’ਤੇ ਨਿਰਭਰ ਕਰਦੀ ਹੈ। ਆਮ ਤੌਰ ’ਤੇ ਝਗੜੇ ਜ਼ਰ, ਜ਼ੋਰੂ, ਜ਼ਮੀਨ, ਬਦਲਾ ਲਊ ਭਾਵਨਾ ਕਾਰਨ ਹੁੰਦੇ ਹਨ। ਕੁਝ ਅਪਰਾਧ ਗੰਭੀਰ ਮਾਨਸਿਕ ਉਤੇਜਨਾ ਕਾਰਨ ਹੁੰਦੇ ਹਨ ਜਿਨ੍ਹਾਂ ਦੀ ਸਜ਼ਾ ਅਪਰਾਧੀ ਨੂੰ ਘੱਟ ਦਿੱਤੀ ਜਾਂਦੀ ਹੈ। ਪ੍ਰੋ. ਦਵਿੰਦਰਪਾਲ ਵੱਲੋਂ ਇਹ ਅਪਰਾਧ ਕਰਨ ਦੇ ਕੀ ਕਾਰਨ ਸਨ, ਇਹ ਵਿਚਾਰਨਯੋਗ ਵਿਸ਼ਾ ਹੈ।
ਦਸੰਬਰ 1953 ਵਿੱਚ ਭਾਰਤ ਸਰਕਾਰ ਵੱਲੋਂ ਬੋਲੀ ਦੇ ਅਧਾਰ ’ਤੇ ਸੂਬਿਆਂ ਦੀ ਵੰਡ ਲਈ ਇੱਕ ਕਮਿਸ਼ਨ ਦਾ ਗਠਨ ਹੋਇਆ। ਗੁਜਰਾਤ, ਮਹਾਂਰਾਸ਼ਟਰ ਅਤੇ ਕਰਨਾਟਕਾ ਆਦਿ ਨੂੰ ਬੋਲੀ ਅਧਾਰ ’ਤੇ ਵੱਖਰੇ ਸੂਬੇ 1956 ਵਿੱਚ ਪ੍ਰਵਾਨ ਕਰ ਲਿਆ ਗਿਆ ਸੀ ਪਰ ਪੰਜਾਬੀ ਸੂਬੇ ਦੀ ਮੰਗ ਨੂੰ ਅਣਗੌਲਿਆ ਕਰ ਦਿੱਤਾ ਗਿਆ ਜਿਸ ਕਾਰਨ ਪੰਜਾਬ ਅੰਦਰ ‘ਪੰਜਾਬੀ ਸੂਬਾ’ ਤੇ ‘ਮਹਾਂ ਪੰਜਾਬ’ ਦੇ ਨਾਮ ’ਤੇ ਇੱਕ-ਦੂਜੇ ਵਿਰੋਧੀ ਅੰਦੋਲਨ ਆਰੰਭ ਹੋ ਗਏ। ਧਾਰਮਿਕ ਤੌਰ ’ਤੇ ਵੰਡ ਦੇ ਵਖਰੇਵੇਂ ਕਾਰਨ ਕੁਝ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣ ਤੋਂ ਵੀ ਆਕੀ ਹੋ ਗਏ। 1966 ਵਿੱਚ ਹੋਈ ਪੰਜਾਬ ਦੇ ਪੁਨਰਗਠਨ ਸਮੇਂ ਕੁਝ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ, ਭਾਖੜਾ ਡੈਮ ਦਾ ਪ੍ਰਬੰਧ ਅਤੇ ਪਾਣੀਆਂ ਦੀ ਵੰਡ ਦਾ ਮਸਲਾ ਅਣਸੁਲਝਿਆ ਰਹਿਣ ਕਾਰਨ ਅੱਜ ਤਕ ਝਗੜੇ ਦਾ ਵਿਸ਼ਾ ਬਣਿਆ ਹੋਇਆ ਹੈ।
ਰਾਜਨੀਤਕ ਮੰਗਾਂ ਦੇ ਨਾਲ ਸਿੱਖ ਧਰਮ ਦੇ ਮੂਲ ਸਿਧਾਂਤਾਂ ਬਾਰੇ ਵਿਵਾਦਾਂ ਨੂੰ ਵੀ ਰਾਜਨੀਤਕ ਲਾਭ ਮੁੱਖ ਰੱਖ ਕੇ ਤੂਲ ਦਿੱਤਾ ਗਿਆ। ਸਵਾਮੀ ਵਿਵੇਕਾਨੰਦ ਨੇ ਕੌਮਾਂ ਦੇ ਚਰਿੱਤਰ ਬਿਆਨ ਕਰਦਿਆਂ ਆਖਿਆ ਸੀ ਕਿ ਭਾਰਤੀਆਂ ਨੂੰ ਆਪਣਾ ਧਰਮ ਬਹੁਤ ਪਿਆਰਾ ਹੈ ਅਤੇ ਧਰਮ ਰਾਹੀਂ ਹੀ ਇਨ੍ਹਾਂ ਨੂੰ ਗਿਆਨ ਦਿੱਤਾ ਜਾ ਸਕਦਾ ਹੈ। ਆਪਣੇ ਅਤੇ ਧਰਮ ਦੇ ਬਾਰੇ ਇਹ ਕੋਈ ਵੀ ਬੁਰੀ ਗੱਲ ਨਹੀਂ ਸੁਣ ਸਕਦੇ। 13 ਅਪਰੈਲ 1978 ਨੂੰ ਅੰਮ੍ਰਿਤਸਰ ਵਿਖੇ ਨਿਰੰਕਾਰੀ ਸਿੱਖ ਝਗੜੇ ਸਮੇਂ ਸ਼ਾਂਤੀਪੂਰਨ ਵਿਰੋਧ ਕਰਨ ਗਏ 13 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਹਾਈ ਕੋਰਟ ਵਿੱਚ ਸੈਸ਼ਨ ਅਦਾਲਤ ਦੇ ਫ਼ੈਸਲੇ ਵਿਰੁੱਧ ਅਪੀਲ ਕੀਤੀ ਗਈ ਪਰ ਕੁਝ ਆਗੂਆਂ ਅਤੇ ਸਰਕਾਰ ਵੱਲੋਂ ਯੋਗ ਪੈਰਵੀ ਨਾ ਕੀਤੇ ਜਾਣ ਕਾਰਨ ਕੋਈ ਸਾਰਥਿਕ ਨਤੀਜੇ ਨਾ ਨਿਕਲ ਸਕੇ।
ਆਜ਼ਾਦੀ ਤੋਂ ਪਹਿਲਾਂ ਰਾਜਸੀ ਆਗੂਆਂ ਵੱਲੋਂ ਸਿੱਖਾਂ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਰਵਾਇਤੀ ਆਗੂ ਹਾਸ਼ੀਏ ’ਤੇ ਆ ਗਏ ਜਿਸਨੇ ਨੌਜਵਾਨਾਂ ਨੂੰ ਹੱਕਾਂ ਲਈ ਹਥਿਆਰਬੰਦ ਸੰਘਰਸ਼ ਦੀ ਗੱਲ ਕਰਨ ਵਾਲਿਆਂ ਵੱਲ ਪ੍ਰੇਰਿਤ ਕੀਤਾ। ਇਨਸਾਫ਼ ਦੇ ਕਾਨੂੰਨੀ ਰਾਹ ਬੰਦ ਹੁੰਦੇ ਵੇਖ ਕੇ ਕੁਝ ਨੌਜਵਾਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਆਰੰਭ ਕੀਤਾ ਅਤੇ ਪੰਜਾਬ ਖਾੜਕੂਵਾਦ ਵੱਲ ਧੱਕਿਆ ਗਿਆ।
4 ਅਗਸਤ 1982 ਨੂੰ ਅੰਮ੍ਰਿਤਸਰ ਤੋਂ ਰਾਜਸੀ ਅਤੇ ਧਾਰਮਿਕ ਮੰਗਾਂ ਤੇ ਇਨਸਾਫ਼ ਲਈ ਗ੍ਰਿਫ਼ਤਾਰੀਆਂ ਨਾਲ ‘ਧਰਮ ਯੁੱਧ’ ਮੋਰਚਾ ਆਰੰਭ ਹੋ ਗਿਆ, ਜੋ ਆਖ਼ਰ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਢਹਿ-ਢੇਰੀ ਹੋਣ ਨਾਲ ਸਮਾਪਤ ਹੋਇਆ। ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚਣ ਦੀ ਭੜਕਾਹਟ ਕਰਕੇ ਪੰਜਾਬ ਲੰਬਾ ਸਮਾਂ ਖ਼ੂਨ ਨਾਲ ਲੱਥ-ਪੱਥ ਰਿਹਾ ਹੈ। ਦੇਸ਼ ਵਿਰੋਧੀ ਤਾਕਤਾਂ ਨੇ ਵੀ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ, ਫ਼ੌਜ ਦੇ ਸਾਬਕਾ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਹਜ਼ਾਰਾਂ ਬੇਗੁਨਾਹ ਇਨ੍ਹਾਂ ਹਾਲਤਾਂ ਦਾ ਸ਼ਿਕਾਰ ਹੋਏ। ਅਮਨ-ਕਾਨੂੰਨ ਨੂੰ ਬਹਾਲ ਰੱਖਣ ਦੇ ਨਾਮ ’ਤੇ ਪੁਲੀਸ ਅਤੇ ਅਰਧ ਸੈਨਿਕ ਬਲਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਅਦਾਲਤਾਂ ਨੇ ਕੁਝ ਕੇਸਾਂ ਵਿੱਚ ਸੀ.ਬੀ.ਆਈ. ਨੂੰ ਤਫ਼ਤੀਸ਼ ਕਰਨ ਦੇ ਹੁਕਮ ਵੀ ਦਿੱਤੇ। ਸ੍ਰੀਮਤੀ ਇੰਦਰਾ ਗਾਂਧੀ ਅਤੇ ਜਨਰਲ ਵੈਦਯਾ ਆਦਿ ਦੇ ਕਾਤਲ ਸਤਵੰਤ ਸਿੰਘ, ਬੇਅੰਤ ਸਿੰਘ ਕੇਹਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਆਦਿ ਨੂੰ ਫ਼ਾਂਸੀ ਦੀ ਸਜ਼ਾ ਦੇ ਦਿੱਤੀ ਗਈ ਅਤੇ ਬਹੁਤ ਸਾਰੇ ਅਜੇ ਵੀ ਮੁਕੱਦਮੇ ਭੁਗਤ ਰਹੇ ਹਨ ਜਿਨ੍ਹਾਂ ਵਿੱਚੋਂ ਪ੍ਰੋ. ਦਵਿੰਦਰਪਾਲ ਭੁੱਲਰ ਤੇ ਬਲਵੰਤ ਸਿੰਘ ਰਾਜੋਆਣਾ ਆਦਿ ਫ਼ਾਂਸੀ ਦਾ ਇੰਤਜ਼ਾਰ ਕਰ ਰਹੇ ਹਨ।
1984 ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਦਿੱਲੀ ਸਮੇਤ ਦੇਸ਼ ਦੇ 9 ਸੂਬਿਆਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲ ਅਤੇ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ। ਇਨ੍ਹਾਂ ਬਾਰੇ ਜਾਂ ਤਾਂ ਮਾਮਲੇ ਦਰਜ ਨਹੀਂ ਹੋਏ ਜਾਂ ਤਫ਼ਤੀਸ਼ ਠੀਕ ਢੰਗ ਨਾਲ ਨਹੀਂ ਹੋਈ ਜਿਸ ਕਾਰਨ 95 ਫ਼ੀਸਦੀ ਦੋਸ਼ੀ ਬਰੀ ਹੋ ਚੁੱਕੇ ਹਨ, 4 ਫ਼ੀਸਦੀ ਅਦਾਲਤਾਂ ਦੇ ਵਿਚਾਰ ਅਧੀਨ ਹਨ ਅਤੇ ਕੇਵਲ 1 ਫ਼ੀਸਦੀ ਨੂੰ ਹੀ ਕੁਝ ਸਜ਼ਾ ਹੋਈ ਹੈ।
ਪੁਲੀਸ ਕਰਮਚਾਰੀਆਂ ਵਿਰੁੱਧ ਭਾਵੇਂ ਦੇਸ਼ ਦੀਆਂ ਹੀ ਸਰਬਉੱਚ ਅਦਾਲਤਾਂ ਨੇ ਮਨੁੱਖੀ ਅਧਿਕਾਰਾਂ ਦੇ ਹਨਨ ਜਾਂ ਝੂਠੇ ਮੁਕੱਦਮਿਆਂ ਵਿੱਚ ਕਤਲ ਵਰਗੇ ਦੋਸ਼ਾਂ ਅਧੀਨ ਮੁਕੱਦਮੇ ਦਰਜ ਕਰਨ ਦੇ ਹੁਕਮ ਦਿੱਤੇ ਹਨ ਪਰ ਅਸਲੀਅਤ ਇਹ ਹੈ ਕਿ ਪੜਤਾਲ ਅਧਿਕਾਰੀਆਂ ਤੇ ਅਦਾਲਤਾਂ ਦੀ ਮਦਦ ਕਰਨ ਦੀ ਬਜਾਏ ਦੋਸ਼ੀ ਅਧਿਕਾਰੀਆਂ ਦੀ ਪੈਰਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਹੋ ਰਹੀ ਹੈ। ਅਜਿਹੀ ਸਥਿਤੀ ਕਾਰਨ ਹੀ ਭਾਰਤ ਵਿੱਚ ਹੋਏ ਜੁਰਮਾਂ ਬਾਰੇ ਕੁਝ ਲੋਕ ਵਿਦੇਸ਼ੀ ਅਦਾਲਤਾਂ ਵਿੱਚ ਇਨਸਾਫ਼ ਲਈ ਮੁਕੱਦਮੇ ਦਾਇਰ ਕਰ ਰਹੇ ਹਨ ਜਿਸ ਨਾਲ ਦੇਸ਼ ਦੇ ਆਗੂਆਂ ਤੇ ਅਧਿਕਾਰੀਆਂ ਦਾ ਅਕਸ ਵਿਦੇਸ਼ੀਆਂ ਦੀਆਂ ਨਜ਼ਰਾਂ ਵਿੱਚ ਖ਼ਰਾਬ ਹੋ ਰਿਹਾ ਹੈ। ਕੁਝ ਵਿਦੇਸ਼ੀ ਰਾਜਨੀਤਕ ਆਗੂ ਸਿੱਖ ਭਾਈਚਾਰੇ ਦੀਆਂ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਆਪਣੇ ਵੱਲ ਖਿੱਚਣ ਲਈ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਦੋਸ਼ ਵੀ ਲਾਉਂਦੇ ਹਨ। ਦੱਖਣੀ ਅਫ਼ਰੀਕਾ ਅੰਦਰ ਨਸਲ ਭੇਦ ਅਤੇ ਵਿਦੇਸ਼ੀ ਹਕੂਮਤ ਤੋਂ ਆਜ਼ਾਦੀ ਲਈ ਨੈਲਸਨ ਮੰਡੇਲਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਲੰਬੇ ਸਮੇਂ ਤਕ ਜੱਦੋ-ਜਹਿਦ ਕੀਤੀ ਗਈ। 27 ਸਾਲ ਜੇਲ੍ਹ ਵਿੱਚ ਰਹਿਣ ਉਪਰੰਤ ਜਦੋਂ ਉਹ ਸਰਕਾਰ ਦੇ ਮੁਖੀ ਬਣੇ ਤਾਂ ਉਨ੍ਹਾਂ 1995 ਵਿੱਚ ਸੱਚ ਤੇ ਸੁਲਾਹ ਐਕਟ ਬਣਾ ਕੇ ਸਬੰਧਤ ਧਿਰਾਂ ਨੂੰ ਆਪਣੇ ਵੱਲੋਂ ਕੀਤੇ ਗੁਨਾਹਾਂ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਸਵੀਕਾਰ ਕਰਨ ਅਤੇ ਮੁਆਫ਼ ਕਰ ਦੇਣ ਲਈ ਕਮਿਸ਼ਨ ਦਾ ਗਠਨ ਕੀਤਾ। ਇਸ ਕਮਿਸ਼ਨ ਨੇ ਦੱਖਣੀ ਅਫ਼ਰੀਕਾ ਅੰਦਰ ਜੁਰਮਾਂ ਦੀ ਪੀੜ, ਬੇਇਨਸਾਫ਼ੀ ਦੇ ਦੁੱਖ ਅਤੇ ਇੱਕ ਦੂਜੇ ਪ੍ਰਤੀ ਨਫ਼ਰਤ ਨੂੰ ਪੂਰਨ ਤੌਰ ’ਤੇ ਖ਼ਤਮ ਕਰ ਦਿੱਤਾ।
ਇਹ ਤਰਕ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ, ਆਮ ਸਥਿਤੀ ਜਿੱਥੇ ਜੁਰਮ ਨਿੱਜੀ ਦੁਸ਼ਮਣੀ ਜਾਂ ਲਾਭ ਲਈ ਕੀਤੇ ਹੋਣ ਬਿਲਕੁਲ ਠੀਕ ਹੈ ਪਰ ਜਿੱਥੇ ਦੋਸ਼ੀ ਨੇ ਲਗਾਤਾਰ ਤੇ ਗੰਭੀਰ ਯੋਜਨਾਬੱਧ ਮਾਨਸਿਕ ਪੀੜਾ ਅਧੀਨ ਕੋਈ ਜੁਰਮ ਕੀਤਾ ਹੋਵੇ, ਕੁਝ ਵੱਖਰੀ ਪਹੁੰਚ ਦੀ ਮੰਗ ਕਰਦਾ ਹੈ। ਹਰ ਮੁਕੱਦਮੇ ਦੇ ਹਾਲਾਤ ਵੱਖਰੇ ਹੁੰਦੇ ਹਨ ਜਿਸ ਕਰਕੇ ਹਰ ਮੁਕੱਦਮੇ ਦੇ ਫ਼ੈਸਲੇ ਸਮੇਂ ਵੱਖਰੇ ਮਾਪਦੰਡ ਮੰਨੇ ਜਾਂਦੇ ਹਨ। ਪ੍ਰੋ. ਦਵਿੰਦਰਪਾਲ ਭੁੱਲਰ ਦੀ ਮੌਤ ਦੀ ਸਜ਼ਾ ਬਾਰੇ ਫ਼ੈਸਲਾ ਕਰਦੇ ਸਮੇਂ ਸੁਪਰੀਮ ਕੋਰਟ ਦੇ ਜੱਜਾਂ ਵਿੱਚੋਂ ਇੱਕ ਜੱਜ ਨੇ ਸਬੂਤਾਂ ਦੀ ਘਾਟ ਹੋਣ ਕਰਕੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਦੂਜੇ ਦੋ ਜੱਜਾਂ ਨੇ ਮੌਤ ਦੀ ਸਜ਼ਾ ਨੂੰ ਠੀਕ ਮੰਨਿਆ। 14 ਜਨਵਰੀ 2003 ਤੋਂ 25 ਮਈ 2011 ਦੇ ਅੱਠ ਸਾਲ ਤੋਂ ਜ਼ਿਆਦਾ ਸਮੇਂ ਤਕ ਉਸ ਦੀ ਰਹਿਮ ਦੀ ਅਪੀਲ ਭਾਰਤ ਦੇ ਰਾਸ਼ਟਰਪਤੀ ਕੋਲ ਲੰਬਿਤ ਪਈ ਰਹੀ ਅਤੇ ਪਿੱਛੇ ਜਿਹੇ ਹੀ ਉਸ ਦਾ ਨਿਪਟਾਰਾ ਕਰਦਿਆਂ ਇਹ ਅਪੀਲ ਰੱਦ ਕਰ ਦਿੱਤੀ ਗਈ ਹੈ ਜਿਸ ਨਾਲ ਪ੍ਰੋ. ਭੁੱਲਰ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਹੈ। ਰਾਸ਼ਟਰਪਤੀ ਦੁਆਰਾ ਅਪੀਲ ਰੱਦ ਕਰਨ ਤੋਂ ਬਾਅਦ ਪ੍ਰੋ. ਭੁੱਲਰ ਨੇ ਆਪਣੇ ਵਕੀਲ ਰਾਹੀਂ ਮੁੜ ਸੁਪਰੀਮ ਕੋਰਟ ਵਿੱਚ ਫ਼ਾਂਸੀ ਦੀ ਸਜ਼ਾ ਰੱਦ ਕਰਨ ਲਈ ਅਪੀਲ ਕੀਤੀ ਜੋ ਅਦਾਲਤ ਵੱਲੋਂ ਠੁਕਰਾ ਦਿੱਤੀ ਗਈ। ਇਸ ਤੋਂ ਬਾਅਦ ਇਹ ਮੁੱਦਾ ਭਖਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਨ੍ਹਾਂ ਰਾਜਨੀਤਕ, ਆਰਥਿਕ ਅਤੇ ਧਾਰਮਿਕ ਕਾਰਨਾਂ ਕਰਕੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਖਰਾਬ ਰਹੀ ਹੈ, ਉਨ੍ਹਾਂ ਨੂੰ ਸਦਾ ਲਈ ਸਮਾਪਤ ਕਰਨ ਦੀ ਪਹਿਲਕਦਮੀ ਅਜੇ ਤਕ ਨਹੀਂ ਹੋਈ। ਭਾਰਤ ਦੀਆਂ ਭਰੋਸੇਯੋਗ ਖੁਫ਼ੀਆ ਏਜੰਸੀਆਂ ਦੀਆਂ ਸੂਚਨਾਵਾਂ ਅਨੁਸਾਰ ਪੰਜਾਬ ਨਾਲ ਸਬੰਧਤ ਖਾੜਕੂ ਸੰਗਠਨਾਂ ਦੇ ਬਚੇ-ਖੁਚੇ ਲੋਕਾਂ ਵੱਲੋਂ ਦੁਬਾਰਾ ਅਤਿਵਾਦ ਫੈਲਾਉਣ ਦੀ ਸਾਜਿਸ਼ਾਂ ਦੀਆਂ ਸੂਚਨਾਵਾਂ ਇਨ੍ਹਾਂ ਕਾਰਨਾਂ ਦਾ ਨਤੀਜਾ ਹਨ। ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਨਾ ਹੋਣ ਕਰਕੇ ਅਜੇ ਵਾਪਰੇ ਦੁਖਾਂਤ ਦੇ ਅੱਲੇ ਜ਼ਖ਼ਮ ਪੂਰਨ ਰੂਪ ਵਿੱਚ ਭਰੇ ਨਹੀਂ ਹਨ।
ਇਹ ਗੱਲ ਵੀ ਧਿਆਨ ਦੀ ਮੰਗ ਕਰਦੀ ਹੈ ਕਿ ਭਾਰਤ ਵਿੱਚ ਸਦੀਵੀ ਸ਼ਾਂਤੀ ਬਣੀ ਰਹੇ ਅਤੇ ਖ਼ਾਸ ਕਰ ਕੇ ਦੇਸ਼ ਦੇ ਸਰਹੱਦੀ ਸੂਬੇ ਪੰਜਾਬ ਵਿੱਚ ਕਿਸੇ ਨੂੰ ਸ਼ਾਂਤੀ ਭੰਗ ਕਰਨ ਦਾ ਮੌਕਾ ਨਾ ਮਿਲੇ। ਸਖ਼ਤ ਸਜ਼ਾਵਾਂ ਜੁਰਮ ਕਰਨ ਵਾਲਿਆਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਜ਼ਰੂਰੀ ਹਨ ਪਰ ਜੇ ਜੁਰਮ ਕਿਸੇ ਵਿਅਕਤੀਗਤ ਲਾਭ ਜਾਂ ਦੁਸ਼ਮਣੀ ਲਈ ਨਹੀਂ ਸਗੋਂ ਲਗਾਤਾਰ, ਗੰਭੀਰ ਅਤੇ ਯੋਜਨਾਬੱਧ ਮਾਨਸਿਕ ਪੀੜਾ ਅਧੀਨ ਕੀਤਾ ਗਿਆ ਹੋਵੇ ਤਾਂ ਸਮੁੱਚੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲੇ ਲੈਣ ਨਾਲ ਤਾਂ ਵਿਰੋਧੀਆਂ ਦੇ ਮਨ ਜਿੱਤੇ ਜਾ ਸਕਦੇ ਹਨ। ਅਜਿਹਾ ਵਿਹਾਰ ਹੀ ਪ੍ਰੋ. ਦਵਿੰਦਰਪਾਲ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਬਾਰੇ ਕੀਤਾ ਜਾਣਾ ਬਣਦਾ ਹੈ।
* ਸੰਪਰਕ: 97800-03333
86% ਹਿੰਦੂਆਂ ਦੇ ਪਾਰਲੀਮੈਂਟ ਪ੍ਰਬੰਧ ’ਚ 2% ਸਿੱਖਾਂ ਨੂੰ ਕਦੇ ਇਨਸਾਫ਼ ਨਹੀਂ ਮਿਲ ਸਕਦਾ : ਮਾਨ
ਖੰਨਾ, 18 ਅਪ੍ਰੈਲ (ਪਰਮਜੀਤ ਸਿੰਘ ਧੀਮਾਨ)IST :: 8 :50 PM ‘‘ਹਿੰਦ ਵਿੱਚ 86% ਹਿੰਦੂਆਂ ਦੀ ਅਬਾਦੀ ਹੈ ਅਤੇ ਸਿੱਖਾਂ ਦੀ ਕੇਵਲ 2% ਅਬਾਦੀ ਹੈ । ਇੱਥੋਂ ਦੀ ਪਾਰਲੀਮੈਂਟ ਵਿੱਚ ਹਮੇਸ਼ਾ ਨੁਮਾਇੰਦਗੀ ਬਹੁਗਿਣਤੀ 86% ਹਿੰਦੂਆਂ ਦੀ ਹੁੰਦੀ ਹੈ । ਜਿੱਥੇ ਸਾਰੇ ਕਾਨੂੰਨ ਬਣਦੇ ਹਨ, ਜਿੱਥੇ ਇੱਥੋ ਦੇ ਜੱਜਾਂ ਅਤੇ ਉ¤ਚ ਅਫ਼ਸਰਸ਼ਾਹੀ ਦੀਆਂ ਨਿਯੁਕਤੀਆਂ ਹੁੰਦੀਆਂ ਹਨ । ਅਜਿਹੇ ਹਿੰਦੂ ਪੱਖੀ ਪ੍ਰਬੰਧ ਵਿੱਚ ਭਾਵੇਂ ਸਿੱਖ ਪੰਜਾਬ ਦੀਆਂ 13 ਸੀਟਾਂ ਵੀ ਜਿੱਤ ਕੇ ਚਲੇ ਜਾਣ, ਹਿੰਦੂ ਪਾਰਲੀਮੈਂਟ ਵਿੱਚ ਸਿੱਖ ਆਪਣੀ ਗੱਲ ਨੂੰ ਨਹੀਂ ਮੰਨਵਾ ਸਕਦੇ । ਇਸ ਲਈ ਸਿੱਖ ਕੌਮ ਨੂੰ ਇਸ ਹਿੰਦੂਤਵ ਗੁਲਾਮੀਅਤ ਵਾਲੀ ਸੋਚ ਦੇ ਚੱਕਰਵਿਊ ਨੂੰ ਤੋੜਨ ਲਈ ਅਤੇ ਜੇਲਾਂ ਵਿੱਚ ਫ਼ਾਂਸੀ ਦੀ ਸਜ਼ਾ ਅਤੇ ਉਮਰ ਕੈਦ ਦੀਆਂ ਸਜ਼ਾਵਾਂ ਭੁਗਤਣ ਵਾਲੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਸਿੱਖ ਕੌਮ ਦਾ ਅਜ਼ਾਦ ਹੋਣਾ ਅਤਿ ਜ਼ਰੂਰੀ ਹੈ । ਜੋ ਕਿ ਅਸੀਂ ਜਮਹੂਰੀਅਤ ਅਤੇ ਅਮਨਮਈ ਲੀਹਾਂ ’ਤੇ ਚੱਲਕੇ ਅਤੇ ਦਲੀਲ ਨਾਲ ਕੌਮਾਂਤਰੀ ਪੱਧਰ ’ਤੇ ਆਪਣੀ ਅਵਾਜ਼ ਉਠਾ ਕੇ ਹੀ ਪ੍ਰਾਪਤ ਕਰ ਸਕਦੇ ਹਾਂ ।’’
ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਮੁੱਚੀਆਂ ਸਿੱਖ ਜੱਥੇਬੰਦੀਆਂ ’ਤੇ ਅਧਾਰਿਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸ਼੍ਰੀ ਫਤਹਿਗੜ ਸਾਹਿਬ ਤੋਂ ਦਿੱਲੀ ਰਾਸ਼ਟਰਪਤੀ ਭਵਨ ਤੱਕ ਕੱਢੇ ਜਾ ਰਹੇ ‘‘ਇਨਸਾਫ਼ ਮਾਰਚ’’ ਦੇ ਇਕੱਠ ਨੂੰ ਗੁਰਦੁਆਰਾ ਜੋਤੀ ਸਰੂਪ ਵਿਖੇ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ । ਉਨਾਂ ਕਿਹਾ ਕਿ 2003 ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਦਾਸ ਉਸ ਸਮੇਂ ਦੇ ਗ੍ਰਹਿ ਵਜੀਰ ਸ੍ਰੀ ਅਡਵਾਨੀ ਨੂੰ ਪ੍ਰੋ. ਭੁੱਲਰ ਦੀ ਰਿਹਾਈ ਲਈ ਮਿਲਣ ਗਏ ਸੀ । ਲੇਕਿਨ ਇਨਾਂ ਮੁਤੱਸਵੀਆਂ ਨੇ ਨਾ ਤਾਂ ਪਹਿਲੇ ਕਈ ਸਿੱਖਾਂ ਨੂੰ ਇਨਸਾਫ਼ ਦਿੱਤਾ ਤੇ ਨਾ ਹੀ ਇਨਾਂ ਤੋਂ ਕੋਈ ਉਮੀਦ ਰੱਖੀ ਜਾ ਸਕਦੀ ਹੈ, ਕਿਉਂਕਿ ਅੱਜ ਕੇਂਦਰ ਦੀ ਸਾਰੀ ਬੀਜੇਪੀ, ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਕਮਲ ਸਰਮਾ, ਕਾਂਗਰਸੀਏ ਵਜ਼ੀਰ ਮੁਨੀਸ਼ ਤਿਵਾੜੀ, ਸੁਨੀਲ ਜਾਖੜ, ਵਿਜੇਇੰਦਰ ਸਿੰਗਲਾ, ਐਮ. ਪੀ. ਅਰਵਿੰਦ ਖੰਨਾ, ਪ੍ਰੋ. ਭੁੱਲਰ ਨੂੰ ਫ਼ਾਂਸੀ ਦੇਣ ਦੀ ਵਕਾਲਤ ਕਰ ਰਹੇ ਹਨ । ਜਦੋਂ ਕਿ ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ, ਜਗਮੀਤ ਸਿੰਘ ਬਰਾੜ, ਪ੍ਰਤਾਪ ਸਿੰਘ ਬਾਜਵਾ ਆਦਿ ਨੇ ਆਪਣੀਆਂ ਜੁਬਾਨਾਂ ਨੂੰ ਜਿੰਦਰੇ ਲਗਾ ਲਏ ਹਨ । ਅਜਿਹੇ ਬਹੁਗਿਣਤੀ ਦੇ ਸਿੱਖ ਵਿਰੋਧੀ ਨਿਜ਼ਾਮ ਵਿੱਚੋਂ ਸਿੱਖ ਕੌਮ ਨੂੰ ਇਨਸਾਫ਼ ਕਿਵੇਂ ਮਿਲ ਸਕਦਾ ਹੈ?
ਉਨਾਂ ਕਿਹਾ ਕਿ ਜਦੋਂ ਚੀਨ ਨਾਲ ਜੰਗ ਹੋਈ, ਪਾਕਿਸਤਾਨ ਨਾਲ ਜੰਗਾਂ ਹੋਈਆਂ ਤਾਂ ਸਿੱਖ ਫੌਜੀਆਂ ਨੇ ਹਿੱਕਾਂ ਡਾਹ ਕੇ ਦੇਸ਼ ਦੀ ਰਾਖੀ ਕੀਤੀ ਅਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ । ਚੀਨ ਦੀ ਅਤੇ ਪਾਕਿਸਤਾਨ ਦੀ ਸਰਹੱਦ ਉਤੇ ਅੱਜ ਵੀ ਸਿੱਖ ਇਮਾਨਦਾਰੀ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ । ਜਦੋਂ ਵੀ ਹਿੰਦ ’ਤੇ ਭੀੜ ਪੈਂਦੀ ਹੈ, ਤਾਂ ਸਿੱਖ ਹੀ ਅੱਗੇ ਹੋ ਕੇ ਕੁਰਬਾਨੀਆਂ ਦਿੰਦੇ ਆ ਰਹੇ ਹਨ । ਹੁਣ ਜਦੋਂ ਸਿੱਖ ਕੌਮ ਨੂੰ ਪ੍ਰੋ. ਭੁੱਲਰ ਦੇ ਮੁੱਦੇ ’ਤੇ ਲੋੜ ਪਈ ਤਾਂ ਹੁਣ ਇਨਾਂ ਕਰੋੜਾਂ ਹਿੰਦੂਆਂ ਵਿੱਚੋਂ ਸਿੱਖ ਕੌਮ ਦੇ ਸੱਚ-ਹੱਕ ਲਈ ਇੱਕ ਵੀ ਹਿੰਦੂ ਸਾਹਮਣੇ ਕਿਉਂ ਨਹੀਂ ਆ ਰਿਹਾ? ਜਦੋਂ ਅੰਗਰੇਜ਼ ਆਪਣੀ ਹਕੂਮਤ ਛੱਡ ਕੇ ਗਏ ਤਾਂ ਉਹਨਾਂ ਨੇ ਜਮਹੂਰੀਅਤ ਦੇ ਨਾਮ ’ਤੇ ਹਿੰਦ ਅਤੇ ਪਾਕ ਬਣਾਏ । ਜਮਹੂਰੀਅਤ ਦਾ ਮਤਲਬ ਹੈ ਕਿ ਬਹੁਗਿਣਤੀ ਦਾ ਰਾਜ । ਹਿੰਦ ਵਿੱਚ ਹਿੰਦੂਆਂ ਦੀ ਬਹੁਗਿਣਤੀ ਹੈ ਅਤੇ ਪਾਕਿਸਤਾਨ ਵਿੱਚ ਮੁਸਲਿਮ ਕੌਮ ਦੀ । ਫਿਰ ਸਿੱਖ ਕੌਮ ਦੀ ਸਥਿਤੀ ਤਾਂ ਦੋਵਾਂ ਹੀ ਮੁਲਕਾਂ ਵਿੱਚ ਗੁਲਾਮੀਅਤ ਵਾਲੀ ਹੈ । ਜਿਸ ਨੂੰ ਅਸੀ ਬਿਲਕੁੱਲ ਪ੍ਰਵਾਨ ਨਹੀ ਕਰਦੇ । ਉਨਾਂ ਕਿਹਾ ਕਿ ਸੰਤ ਸਮਾਜ ਨੇ ਕੂਕ-ਕੂਕ ਕੇ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਬਾਦਲ ਦਲੀਆਂ ਨੂੰ ਜਿੱਤਾਇਆ । ਅੱਜ ਇਸ ਗੰਭੀਰ ਮੁੱਦੇ ’ਤੇ ਸੰਤ ਸਮਾਜ, ਤਖ਼ਤਾਂ ਦੇ ਜੱਥੇਦਾਰ ਸਾਹਿਬਾਨ, ਬਾਦਲ ਦਲੀਏ, ਫੈਡਰੇਸ਼ਨਾਂ, ਮਹਿਤਾ-ਚਾਵਲਾ ਆਦਿ ਵੱਲੋਂ ਗੈਰ ਹਾਜ਼ਰ ਰਹਿਣਾ ਸਾਬਿਤ ਕਰਦਾ ਹੈ ਕਿ ਇਨਾਂ ਨੂੰ ਅਜਿਹੇ ਗੰਭੀਰ ਮੁੱਦਿਆਂ ਅਤੇ ਸਿੱਖ ਕੌਮ ਦੀਆਂ ਮੁਸ਼ਕਲਾਂ ਨਾਲ ਕੋਈ ਵਾਹ ਵਾਸਤਾ ਨਹੀਂ । ਸੰਤ ਸਮਾਜ ਤਾਂ ਅੱਜ ਬਾਹਰਲੇ ਮੁਲਕਾਂ ਵਿੱਚ ਹੈ ਜਾਂ ਫਿਰ ਪੰਜਾਬ ਦੇ ਜਿੰਮੀਦਾਰਾਂ ਤੋ ਜ਼ਬਰੀ ਕਣਕਾਂ ਦੀਆਂ ਬੋਰੀਆਂ ਭਰਾ ਕੇ ਸਿੱਧਾ ਮੰਡੀਆਂ ਵਿੱਚ ਵੇਚਣ ਲਈ ਮਸਰੂਫ ਹੋਇਆ ਪਿਆ ਹੈ ਤਾਂ ਕਿ ਇਨਾਂ ਦੀਆਂ ਮਰਸੀਡੀਜ, ਆਊਡੀ, ਬੀ. ਐਮ. ਡਬਲਿਊ, ਮਹਿੰਗੀਆਂ ਗੱਡੀਆਂ ਅਤੇ ਏ. ਸੀ. ਰਿਹਾਇਸ਼ਾਂ ਰੱਖ ਸਕੇ ।
ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਅੱਜ ਸਮੁੱਚਾ ਅਖੌਤੀ ਸੰਤ ਸਮਾਜ ਬਾਦਲ ਦੀਆਂ ਜੁੱਤੀਆਂ ਚੁੱਕਦਾ ਫਿਰਦਾ ਦਿਖਾਈ ਦੇ ਰਿਹਾ ਹੈ । ਇਹ ਸੰਤ ਸਮਾਜ ਬਾਦਲ ਨੂੰ ਸ੍ਰ. ਭੁੱਲਰ ਸੰਬੰਧੀ ਸਖਤ ਕਦਮ ਚੁੱਕਣ ਲਈ ਕਿਉਂ ਨਹੀਂ ਕਹਿੰਦਾ? ਉਨਾਂ ਕਿਹਾ ਕਿ ਸੰਤ ਸਮਾਜ ਗੁਰੂ ਨਾਨਕ ਸਾਹਿਬ ਦੀ ਦੇਣ ਹੈ ਅਤੇ ਸੰਤ ਸਮਾਜ ਉਹ ਹੁੰਦਾ ਹੈ ਜੋ ਕੌਮ ਅਤੇ ਸਮਾਜ ਨੂੰ ਭੀੜ ਪੈਣ ’ਤੇ ਪੰਥਕ ਲੀਹਾਂ ਉਤੇ ਪਹਿਰਾ ਦੇ ਕੇ ਕੌਮ ਦੀ ਅਗਵਾਈ ਕਰਦਾ ਹੈ । ਜਦੋਂ ਕਿ ਅਜੋਕਾ ਸੰਤ ਸਮਾਜ ਪੰਥਕ ਸੋਚ ਨੂੰ ਤਿਲਾਜਲੀ ਦੇ ਕੇ ਬਾਦਲ ਦਲ ਦਾ ਝੋਲੀ ਚੁੱਕ ਬਣਿਆ ਹੋਇਆ ਹੈ ਅਤੇ ਜ਼ਬਰ-ਜੁਲਮ ਢਾਹੁਣ ਵਾਲਿਆਂ ਦਾ ਹਿੱਸਾ ਬਣਿਆ ਹੋਇਆ ਹੈ । ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਮੌਜੂਦਾ ਬਾਦਲ ਦਲ ਅਤੇ ਐਸ. ਜੀ. ਪੀ. ਸੀ. , ਪ੍ਰੋ. ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦੇ ਨਾਂਅ ’ਤੇ ਕੇਵਲ ‘‘ਮਗਰਮਛ ਦੇ ਹੰਝੂ’’ ਵਹਾ ਰਹੇ ਹਨ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ । ਜੇਕਰ ਇਹ ਸੰਜ਼ੀਦਾ ਹਨ ਤਾਂ ਇਹ ਅੰਸੈਬਲੀ ਦਾ ਵਿਸ਼ੇਸ਼ ਇਜਲਾਸ ਸੱਦ ਕੇ ਪ੍ਰੋ. ਭੁੱਲਰ ਨੂੰ ਰਿਹਾਅ ਕਰਨ ਦਾ ਮਤਾ ਕਿਉਂ ਨਹੀਂ ਪਾਉਂਦੇ ਅਤੇ ਐਸ. ਜੀ. ਪੀ. ਸੀ. ਆਪਣਾ ਇਜਲਾਸ ਸੱਦਕੇ ਅਜਿਹਾ ਉਦਮ ਕਿਉਂ ਨਹੀਂ ਕਰਦੀ? ਸ੍ਰ. ਨਵਕਿਰਨ ਸਿੰਘ ਐਡਵੋਕੇਟ ਅਤੇ ਸ੍ਰ. ਅਮਰ ਸਿੰਘ ਚਾਹਲ ਐਡਵੋਕੇਟ ਨੇ ਕਾਨੂੰਨੀ ਨੁਕਤਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ 5 ਜੱਜਾਂ ਦੇ ਪੈਨਲ ਦੇ ਫੈਸਲੇ ਨੂੰ 2 ਜੱਜਾਂ ਦਾ ਪੈਨਲ ਬਿਲਕੁੱਲ ਨਹੀਂ ਬਦਲ ਸਕਦਾ । ਲੇਕਿਨ ਭੁੱਲਰ ਦੇ ਮਾਮਲੇ ਵਿੱਚ ਦੋ ਹਿੰਦੂ ਜੱਜਾਂ ਨੇ ਮੁਤੱਸਵੀ ਸੋਚ ਅਧੀਨ ਅਜਿਹਾ ਕੀਤਾ ਜਦੋਂ ਕਿ ਸਭ ਤੋ ਸੀਨੀਅਰ ਜੱਜ ਬੀ. ਐਮ. ਸ਼ਾਹ ਨੇ ਪ੍ਰੋ. ਭੁੱਲਰ ਨੂੰ ਆਜ਼ਾਦ ਕਰਨ ਦੀ ਰਾਇ ਲਿਖੀ ਸੀ । ਫਿਰ ਪੁਲਿਸ ਵੱਲੋਂ ਜ਼ਬਰੀ ਦਸਤਖ਼ਤ ਕਰਵਾ ਕੇ ਪ੍ਰੋ. ਭੁੱਲਰ ਦੇ ਇਕਬਾਲੀਆ ਬਿਆਨ ਦੇ ਅਧਾਰ ’ਤੇ ਫ਼ਾਂਸੀ ਨਹੀਂ ਦਿੱਤੀ ਜਾ ਸਕਦੀ । ਫਿਰ ਅਮਰੀਕਾ ਅਤੇ ਜਰਮਨ ਨੇ ਵੀ ਹਿੰਦ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ । ਇਹ ਤਾਂ ਕੇਵਲ ਸਿੱਖਾਂ ਨੂੰ ਮਾਰਨ, ਉਹਨਾਂ ਦੇ ਹੱਕ ਕੁਚਲਣ ਅਤੇ ਉਹਨਾਂ ਦੀ ਅਵਾਜ਼ ਨੂੰ ਦਬਾਉਣ ਲਈ ਨਿਰੰਤਰ ਇੱਕ ਸੋਚੀ ਸਮਝੀ ਸਾਜਿਸ ਅਧੀਨ ਕੀਤਾ ਜਾ ਰਿਹਾ ਹੈ । ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ । ਅੱਜ ਦਾ ਇਨਸਾਫ਼ ਮਾਰਚ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ । ਸਮੁੱਚੇ ਬੁਲਾਰਿਆਂ ਨੇ ਸ੍ਰ. ਜਸਪਾਲ ਸਿੰਘ ਹੇਰਾਂ ਸੰਪਾਦਕ ਪਹਿਰੇਦਾਰ ਅਤੇ ਪਹਿਰੇਦਾਰ ਅਦਾਰੇ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ਵਿਢੇ ਸੰਜੀਦਗੀ ਭਰੇ ਪ੍ਰੋਗਰਾਮ ਦੀ ਭਰਪੂਰ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਸਮੇਂ ਦੇ ਕਵੀ ਅਤੇ ਲੇਖਕ ਹੀ ਇਮਾਨਦਾਰੀ ਨਾਲ ਕੌਮਾਂ ਅਤੇ ਸਮਾਜ ਨੂੰ ਅਗਵਾਈ ਦਿੰਦੇ ਹਨ ਜਿਵੇਂ ਕਿ ਬੀਤੇ ਸਮੇਂ ਵਿੱਚ ਭਾਈ ਨੰਦ ਲਾਲ ਜੀ, ਭਾਈ ਕਹਾਨ ਸਿੰਘ ਨਾਭਾ, ਭਾਈ ਸੰਤੋਖ ਸਿੰਘ । ਅੱਜ ਦੇ ਬੁਲਾਰਿਆਂ ਵਿੱਚ ਸਿਮਰਨਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਜੱਥੇਦਾਰ ਰਣਜੀਤ ਸਿੰਘ, ਸ੍ਰ. ਗੁਰਤੇਜ ਸਿੰਘ ਆਈ. ਏ ਐਸ., ਜਸਟਿਸ ਅਜੀਤ ਸਿੰਘ ਬੈਂਸ, ਨਵਕਿਰਨ ਸਿੰਘ ਐਡਵੋਕੇਟ, ਅਮਰ ਸਿੰਘ ਚਾਹਲ ਐਡਵੋਕੇਟ, ਜਸਪਾਲ ਸਿੰਘ ਹੇਰਾਂ, ਜਗਦੀਸ਼ ਸਿੰਘ ਝੀਡਾ, ਪਰਮਜੀਤ ਸਿੰਘ ਸਹੌਲੀ ਸੁਤੰਤਰ ਅਕਾਲੀ ਦਲ, ਧਿਆਨ ਸਿੰਘ ਮੰਡ, ਹਰਪਾਲ ਸਿੰਘ ਚੀਮਾ, ਕਰਮਜੀਤ ਸਿੰਘ ਪੰਨੂ ਐਡਵੋਕੇਟ ਪੀਪਲਜ਼ ਪਾਰਟੀ, ਬਲਦੇਵ ਸਿੰਘ ਮਾਨ, ਗੁਰਨਾਮ ਸਿੰਘ ਸਿੱਧੂ, ਭਾਈ ਮੋਹਕਮ ਸਿੰਘ ਖ਼ਾਲਸਾ ਐਕਸ਼ਨ ਕਮੇਟੀ, ਰਜਿੰਦਰ ਸਿੰਘ ਖ਼ਾਲਸਾ ਪੰਚਾਇਤ, ਕੰਵਰਪਾਲ ਸਿੰਘ ਧਾਮੀ, ਕਰਨੈਲ ਸਿੰਘ ਪੀਰਮੁਹੰਮਦ, ਅਮਰੀਕ ਸਿੰਘ ਈਸੜੂ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਸਤਨਾਮ ਸਿੰਘ ਮਨਾਵਾ ਆਦਿ ਤੋ ਇਲਾਵਾ ਜੋਗਿੰਦਰ ਸਿੰਘ ਸੈਂਪਲਾ, ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਭਾਗੋਵਾਲ, ਸਤਨਾਮ ਸਿੰਘ ਗੋਬਿੰਦਗੜ, ਹਰਦੇਵ ਸਿੰਘ ਪੱਪੂ, ਗਿਆਨ ਸਿੰਘ ਸੈਂਪਲੀ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਅਰਦਾਸ ਸ੍ਰੀ ਫਤਹਿਗੜ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਚੀਮਾ ਨੇ ਕੀਤੀ, ਉਪਰੰਤ ਕਾਫ਼ਲੇ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੋ ਦਿੱਲੀ ਵੱਲ ਤੋਰਿਆ ਗਿਆ । ਸੰਗਤਾਂ ਵਿੱਚ ਭਾਰੀ ਰੋਹ ਅਤੇ ਜੋਸ਼ ਵੇਖਣ ਵਾਲਾ ਸੀ ।
ਦਮਦਮਾ ਸਾਹਿਬ ਤਲਵੰਡੀ ਸਾਬੋ / 13 ਅਪਰੈਲ/ ਬੀ ਐਸ ਭੁੱਲਰ
ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਵਿਚ ਅਮਨ‑ਕਾਨੂੰਨ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਪ੍ਰਤੀ ਅਕਾਲੀ‑ਭਾਜਪਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਪੰਜਾਬ ਸਰਕਾਰ ਸੂਬੇ ਵਿਚ ਫਿਰਕੂ ਸਦਭਾਵਨਾ, ਏਕਤਾ, ਆਪਸੀ ਮੇਲ-ਜੋਲ ਦੀ ਸਾਂਝ ਬਣਾਈ ਰੱਖਣ ਲਈ ਪੂਰਨ ਤੌਰ ’ਤੇ ਦ੍ਰਿੜ ਹੈ।
ਵਿਸਾਖੀ ਦੇ ਦਿਹਾੜੇ ਮੌਕੇ ਅੱਜ ਇੱਥੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਦਾ ਇਕ ਨੁਕਾਤੀ ਏਜੰਡਾ ਰਾਜ ਵਿਚ ਅਮਨ ਸਾਂਤੀ, ਏਕਤਾ, ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣਾ ਹੈ ਤਾਂ ਕਿ ਸੂਬੇ ਦਾ ਸਰਵਪੱਖੀ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਹੋਰ ਵਧੇਰੇ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਵਿਚ ਕਿਸੇ ਨੂੰ ਅਮਨ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰੇਕ ਉੱਦਮ ਰਾਜ ਦੇ ਆਵਾਮ ਦੀ ਬਿਹਤਰੀ ਲਈ ਹੀ ਕੀਤਾ ਜਾ ਰਿਹਾ ਹੈ।
ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਸਰ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਦਿਨ ਹੁਣ ਪੁੱਗ ਚੁੱਕੇ ਹਨ ਅਤੇ ਦੇਸ਼ ਵਾਸੀ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਕਾਇਮ ਕਰਨ ਲਈ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ, ਐਨ.ਡੀ.ਏ. ਦਾ ਮੁੱਖ ਭਾਈਵਾਲ ਹੈ ਅਤੇ ਦੋਵਾਂ ਪਾਰਟੀਆਂ ਵਿਚਕਾਰ ਗੂੜੀ ਸਾਂਝ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਐਨ.ਡੀ.ਏ. ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਊਮੀਦਵਾਰ ਬਾਰੇ ਅਜੇ ਕੁਝ ਕਹਿਣ ਦਾ ਸਹੀ ਸਮਾਂ ਨਹੀਂ ਹੈ ਅਤੇ ਗਠਜੋੜ ਭਾਈਵਾਲਾਂ ਵੱਲੋਂ ਆਪਸੀ ਵਿਚਾਰ ਚਰਚਾ ਰਾਹੀਂ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਕਾਨਫਰੰਸ ਦੌਰਾਨ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰ; ਬਾਦਲ ਨੇ ਆਖਿਆ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਸੰਘਰਸ਼ ਲਈ ਅਤੇ ਮੁਲਕ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿਚ ਲਾਮਿਸਾਲ ਯੋਗਦਾਨ ਪਾਇਆ ਹੈ ਪਰ ਕਾਂਗਰਸ ਨੇ ਪੰਜਾਬ ਦੇ ਇਸ ਯੋਗਦਾਨ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰਕੇ ਸੂਬੇ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਰਾਜ ਦੇ ਕਿਸਾਨਾਂ ਦੇ ਹਿੱਤਾਂ ਦੀ ਉਕਾ ਹੀ ਪ੍ਰਵਾਹ ਨਹੀਂ ਕਰਦੀ ਅਤੇ ਕੇਂਦਰ ਦੀਆਂ ਅਜਿਹੀਆਂ ਹੀ ਦੋਸ਼ਪੂਰਨ ਖੇਤੀ ਨੀਤੀਆਂ ਕਾਰਨ ਰਾਜ ਦੀ ਕਿਸਾਨੀ 32000 ਕਰੋੜ ਰੁਪਏ ਦੀ ਕਰਜਾਈ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਲਈ 5700 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਉਪਲਬੱਧ ਕਰਵਾ ਰਹੀ ਹੈ।
ਅਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਪੂਰੀ ਤਰਾਂ ਸਫਾਇਆ ਕਰਨ ਅਤੇ ਲੋਕ ਪੱਖੀ ਅਕਾਲੀ ਭਾਜਪਾ ਗਠਜੋੜ ਦਾ ਸਾਥ ਦੇਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦ ਲੋਕ ਵਿਰੋਧੀ ਕਾਂਗਸਰ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਸੱਤਾ ਵਿਚੋਂ ਬਾਹਰ ਕਰਕੇ ਕੇਂਦਰ ਵਿਚ ਲੋਕ ਪੱਖੀ ਐਨ.ਡੀ.ਏ. ਦੀ ਸਰਕਾਰ ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤ ਯੂ.ਪੀ.ਏ. ਸਰਕਾਰ ਦੇ ਰਾਜ ਵਿਚ ਸੁਰੱਖਿਅਤ ਨਹੀਂ ਹਨ ਅਤੇ ਕੇਂਦਰ ਵਿਚ ਐਨ.ਡੀ.ਏ. ਸਰਕਾਰ ਦੇ ਗਠਨ ਨਾਲ ਹੀ ਪੰਜਾਬ ਦੇ ਵਿਕਾਸ ਦਾ ਨਵਾਂ ਰਾਹ ਖੁੱਲ ਸਕੇਗਾ।
ਇਸ ਤਂੋ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦੇਸ ਦੀ ਕੁਲ ਅਬਾਦੀ ਦਾ 2 ਫੀ ਸਦੀ ਹੋਣ ਦੇ ਬਾਵਜੁਦ ਪੰਜਾਬੀਆ ਨੇ ਹਰ ਖੇਤਰ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਨਾਲ ਹੀ ਉਨਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਹੱਕਾਂ ’ਤੇ ਛਾਪਾ ਮਾਰਿਆ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰ ਕੇਂਦਰ ਸਰਕਾਰ ਖਿਲਾਫ਼ ਮੋਰਚੇ ਲਾਏ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੂੰ ਪੰਜਾਬੀਆਂ ਦੀ ਸਹੀ ਮਾਅਨਿਆਂ ਵਿੱਚ ਨੁਮਾਇੰਦਗੀ ਕਰਨ ਵਾਲੀ ਸਰਕਾਰ ਦੱਸਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਸਾਰੇ ਵਰਗਾਂ ਦੀ ਸਰਬਪੱਖੀ ਭਲਾਈ ਦੇ ਨਾਲ ਨਾਲ ਸੂਬੇ ਦੇ ਬਹੁਮੁਖੀ ਵਿਕਾਸ ਲਈ ਭਰਪੂਰ ਉਪਰਾਲੇ ਕਰ ਰਹੀ ਹੈ।
ਕਾਂਗਰਸ ਦੇ ਸੂਬਾਈ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੂੰ ਕਰੜੇ ਹੱਥੀਂ ਲੈਂਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸ. ਬਾਜਵਾ ਨੂੰ ਤਾਂ ਸੂਬੇ ਦੀ ਭੂਗੋਲਿਕ ਸਥਿਤੀ ਦਾ ਭੋਰਾ ਵੀ ਗਿਆਨ ਵੀ ਨਹੀਂ, ਇੱਥੋਂ ਤੱਕ ਕਿ ਉਨ੍ਹਾਂ ਨੂੰ ਬਹੁਤੇ ਕਸਬਿਆਂ ਦਾ ਨਾਂ ਵੀ ਨਹੀਂ ਪਤਾ। ਗੁਰਦਾਸਪੁਰ ਲੋਕ ਸਭਾ ਚੋਣਾਂ ਵਿੱਚ ਸ. ਬਾਜਵਾ ਨੂੰ ਮੁੜ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਉਨ੍ਹਾਂ ਆਖਿਆ ਕਿ ਇਹ ਚੋਣ ਸ. ਬਾਜਵਾ ਦੀ ਲੋਕਾਂ ਵਿੱਚ ਪ੍ਰਸਿੱਧਤਾ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦੇਵੇਗੀ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਲੋਕਾਂ ਦੇ ਵਿਕਾਸ ਲਈ ਵਿੱਢੀਆਂ ਗਈਆਂ ਮੁਹਿੰਮਾਂ ਬਾਰੇ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਸੂਬਾ ਸਰਕਾਰ ਨੇ ਗਰੀਬ ਪਰ ਹੋਣਹਾਰ ਬੱਚਿਆਂ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 80 ਫੀਸਦੀ ਜਾਂ ਇਸ ਤੋਂ ਉਪਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 30,000 ਰੁਪਏ ਦਾ ਸਾਲਾਨਾ ਵਜ਼ੀਫਾ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਸੂਬਾ ਭਰ ਦੇ ਸਰਕਾਰੀ ਆਈ.ਟੀ.ਆਈਜ਼ ਵਿੱਚ ਲੜਕੀਆਂ ਨੂੰ ਤਕਨੀਕੀ ਸਿੱਖਿਆ ਮੁਫਤ ਦਿੱਤੀ ਜਾਵੇਗੀ।
ਇਸ ਮੌਕੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਅੱਜ ਦਾ ਦਿਨ ਪੰਜਾਬੀਆਂ ਲਈ ਇਤਿਹਾਸਕ ਦਿਨ ਹੈ ਅਤੇ ਸਮੂਹ ਸਿੱਖਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਕੀ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਰਹੇ ਹਨ? ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਕੁਰਬਾਨੀ ਭਰਿਆ ਇਤਿਹਾਸ ਹੈ ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਚਾਨਣ-ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਦੇਸ਼ ਨੂੰ ਅੰਗਰੇਜ਼ ਦੇ ਚੁੰਗਲ ਵਿੱਚੋਂ ਕੱਢਣ ਲਈ ਆਜ਼ਾਦੀ ਅੰਦੋਲਨ ਵਿੱਚ ਪਾਏ ਗਏ ਯੋਗਦਾਨ ਅਤੇ ਆਜ਼ਾਦੀ ਉਪਰੰਤ ਦੇਸ਼ ਨੂੰ ਅਨਾਜ ਵਿੱਚ ਸਵੈ-ਨਿਰਭਰ ਬਣਾਉਣ ਦੇ ਨਾਲ ਨਾਲ ਮੁਲਕ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਪਾਏ ਗਏ ਯੋਗਦਾਨ ਸ਼ਲਾਘਾਯੋਗ ਹੈ।
ਆਪਣੇ ਸੰਬੋਧਨ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮਾਲ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੀ ਯੂ.ਪੀ.ਏ. ਸਰਕਾਰ ਦੀ ਤੁਲਨਾ ਅਹਿਮਦ ਸ਼ਾਹ ਅਬਦਾਲੀ ਦੇ ਜ਼ਾਲਮਾਨਾ ਸ਼ਾਸਨ ਨਾਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ਲੋਕਾਂ ਕੋਲ ਇਕ ਸੁਨਹਿਰੀ ਮੌਕਾ ਹੈ ਤਾਂ ਜੋ ਉਹ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਉਨ੍ਹਾਂ ਦੇ ਕੁਸਾਸ਼ਨ ਲਈ ਸਬਕ ਸਿਖਾ ਸਕਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਪੰਜਾਬ ਪ੍ਰਤੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਉਦਾਸੀਨ ਰਵਈਏ ਤੋਂ ਦੁੱਖੀ ਹਨ ਕਿਉਂਕਿ ਇਸ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਵੀ ਪ੍ਰੋਜੈਕਟ ਜਾਂ ਗ੍ਰਾਂਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਯੁ.ਪੀ.ਏ. ਸਰਕਾਰ ਵੱਲੋਂ ਸਾਰੇ ਪ੍ਰੋਜੈਕਟ ਰਾਏ ਬਰੇਲੀ ਅਤੇ ਅਮੇਠੀ ਵਿਚ ਹੀ ਭੇਜੇ ਗਏ ਹਨ ਜੋ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਲੋਕ ਸਭਾ ਹਲਕੇ ਹਨ।
ਇਸ ਮੌਕੇ ਸ: ਜਨਮੇਜਾ ਸਿੰਘ ਸੇਖੋਂ ਸਿੰਚਾਈ ਮੰਤਰੀ ਪੰਜਾਬ, ਸ: ਸਿੰਕਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਪੰਜਾਬ, ਰਾਜ ਸਭਾ ਮੈਂਬਰ ਸ: ਬਲਵਿੰਦਰ ਸਿੰਘ ਭੁੰਦੜ, ਸ੍ਰੀ ਸਰੂਪ ਚੰਦ ਸਿੰਗਲਾ ਤੇ ਸੰਤ ਬਲਬੀਰ ਸਿੰਘ ਘੁੰਨਸ (ਦੋਵੇਂ ਮੁੱਖ ਸੰਸਦੀ ਸਕੱਤਰ), ਅਕਾਲੀ ਆਗੂ ਸ: ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਸ: ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਰਾਜ ਸਭਾ ਮੈਂਬਰ ਸ੍ਰੀਮਤੀ ਗੁਰਚਰਨ ਕੌਰ, ਸ: ਦਰਸ਼ਨ ਸਿੰਘ ਕੋਟਫੱਤਾ, ਸ: ਬਲਬੀਰ ਸਿੰਘ ਸਿੱਧੂ ਹਲਕਾ ਇੰਚਾਰਜ ਤੇ ਭਾਜਪਾ ਆਗੂ ਸ੍ਰੀ ਦਿਆਲ ਸੋਢੀ ਹਾਜ਼ਰ ਸਨ।
ਪਟਿਆਲਾ, 7ਅਪ੍ਰੈਲ (ਗੁਰਨਾਮ ਸਿੰਘ ਅਕੀਦਾ): ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉਸ ਪ੍ਰੋਗਰਾਮ ਵਿਚ ਜਾਣ ਦੀ ਆਗਿਆ ਨਹੀਂ ਹੈ ਜਿਥੇ ਕਿ ਬਾਦਲਾਂ ਦੀ ਹਾਜਰੀ ਹੋਵੇ, ਪੰਜਾਬ ਪੁਲਸ ਨੇ ਸਿੱਧੇ ਤੌਰ ਦੇ ਅਜਿਹੇ ਸਮਾਗਮਾਂ ਵਿਚ ਕਿਰਪਾਨ ਲੈ ਜਾਣ ਤੇ ਪਾਬੰਦੀ ਲਾ ਦਿਤੀ ਹੈ। ਇਹ ਘਟਨਾ ਅੱਜ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਵਾਪਰੀ ਜਿਥੇ ਕਿ ਪੰਥ ਰਤਨ ਜਥੇ. ਟੌਹੜਾ ਦੇ ਪਿਆਰ ਦੇ ਕਰਕੇ ਤਿੰਨ ਨਿਹੰਗ ਸਿੰਘ ਸਰਧਾ ਦੇ ਫੁੱਲ ਭੇਂਟ ਕਰਨ ਲਈ ਆ ਗਏ ਤਾਂ ਉਨਾਂ ਕੋਲ ਪੰਜਾਬ ਪੁਲਸ ਨੇ ਤਿੰਨ ਫੁੱਟੀ ਕਿਰਪਾਨ ਦੇਖੀ ਤਾਂ ਸਪਸ਼ਟ ਸਬਦਾਂ ਵਿਚ ਕਹਿ ਦਿਤਾ ਕਿ ਤੁਸੀਂ ਬਰਸੀ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਦੇ, ਨਿਹੰਗ ਸਿੰਘ ਆਪਣੀ ਜਥੇਦਾਰ ਟੋਹੜਾ ਪ੍ਰਤੀ ਪ੍ਰੇਮ ਦੀ ਪਟਾਰੀ ਖੋਹਲ ਕੇ ਪੁਲਸ ਨੂੰ ਦਿਖਾਉਦੇ ਰਹੇ ਪਰ ਪੁਲਸ ਨੇ ਪੰਜਾਬ ਨੂੰ ਫਰਾਂਸ ਹੀ ਬਣਾ ਦਿਤਾ, ਮੌਕੇ ਤੇ ਐਸ ਜੀ ਪੀ ਸੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਆ ਗਏ ਉਹਨਾਂ ਨੇ ਪੁਲਸ ਨੂੰ ਬੇਨਤੀਆਂ ਕੀਤੀਆਂ ਕਾਫੀ ਬੇਨਤੀਆਂ ਕਰਨ ਤੋਂ ਬਾਅਦ ਪੁਲਸ ਨੇ ਇਨਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਸ. ਪੰਜੋਲੀ ਨਾਲ ਅੰਦਰ ਜਾਣ ਦੀ ਆਗਿਆ ਦਿਤੀ ਜਿਸ ਵਿਚ ਇਹ ਸ਼ਰਤ ਸੀ ਕਿ ਤੁਸੀਂ ਮੱਥਾ ਟੇਕ ਕੇ ਵਾਪਸ ਇਥੇ ਹੀ ਆਉਣਾ ਹੈ ਇਸ ਤੇ ਕਰਨੈਲ ਸਿੰਘ ਪੰਜੋਲੀ ਨੇ ਨਿਹੰਗ ਸਿੰਘਾਂ ਦੀ ਮਨ ਦੀ ਤ੍ਰਿਪਤੀ ਵੀ ਕੀਤੀ ਅਤੇ ਪੁਲਸ ਦਾ ਕਹਿਣਾ ਵੀ ਮੰਨਿਆ ਉਨਾ ਨਿਹੰਗ ਸਿੰਘਾਂ ਨੂੰ ਜਥੇਦਾਰ ਟੋਹੜਾ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਵਾਪਸ ਪੁਲਸ ਹੁਕਮਾਂ ਅਨੁਸਾਰ ਬਾਹਰ ਲੈ ਆਇਆ।
ਸ੍ਰੀ ਮੁਕਤਸਰ ਸਾਹਿਬ 3 ਅਪ੍ਰੈਲ ਕੁਲਦੀਪ ਸਿੰਘ ਘੁਮਾਣ 
ਸਿੱਖ ਪੰਥ ਦੇ ਮੰਨੇ ਪ੍ਰਮੰਨੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂ ਵਾਲ ਵਾਲਿਆਂ ਦਾ ਸ਼ੁਭ ਆਨੰਦ ਕਾਰਜ ਅੱਜ ਮੁਕਤਸਰ ਸਾਹਿਬ ਦੇ ਨੇੜਲੇ ਕਸਬੇ ਸਰਾਏਨਾਗਾ ਵਿਖੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦੂਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਥਾਨ ਤੇ ਦੁਪਹਿਰ ਇੱਕ ਵਜੇ ਪੂਰਨ ਗੁਰ ਮਰਿਆਦਾ ਅਨੁਸਾਰ ਹੋਇਆ। ਉਹਨਾਂ ਦੀ ਧਰਮ ਸੁਪਤਨੀ ਬੀਬੀ ਸੁਖਮੀਤ ਕੌਰ ਖਾਲਸਾ ਪੁੱਤਰੀ ਡਾ. ਗੁਰਮੀਤ ਸਿੰਘ ਵਾਸੀ ਮੰਡੀ ਬਰੀਵਾਲਾ ਦੀ ਰਹਿਣ ਵਾਲੀ ਹੈ ਅਤੇ ਉਹਨਾਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਹੈ। ਇਸ ਵਿਆਹ ਸਮਾਗਮ ਵਿਚ ਸ.ਸਿਮਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬੀਬੀ ਕਰਨ ਕੌਰ ਬਰਾੜ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਅਤੇ ਬਾਬਾ ਗੁਰਿੰਦਰਪਾਲ ਸਿੰਘ ਢਿਲੋ ਮੁਖੀ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ.ਜਸਪਾਲ ਸਿੰਘ ਹੇਰਾਂ ਮੁਖ ਸੰਪਾਦਕ ਰੋਜ਼ਾਨਾ ਪਹਿਰੇਦਾਰ, ਵੀ ਵਿਆਹ ਵਾਲੀ ਜੋੜੀ ਨੂੰ ਸ਼ੁਭ ਕਾਮਨਾਵਾਂ ਦੇਣ ਪਹੁੰਚੇ ਹੋਏ ਸਨ। ਇਸ ਮੌਕੇ ਹੋਰ ਵੀ ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਤੋ ਇਲਾਵਾ ਤਕਰੀਬਨ 4 ਹਜ਼ਾਰ ਲੋਕਾਂ ਦੇ ਇਕੱਠ ਨੇ ਇਸ ਵਿਆਹ ਸਮਾਗਮ ਵਿਚ ਸ਼ਮੂਲੀਅਤ ਕੀਤੀ।




