ਕਾਂਗਰਸ ਨੇ ਐਲਾਨ ਕੀਤਾ ਹੈ ਕਿ ਸੜਕਾਂ ਜਾਮ ਕਰਨ ਦੇ ਦੋਸ਼ ਹੇਠ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਣੇ 2200 ਅਕਾਲੀਆਂ ’ਤੇ ਦਰਜ ਕੇਸਾਂ ਨੂੰ ਅੰਜਾਮ ਤਕ ਪਹੁੰਚਾਇਆ ਜਾਵੇਗਾ। ਇਹ ਐਲਾਨ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਂਝੇ ਤੌਰ ’ਤੇ ਕੀਤਾ।
ਜਾਖੜ ਨੇ ਕਿਹਾ ਕਿ ਅਕਾਲੀ ਵਰਕਰਾਂ ਖ਼ਿਲਾਫ਼ ਧਾਰਾ 307 ਦਾ ਕੋਈ ਪਰਚਾ ਰੱਦ ਨਹੀਂ ਕੀਤਾ ਗਿਆ ਅਤੇ ਜਾਂਚ ਬਾਅਦ ਮੁਕੰਮਲ ਕਾਨੂੰਨੀ ਕਾਰਵਾਈ ਹੋਵੇਗੀ। ਜਾਖੜ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਸੁਖਬੀਰ ਬਾਦਲ ਸਣੇ 2200 ਅਕਾਲੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਦਿਨ ਹੋਈਆਂ ਝੜਪਾਂ ਬਾਰੇ ਜਾਖੜ ਨੇ ਕਿਹਾ ਕਿ ਅਕਾਲੀਆਂ ਵੱਲੋਂ ਗੋਲੀਆਂ ਚਲਾਏ ਜਾਣ ਦੇ ਉਨ੍ਹਾਂ ਕੋਲ ਵੀਡੀਓ ਸਬੂਤ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਐਨੀ ਸਮਝ ਹੋਣੀ ਚਾਹੀਦੀ ਹੈ ਕਿ ਦਰਜ ਕੀਤੇ ਪਰਚੇ ਬਿਨਾਂ ਜਾਂਚ ਦੇ ਰੱਦ ਨਹੀਂ ਹੋ ਸਕਦੇ।
ਸੁਖਬੀਰ ਬਾਦਲ ਅਤੇ ਹੋਰ ਅਕਾਲੀਆਂ ਦੀ ਗ੍ਰਿਫ਼ਤਾਰੀ ਦੇ ਸਵਾਲ ’ਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਭ ਦਾ ਨੰਬਰ ਲੱਗੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਕੈਪਟਨ ਅਮਰਿੰਦਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਬਾ-ਇੱਜ਼ਤ ਧਰਨੇ ਤੋਂ ਉਠਾਇਆ, ਨਹੀਂ ਤਾਂ ਅਕਾਲੀਆਂ ਨਾਲ ਉਨ੍ਹਾਂ ਵਾਲਾ ਤਰੀਕਾ ਵੀ ਵਰਤਿਆ ਜਾ ਸਕਦਾ ਸੀ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੁਖਬੀਰ ਆਪਣਾ ਵੇਲਾ ਯਾਦ ਕਰੇ ਜਦੋਂ ਉਸ ਨੇ ਨਗਰ ਨਿਗਮ ਚੋਣਾਂ ਵੇਲੇ ਅੰਮ੍ਰਿਤਸਰ ’ਚ ਕਾਂਗਰਸ ਦੇ 18 ਕੌਂਸਲਰ ਹੀ ਘਰੋਂ ਚੁਕਵਾ ਦਿੱਤੇ ਸਨ ਅਤੇ ਜਿੱਤੇ ਹੋਇਆ ਨੂੰ ਹਾਰਿਆ ਐਲਾਨ ਦਿੱਤਾ ਸੀ।

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਇੱਥੇ ਪੱਜੇ ਯਾਤਰੀ ਜੋੜੇ ਕੋਲੋਂ 15 ਕਿੱਲੋ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ ਕਰੀਬ ਸਾਢੇ 4 ਕਰੋੜ ਰੁਪਏ ਦੱਸੀ ਜਾ ਰਹੀ ਹੈ ।
ਤਰਨ ਤਾਰਨ ਵਾਸੀ ਤਰਨਜੀਤ ਸਿੰਘ ਸੁਧਾਨਾ ਤੇ ਉਸ ਦੀ ਪਤਨੀ ਸਵਿੰਦਰ ਕੌਰ ਦੁਬਈ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਪੁੱਜਣ ਤੋਂ ਪਹਿਲਾਂ ਹੀ ਕਸਟਮ ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਜੋੜਾ ਸੋਨਾ ਲੈ ਕੇ ਅੰਮਿ੍ਤਸਰ ਆ ਰਿਹਾ ਹੈ । ਉਕਤ ਜੋੜੇ ਵਲੋਂ ਆਪਣੀ ਸੀਟ ਦੀ ਗੱਦੀ ਦੇ ਹੇਠਾਂ ਕਰੀਬ 15 ਕਿੱਲੋ ਸੋਨਾ ਲੰਮੀ ਤਾਰ ਦੇ ਰੂਪ ' ਛੋਟੇ ਪੈਕਟ ਬਣਾ ਕੇ ਰੱਖਿਆ ਹੋਇਆ ਸੀ, ਜਿਸ ਨੂੰ ਕਸਟਮ ਅਧਿਕਾਰੀਆਂ ਵਲੋਂ ਆਪਣੇ ਕਬਜ਼ੇ 'ਚ ਲੈ ਕੇ ਉਕਤ ਯਾਤਰੀ ਜੋੜੇ ਨੂੰ ਤੁਰੰਤ ਗਿ੍ਫ਼ਤਾਰ ਕਰ ਲਿਆ ਗਿਆ ।

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਮਾਨਦਾਰ ਤੇ ਧਾਰਮਿਕ ਦਿੱਖ ਵਾਲੇ ਆਗੂ ਹਨ ਅਤੇ ਉਹ ਉਨ੍ਹਾਂ ਦੇ ਨਿੱਜੀ ਤੌਰ ’ਤੇ ਹਮਾਇਤੀ ਹਨ। ਉਨ੍ਹਾਂ ਦੇ ਡੇਰਾ ਸਿਰਸਾ ਜਾਣ ਦੇ ਵਿਵਾਦ ਬਾਰੇ ਸਰਨਾ ਨੇ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਲੌਂਗੋਵਾਲ ਦਾ ਦਾਅਵਾ ਹੈ ਕਿ ਉਹ ਡੇਰਾ ਸਿਰਸਾ ਨਹੀਂ ਗਏ ਸਨ, ਪਰ ਅਕਾਲ ਤਖ਼ਤ ਵੱਲੋਂ ਡੇਰਾ ਸਿਰਸਾ ਜਾਣ ਵਾਲਿਆਂ ਨੂੰ ਲਾਈ ਤਨਖ਼ਾਹ ਭੁਗਤਣ ਵਾਲਿਆਂ ਵਿੱਚ ਉਹ ਸ਼ਾਮਲ ਸਨ।

ਚੋਣ ਕਮਿਸ਼ਨ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਖਾਸ ਦੀ ਨਗਰ ਪੰਚਾਇਤ ਚੋਣ ਸਬੰਧੀ ਨਾਮਜ਼ਦਗੀ ਨਾ ਕਰ ਸਕਣ ਬਾਰੇ ਪ੍ਰਾਪਤ ਸ਼ਿਕਾਇਤਾਂ ਦੀ ਪੜਤਾਲ ਮਗਰੋਂ ਸੰਭਾਵੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 8 ਦਸੰਬਰ ਦਾ ਦਿਨ ਵੀ ਦਿੱਤਾ ਹੈ। ਹੁਣ ਇੱਥੇ ਵੋਟਾਂ 17 ਦੀ ਥਾਂ 20 ਦਸੰਬਰ ਨੂੰ ਪੈਣਗੀਆਂ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਖਾਸ ਤੇ ਮੱਖੂ, ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਅਤੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਵਿੱਚ ਚੋਣ ਕਾਰਵਾਈ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਸੀ। ਕਮਿਸ਼ਨ ਨੇ ਸ਼ਿਕਾਇਤਾਂ ਦੀ ਜਾਂਚ ਕਰਵਾਈ ਅਤੇ ਜਾਂਚ ਰਿਪੋਰਟਾਂ ਮਗਰੋਂ ਮੱਖੂ, ਘਨੌਰ ਅਤੇ ਬਾਘਾਪੁਰਾਣਾ ਵਿੱਚ ਚੋਣ ਅਮਲ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਮੱਲਾਂਵਾਲਾ ਖਾਸ ਵਿੱਚ ਚੋਣ ਅਮਲ ਨੂੰ ਬਾਕੀ ਚੋਣ ਪ੍ਰਕਿਰਿਆ ਤੋਂ ਵੱਖ ਕਰਦਿਆਂ 8 ਦਸੰਬਰ ਨੂੰ ਵੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇੱਥੇ ਕਾਗਜ਼ਾਂ ਦੀ ਪੜਤਾਲ ਹੁਣ 11 ਦਸੰਬਰ ਨੂੰ ਹੋਵੇਗੀ ਅਤੇ ਵੋਟਾਂ 20 ਦਸੰਬਰ ਨੂੰ ਪੈਣਗੀਆਂ ਤੇ ਇਸੇ ਦਿਨ ਗਿਣਤੀ ਹੋਵੇਗੀ।

ਪੰਜਾਬ ਦੇ ਤਿੰਨ ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਸਮੇਤ ਮਿਉਂਸਿਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਦੌਰ ਖ਼ਤਮ ਹੋ ਗਿਆ। ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਹਨ। ਰਿਟਰਨਿੰਗ ਅਫ਼ਸਰਾਂ ਵੱਲੋਂ ਭਲਕੇ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ 8 ਦਸੰਬਰ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ।ਨਿਗਮ ਤੇ ਕੌਂਸਲ ਚੋਣਾਂ ਲਈ 17 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜਿਆਂ ਦਾ ਐਲਾਨ ਉਸੇ ਦਿਨ ਸ਼ਾਮ ਨੂੰ ਕੀਤਾ ਜਾਵੇਗਾ।

ਪੰਜਾਬ ਸਰਕਾਰ ਨੇ ਧੁੰਦ ਤੇ ਧੂੰਏਂ ਦੀ ਪੱਸਰੀ ਚਾਦਰ ਕਰਕੇ ਐਤਵਾਰ12 ਨਵੰਬਰ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਹੁਕਮ ਦਿੱਤਾ ਹੈ।ਇਨ੍ਹਾਂ ਸਕੂਲਾਂ ਵਿੱਚ ਸਰਕਾਰੀ, ਪ੍ਰਾਈਵੇਟ ਤੇ ਸਹਾਇਤਾ ਪ੍ਰਾਪਤ ਸਕੂਲ ਸ਼ਾਮਲ ਹਨ।ਸਿੱਖਿਆ ਵਿਭਾਗ ਨੇ ਅੱਜ ਨੋਟਿਸ ਜਾਰੀ ਕਰਕੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਹਨ ।

ਕੈਪਟਨ ਅਮਰਿੰਦਰ ਸਿੰਘ ਨੇ ਇੰਗਲੈਂਡ ਦੌਰੇ ਤੋਂ ਪਰਤਦਿਆਂ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਗੁਰਦਾਸਪੁਰ ਲੋਕ ਸਭਾ ਹਲਕੇ ਦੀ 11 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਬਾਰੇ ਮੀਟਿੰਗ ਕੀਤੀ।
ਤਿੰਨੇ ਆਗੂ ਇਸ ਗੱਲ ’ਤੇ ਸਹਿਮਤ ਹਨ ਕਿ ਉਸ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ, ਜਿਸ ਦਾ ਅਕਸ ਸਾਫ਼ ਹੋਵੇ ਤੇ ਉਹ ਚੋਣ ਜਿੱਤਣ ਦੀ ਸਮਰੱਥਾ ਰੱਖਦਾ ਹੋਵੇ।
ਕਾਂਗਰਸ ਪਾਰਟੀ ਦੇ ਕੁਝ ਆਗੂਆਂ ਨੇ ਸਥਾਨਕ ਆਗੂ ਭਾਵ ਜ਼ਿਲ੍ਹੇ ਦੇ ਕਿਸੇ ਆਗੂ ਨੂੰ ਟਿਕਟ ਦੇਣ ਦੇ ਹੱਕ ਵਿੱਚ ਵੀ ਆਵਾਜ਼ ਉਠਾਈ ਹੈ। ਕਾਂਗਰਸ ਹਲਕਿਆਂ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਂ ’ਤੇ ਸਹਿਮਤੀ ਬਣਨ ਦੇ ਸਭ ਤੋਂ ਵੱਧ ਆਸਾਰ ਹਨ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਆਪਣੀ ਪਤਨੀ ਚਰਨਜੀਤ ਬਾਜਵਾ ਨੂੰ ਉਮੀਦਵਾਰ ਬਣਾਉਣ ਲਈ ਯਤਨਸ਼ੀਲ ਹਨ। ਇਸ ਤੋਂ ਇਲਾਵਾ ਇਸ ਹਲਕੇ ਦੇ ਕੁਝ ਹੋਰ ਆਗੂ ਵੀ ਉਮੀਦਵਾਰ ਬਣਨ ਦੇ ਚਾਹਵਾਨ ਹਨ ।

ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਿੱਚ ਲਗਪਗ 80 ਕਰੋੜ ਰੁਪਏ ਖੁਰਦ ਬੁਰਦ ਹੋਣ ਦੀ ਸੰਭਾਵਨਾ ਹੈ ਅਤੇ ਇਸ ਘੁਟਾਲੇ ਦੀ ਵਿਭਾਗੀ ਜਾਂਚ ਤੋਂ ਬਾਅਦ ਮਾਮਲਾ ਅਗਲੇਰੀ ਕਾਰਵਾਈ ਲਈ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲੀਸ ਨੇ ਟਰੱਸਟ ਦੇ 7 ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਖੁਲਾਸਾ ਇਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ।
ਥਾਣਾ ਸਿਵਲ ਲਾਈਨ ਵਿੱਚ ਆਈਏਐਸ ਅਧਿਕਾਰੀ ਸਤੀਸ਼ ਚੰਦਰਾ ਦੀ ਸ਼ਿਕਾਇਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੂਠੇ ਕੇਸਾਂ ਦੀ ਜਾਂਚ ਲਈ ਬਣਾਏ ਗਏ ਸੇਵਾ ਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਵਿਚਲੇ ਕਮਿਸ਼ਨ ਵੱਲੋਂ ਆਪਣੀ ਪਹਿਲੀ ਅੰਤਿ੍ਮ ਰਿਪੋਰਟ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਪੇਸ਼ ਕੀਤੀ ਗਈ । ਇਸ ਕਮਿਸ਼ਨ ਨੂੰ ਕੁੱਲ ਕੋਈ 4200 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ ਕੋਈ 178 ਕੇਸਾਂ 'ਚ ਜਾਂਚ ਦਾ ਕੰਮ ਕੀਤਾ ਗਿਆ ਹੈ । ਮੁੱਖ ਮੰਤਰੀ ਵੱਲੋਂ ਰਾਜ ਦੇ ਸਕੱਤਰ ਗ੍ਰਹਿ ਅਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਨੂੰ ਇਹ ਰਿਪੋਰਟ ਅਤੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਸਮੇਂਬੱਧ ਤਰੀਕੇ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ।
ਕਮਿਸ਼ਨ ਵੱਲੋਂ ਆਪਣੇ ਜਾਇਜ਼ੇ ਦੌਰਾਨ ਪਾਇਆ ਗਿਆ ਕਿ ਭਾਰਤ ਸਰਕਾਰ ਦੇ ਐਨਫੋਰਸਮੈਂਟ ਵਿਭਾਗ ਵੱਲੋਂ 79 ਕੇਸਾਂ ਵਿਚ ਆਪਣੀ ਜਾਂਚ ਤੋਂ ਬਾਅਦ ਕੇਸ ਝੂਠੇ ਪਾਏ । ਜਦੋਂਕਿ ਕਮਿਸ਼ਨ ਵੱਲੋਂ ਹੋਰ 19 ਕੇਸ ਬਕਾਇਦਾ ਬਿਆਨ ਅਤੇ ਸਬੂਤ ਰਿਕਾਰਡ ਕਰਨ ਤੋਂ ਬਾਅਦ ਐਫ ਆਈ ਆਰ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ।

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕੰਬਾਈਨ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀਆਂ ਕੰਬਾਈਨਾਂ ਦੇ ਨਾਲ ਤੁਰੰਤ 'ਸਟਰਾਅ ਮੈਨੇਜਮੈਂਟ ਸਿਸਟਮ ਲਗਵਾਉਣ । ਇਸ ਫ਼ੈਸਲੇ ਨੂੰ 100 ਫੀਸਦੀ ਲਾਗੂ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਤੁਰੰਤ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਰਾਹੀਂ ਕੰਬਾਈਨ ਮਾਲਕਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਇਹ ਸਿਸਟਮ ਲਗਵਾਉਣ ਲਈ ਪ੍ਰੇਰਿਤ ਕਰਨ । ਇਸ ਲਈ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ । ਇਸ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਐਸ.ਐਮ.ਐਸ. ਸਿਸਟਮ ਨਾ ਲਗਵਾਉਣ ਵਾਲੀ ਕੰਬਾਈਨ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ ,ਅਜਿਹੀ ਕੰਬਾਈਨ ਨੂੰ ਚਲਾਨ ਕਰਕੇ ਤੁਰੰਤ ਬੰਦ ਕਰ ਦਿੱਤਾ ਜਾਵੇ ।
ਜ਼ਿਕਰਯੋਗ ਹੈ ਕਿ ਐਸ.ਐਮ.ਐਸ. ਸਿਸਟਮ ਅਜਿਹਾ ਸਿਸਟਮ ਹੈ ਜੋ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੁਤੜ ਦੇਵੇਗਾ, ਜਿਸ ਨੂੰ ਕਿਸਾਨ ਰੋਟਾਵੇਟਰ ਨਾਲ ਖੇਤ 'ਚ ਹੀ ਵਾਹ ਦੇਣਗੇ ।
ਕੰਬਾਈਨ ਮਾਲਕਾਂ ਦਾ ਕਹਿਣਾ ਹੈ ਕਿ ਕੰਬਾਈਨਾਂ ਨਾਲ ਐਸ ਐਮ ਐਸ ਸਿਸਟਮ ਲਗਵਾਉਣ ਲਈ ਕਰੀਬ 1 ਲੱਖ ਰੁਪਏ ਖ਼ਰਚ ਹੋਣਗੇ । ਇਸ ਦੇ ਨਾਲ ਤੇਲ ਖਰਚਾ ਵੀ ਵਧੇਗਾ । ਉਨ੍ਹਾਂ ਕਿਹਾ ਕਿ ਮੌਕੇ 'ਤੇ ਇਕ ਲੱਖ ਰੁਪਏ ਖ਼ਰਚ ਕਰਨੇ ਹਰੇਕ ਕੰਬਾਈਨ ਮਾਲਕ ਲਈ ਬਹੁਤ ਮੁਸ਼ਕਿਲ ਹੈ । ਇਸ ਦੇ ਨਾਲ ਹੀ ਝੋਨੇ ਦੀ ਕਟਾਈ ਦਾ ਰੇਟ ਵੀ ਵਧਾਉਣਾ ਪਵੇਗਾ ।
