ਕੈਲਗਰੀ(ਹਰਬੰਸ ਬੁੱਟਰ) ਇੰਕਾ ਸੀਨੀਅਰ ਸਿਟੀਜਨ ਸੋਸਾਇਟੀ ਕੈਲਗਰੀ ਵਿਖੇ ਇੰਮੀਗਰਾਟ ਸਰਵਿਸਜ਼ ਕੈਲਗਰੀ ਦੇ ਸਹਿਯੋਗ ਨਾਲ ਮੋਹਰ ਲਾਅ ਫਰਮ ਕੈਲਗਰੀ ਵੱਲੋਂ ਇੱਕ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਹਰ ਮਨੁੱਖ ਲਈ ਜਰੂਰੀ ਦਸਤਾਵੇਜ ਦੇ ਤੌਰ ‘ਤੇ ਜਾਣੀ ਜਾਂਦੀ ਵਸੀਅਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਭਾਵੇਂ ਵਸੀਅਤ ਅਸੀਂ ਖੁਦ ਵੀ ਘਰ ਵਿੱਚ ਬੈਠ ਕੇ ਲਿਖ ਸਕਦੇ ਹਾਂ ਪਰ ਫਿਰ ਵੀ ਜੇਕਰ ਕਿਸੇ ਤਜ਼ਰਬੇਕਾਰ ਵਕੀਲ ਦੀ ਮੱਦਦ ਨਾਲ ਵਸੀਅਤ ਲਿਖੀ ਜਾਵੇ ਤਾਂ ਭਵਿੱਖ ਦੀਆਂ ਕਾਨੂੰਨੀ ਅੜਚਣਾਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਹਾਜਿਰ ਲੋਕਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਜਿਹਨਾਂ ਦੇ ਜਵਾਬ ਮੋਹਰ ਲਾਅ ਫਰਮ ਦੇ ਵਕੀਲ ਮਨਦੀਪ ਸਿੰਘ ਮੋਹਰ ਨੇ ਬੜੇ ਸੰਖੇਪ ਪਰ ਜਾਣਕਾਰੀ ਭਰਪੂਰ ਤਰੀਕੇ ਨਾਲ ਜਵਾਬ ਦਿੱਤੇ। ਇੰਮੀਗਰਾਂਟ ਸਰਵਿਸਜ਼ ਕੈਲਗਰੀ ਵੱਲੋਂ ਹਰਵਿੰਦਰ ਢਿੱਲੋਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਕਰਵਾਉਣ ਵਿੱਚ ਦਿਲਚਸਪੀ ਰੱਖਦੀ ਹੈ ਜਿਹੜੇ ਹਰ ਕਿਸੇ ਦੀ ਲੋੜੀਂਦੀ ਲੋੜ ਨੂੰ ਪੂਰਾ ਕਰ ਸਕਣ। ਇੰਕਾ ਦੇ ਪ੍ਰਧਾਨ ਸ: ਬਿੱਕਰ ਸਿੰਘ ਸੰਧੂ ਨੇ ਵੀ ਇਸ ਸੈਮੀਨਾਰ ਦੌਰਾਨ ਬਹੁਤ ਸਾਰੀਆਂ ਕਾਨੂੰਨੀ ਗੁੰਝਲਾਂ ਨੂੰ ਹੋਰ ਸੰਖੇਪ ਵਿੱਚ ਦੱਸਣ ਦੀ ਸਫਲ ਕੋਸਿਸ ਕੀਤੀ ਅਤੇ ਆਏ ਹੋਏ ਸਾਰੇ ਪੰਜਾਬੀ ਭਾਈਚਾਰੇ ਦਾ ਵਿਸੇਸ ਧੰਨਵਾਦ ਕੀਤਾ। ਇਸ ਮੌਕੇ ਦਸਮੇਸ ਕਲਚਰਲ ਸੀਨੀਅਰ ਸੋਸਾਇਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਖੈਰਾ,ਗਲੋਬਲ ਪਰਵਾਸੀ ਤੋਂ ਸੱਤਪਾਲ ਕੋਸਿਲ,ਇੱਕਾ ਦੇ ਪ੍ਰਧਾਨ ਸ: ਸੇਵਾ ਸਿੰਘ ਪਰੇਮੀ, ਮੋਹਨ ਸਿੰਘ ਸੰਧੂ, ਕੇਸਰ ਸਿੰਘ ਨੀਰ , ਇਕਬਾਲ ਖਾਨ, ਸਾਬਕਾ ਪ੍ਰਧਾਨ ਨੈਬ ਸਿੰਘ ਸੰਧੂ ਅਤੇ ਕੈਲਗਰੀ ਦੀਆਂ ਹੋਰ ਬਹੁਤ ਸਾਰੀਆਂ ਨਾਮੀ ਸਖ਼ਸੀਅਤਾਂ ਹਾਜਿਰ ਸਨ।
ਫੋਟੋ ਕੈਪਸਨ: ਵਕੀਲ ਮਨਦੀਪ ਸਿੰਘ ਮੋਹਰ ਅਤੇ ਹਾਜਿ਼ਰ ਕੈਲਗਰੀ ਨਿਵਾਸੀ

ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਬਰਮਿੰਘਮ ਤੱਕ ਸਿੱਧੀ ਫਲਾਈਟ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਪ੍ਰੈਲ ਤੋ ਇਹ ਫਲਾਈਟ ਸੁਰੂ ਹੋਵੇਗੀ। 2003 ਤੋਂ ਲੈ ਕੇ 2006 ਤੱਕ ਅੰਮ੍ਰਿਤਸਰ ਤੋਂ ਬਰਮਿੰਘਮ ਤੱਕ ਸਿੱਧੀ ਫਲਾਈਟ ਚਲਾਈ ਗਈ ਸੀ ਬਾਅਦ 'ਚ ਫਲਾਈਟ ਦਾ ਰੂਟ ਬਦਲ ਕੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰ ਅੱਗੋਂ ਬਰਮਿੰਘਮ ਤੱਕ ਕਰ ਦਿੱਤਾ ਗਿਆ ਸੀ ।

ਅਮਰੀਕੀ ਰੇਲ ਗੱਡੀ ਵਿੱਚ ਸਵਾਰ ਇਕ ਮੁਸਲਿਮ ਵਿਦਿਆਰਥਣ ’ਤੇ ਤਿੰਨ ਸ਼ਰਾਬੀ ਗੋਰਿਆਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ, ਹਮਲਾਵਰਾਂ ਨੇ ਬੁਰਕਾ ਉਤਾਰਨ ਦੀ ਕੀਤੀ ਕੋਸ਼ਿਸ਼। ‘ਡੋਨਲਡ ਟਰੰਪ’ ਦਾ ਨਾਂ ਲੈ ਕੇ ਚੀਕਾਂ ਮਾਰ ਰਹੇ ਇਨ੍ਹਾਂ ਵਿਅਕਤੀਆਂ ਨੇ ਵਿਦਿਆਰਥਣ ਦਾ ਬੁਰਕਾ ਉਤਾਰਨ ਤੋਂ ਪਹਿਲਾਂ ਇਸਲਾਮ ਵਿਰੁੱਧ ਅਪਸ਼ਬਦ ਆਖੇ।ਯਾਸਮਿਨ ਸੇਵੀਦ (18) ਜਦੋਂ ਸਬਵੇਅ ਰਾਹੀਂ ਮੈਨਹੱਟਨ ਵਿੱਚੋਂ ਲੰਘ ਰਹੀ ਸੀ ਤਾਂ ਹਿਜਾਬ ਉਤਾਰਨ ਵਾਲਿਆਂ ਨੇ ਉਸ ਨੂੰ ‘ਅਤਿਵਾਦੀ’ ਆਖਿਆ ਅਤੇ ਰਾਸ਼ਟਰਪਤੀ ਦੀ ਚੋਣ ਜਿੱਤੇ ਟਰੰਪ ਦੇ ਨਾਂ ਉਤੇ ਨਾਅਰੇ ਲਾਏ। ਜਦੋਂ ਇਹ ਸ਼ਰਾਬੀ ਵਿਅਕਤੀ ਵਿਦਿਆਰਥਣ ਦਾ ਬੁਰਕਾ ਉਤਾਰਨ ਦੀ ਕੋਸ਼ਿਸ਼ ਦੌਰਾਨ ਇਸਲਾਮ ਵਿਰੋਧੀ ਸ਼ਬਦ ਬੋਲ ਰਹੇ ਸਨ ਤਾਂ ਬਾਕੀ ਯਾਤਰੀ ਚੁੱਪ-ਚਾਪ ਖੜ੍ਹੇ ਇਹ ਸਭ ਦੇਖ ਰਹੇ ਸਨ। ਵੀਰਵਾਰ ਨੂੰ ਵਾਪਰੀ ਇਸ ਘਟਨਾ ਦੀ ਨਿਊਯਾਰਕ ਪੁਲੀਸ ਵਿਭਾਗ ਦੀ ‘ਨਸਲੀ ਅਪਰਾਧ ਟਾਸਕ ਫੋਰਸ’ ਜਾਂਚ ਕਰ ਰਹੀ ਹੈ।

ਨੋਟਬੰਦੀ ਕਾਰਨ ਆਮ ਜਨਤਾ ਦੇ ਨਾਲ ਨਾਲ ਵਿਆਹ ਦੇ ਸੀਜ਼ਨ ’ਚ ਵੱਡੀ ਗਿਣਤੀ ’ਚ ਵਿਦੇਸ਼ਾਂ ਤੋਂ ਆਏ ਐਨਆਰਆਈ ਮੁਸੀਬਤ ’ਚ ਫਸੇ ਮਾਰੇ ਮਾਰੇ ਫਿਰ ਰਹੇ ਹਨ। ਨੋਟਬੰਦੀ ਦੀ ਆੜ ’ਚ ਕਾਲਾਬਾਜ਼ਾਰੀ ’ਤੇ ਉਤਰੇ ਮਨੀ ਐਕਸਚੇਂਜਰ ਐਨਆਰਆਈਜ਼ ਨੂੰ ਲੁੱਟ ਰਹੇ ਹਨ। ਐਨਆਰਆਈਜ਼ ਤੋਂ ਪੰਜਾਬ ਦੀ ਆਰਥਿਕਤਾ ਨੂੰ ਵੀ ਫਾਇਦਾ ਹੁੰਦਾ ਹੈ ਪਰ ਇਸ ਵਾਰ ਨੋਟਬੰਦੀ ਨੇ ਇਨ੍ਹਾਂ ਦੀ ਪੰਜਾਬ ਯਾਤਰਾ ਦਾ ਮਜ਼ਾ ਹੀ ਕਿਰਕਿਰਾ ਕਰ ਦਿੱਤਾ ਹੈ। ਵਿਆਹ ਦੇ ਲਈ ਕੀਤੀ ਗਈ ਸਾਰੀ ਪਲਾਨਿੰਗ ਬੇਕਾਰ ਹੋ ਗਈ ਹੈ। ਬਹੁਤੀਆਂ ਥਾਵਾਂ ’ਤੇ ਅੰਤਰਰਾਸ਼ਟਰੀ ਕ੍ਰੈਡਿਟ ਕਾਰਡ ਨਹੀਂ ਚੱਲ ਰਹੇ। ਸਾਰੇ ਏਟੀਐਮ ਖਾਲੀ ਪਏ ਹਨ। ਸਥਾਨਕ ਬੈਂਕਾਂ ’ਚ ਵੀ ਉਨ੍ਹਾਂ ਦੇ ਖਾਤੇ ਹਨ, ਪਰ ਉਨ੍ਹਾਂ ਨੂੰ ਬੈਂਕ ਇੱਕ ਵੀ ਪੈਸਾ ਨਹੀਂ ਦੇ ਰਹੇ। 20 ਫੀਸਦੀ ਤੱਕ ਪੈਸੇ ਕਿਸੇ ਬਲੈਕ ਵਾਲੇ ਬੰਦੇ ਨੂੰ ਦੇ ਕੇ ਪੈਸੇ ਲੈਣੇ ਪਏ।

62 ਸਾਲਾ ਪੰਜਾਬਣ ਜੋਗਿੰਦਰ ਕੌਰ ਵੱਲੋਂ ਆਪਣੇ 62 ਸਾਲਾ ਪਤੀ ਨਰਿੰਦਰ ਸਿੰਘ ਦੇ ਗੈਰ ਔਰਤ ਨਾਲ ਸਬੰਧਾਂ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੀਤੀ ਕੁੱਟਮਾਰ ਦਾ ਅਦਾਲਤ ਨੇ ਸਖ਼ਤ ਨੋਟਿਸ ਲਿਆ, ਜਿਸ ਦੇ ਚੱਲਦਿਆਂ ਮਾਨਚੈਸਟਰ ਅਦਾਲਤ ਨੇ ਜੋਗਿੰਦਰ ਕੌਰ ਨੂੰ 12 ਮਹੀਨਿਆਂ ਦੀਆਂ ਸ਼ਰਤਾਂ 'ਤੇ ਬੰਨ੍ਹ ਲਿਆ ਹੈ । ਅਦਾਲਤ 'ਚ ਦੱਸਿਆ ਗਿਆ ਕਿ ਨਰਿੰਦਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧ ਸਨ, ਜਿਸ ਤੋਂ 2 ਬੱਚੇ ਵੀ ਹਨ । ਜੋਗਿੰਦਰ ਕੌਰ ਦੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਆਪਣੇ ਹੇਲਬਾਰਨਜ਼ ਚੇਸ਼ਾਇਰ ਘਰ ਵਿਚ ਆਪਣੇ ਪਤੀ ਨਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਗਾਲ੍ਹਾਂ ਕੱਢੀਆਂ । ਅਦਾਲਤ ਨੇ ਜੋਗਿੰਦਰ ਕੌਰ ਨੂੰ 120 ਪੌਾਡ ਵਿਕਟਮ ਸਰਚਾਰਜ ਵੀ ਭਰਨ ਦੇ ਹੁਕਮ ਸੁਣਾਏ ਹਨ ।

ਡੋਨਲਡ ਟਰੰਪ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਬਾਅਦ ਹਿਜਾਬ ਪਹਿਨਣ ਵਾਲੀਆਂ ਬੀਬੀਆਂ ’ਤੇ ਹੋ ਰਹੇ ਹਮਲਿਆਂ ਤੇ ਧਮਕੀਆਂ ਦੌਰਾਨ ਮਿਨੀਸੋਟਾ ਦੇ ਇਕ ਸਕੂਲ ਵਿੱਚ ਸਹਿਪਾਠੀ ਨੇ ਕਥਿਤ ਤੌਰ ’ਤੇ ਇਕ ਮੁਸਲਿਮ ਵਿਦਿਆਰਥਣ ਦਾ ਹਿਜਾਬ ਲਾਹ ਦਿੱਤਾ ਅਤੇ ਉਸ ਦੇ ਵਾਲ ਖਿੱਚੇ। ਇਹ ਘਟਨਾ ਨਾਰਥਡੇਲ ਮਿਡਲ ਸਕੂਲ, ਕੂਨ ਰੈਪਿਡਜ਼ (ਮਿਨੀਸੋਟਾ) ਵਿੱਚ ਵਾਪਰੀ। ਅਨੋਕਾ-ਹੈਨੇਪਿਨ ਸਕੂਲ ਡਿਸਟ੍ਰਿਕਟ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਕੌਂਸਲ ਆਨ ਅਮੈਰਿਕਨ-ਇਸਲਾਮਿਕ ਰਿਲੇਸ਼ਨਜ਼ (ਸੀਏਆਈਆਰ) ਨੇ ਇਸ ਨੂੰ ਹਮਲਾ ਕਰਾਰ ਦਿੱਤਾ ਹੈ।
ਸੀਏਆਈਆਰ ਦੇ ਮਿਨੀਸੋਟਾ ਚੈਪਟਰ ਨੇ ਕੱਲ੍ਹ ਬਿਆਨ ਜਾਰੀ ਕਰਦਿਆਂ ਸ਼ੁੱਕਰਵਾਰ ਨੂੰ ਹੋਈ ਘਟਨਾ ਬਾਰੇ ਸਕੂਲ ਡਿਸਟ੍ਰਿਕਟ ਦੀ ਮੱਠੀ ਕਾਰਵਾਈ ਪ੍ਰਕਿਰਿਆ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਵਿਦਿਆਰਥਣ ਦੇ ਪਰਿਵਾਰ ਨੇ ਸੀਏਆਈਆਰ ਨੂੰ ਰਿਪੋਰਟ ਦਿੱਤੀ ਹੈ ਕਿ ਇਕ ਵਿਦਿਆਰਥੀ ਮਗਰੋਂ ਦੀ ਆਇਆ ਅਤੇ ਉਸ ਦਾ ਹਿਜਾਬ ਲਾਹ ਕੇ ਭੁੰਜੇ ਸੁੱਟ ਦਿੱਤਾ ਅਤੇ ਬਾਅਦ ਵਿੱਚ ਹੋਰ ਵਿਦਿਆਰਥੀਆਂ ਸਾਹਮਣੇ ਉਸ ਦੇ ਵਾਲ ਖਿੱਚੇ ਗਏ। ‘ਸਟਾਰ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਸੀਏਆਈਆਰ ਨੇ ਦੋਸ਼ ਲਾਇਆ ਕਿ ਸਕੂਲ ਡਿਸਟ੍ਰਿਕਟ ਨੇ ਕੱਲ੍ਹ ਤਕ ਇਸ ਘਟਨਾ ਉਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਸੀਏਆਈਆਰ-ਐਮਐਨ ਕਾਰਜਕਾਰੀ ਡਾਇਰੈਕਟਰ ਜੇਲਾਨੀ ਹੁਸੈਨ ਨੇ ਬਿਆਨ ਵਿੱਚ ਕਿਹਾ, ‘ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਸਿੱਖਿਆ ਮਾਹੌਲ ਦੇਣ ਲਈ ਸਕੂਲ ਅਧਿਕਾਰੀਆਂ ਨੂੰ ਧਰਮ ਤੇ ਅਕੀਦੇ ਦੇ ਨਾਂ ’ਤੇ ਭੇਦ-ਭਾਵ ਬਿਨਾਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਕਾਰਵਾਈ ਲਈ ਕਈ ਦਿਨ ਨਹੀਂ ਲੈਣੇ ਚਾਹੀਦੇ, ਜੋ ਸਪੱਸ਼ਟ ਤੌਰ ਪੱਖਪਾਤ ਹੈ।’
ਪਿਛਲੇ ਹਫ਼ਤੇ ਮਿਸ਼ੀਗਨ ਯੂਨੀਵਰਸਿਟੀ ਦੀ ਇਕ ਮੁਸਲਿਮ ਵਿਦਿਆਰਥਣ ਕੋਲ ਅਣਪਛਾਤਾ ਵਿਅਕਤੀਆਂ ਆਇਆ, ਜਿਸ ਨੇ ਮੰਦਾ ਬੋਲਦਿਆਂ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਹਿਜਾਬ ਨਾ ਲਾਹਿਆ ਤਾਂ ਉਹ ਉਸ ਨੂੰ ਅੱਗ ਲਗਾ ਦੇਵੇਗਾ।
ਪਿਛਲੇ ਹਫ਼ਤੇ ਜੌਰਜੀਆ ਵਿੱਚ ਇਕ ਮੁਸਲਿਮ ਹਾਈ ਸਕੂਲ ਅਧਿਆਪਕਾ ਨੂੰ ਕਲਾਸਰੂਮ ਵਿੱਚ ਹੱਥਲਿਖਤ ਪੱਤਰ ਮਿਲਿਆ ਸੀ, ਜਿਸ ’ਤੇ ਲਿਖਿਆ ਸੀ ਉਹ ਆਪਣੇ ਸਿਰ ਢਕਣ ਵਾਲੇ ਕੱਪੜੇ ਨਾਲ ਫਾਹਾ ਲੈ ਲਵੇ। -ਪੀਟੀਆਈ

ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਥਕ ਧਿਰਾਂ ਵੱਲੋਂ ਸੱਦੇ ‘ਸਰਬੱਤ ਖ਼ਾਲਸਾ’ ਨੂੰ ਅਸਫ਼ਲ ਬਣਾਉਣ ਲਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਪੁਲੀਸ ਦੀ ਇਸ ਕਾਰਵਾਈ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਟਰਨੈਸ਼ਨਲ ਦੇ ਸੀਨੀਅਰ ਆਗੂਆਂ ਨੇ ਸਖ਼ਤ ਨੋਟਿਸ ਲਿਆ ਹੈ।ਅਮਰੀਕਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਬੂਟਾ ਸਿੰਘ ਖੜੌਦ, ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਕੈਨੇਡਾ ਤੋਂ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਤੋਂ ਇਲਾਵਾ ਭਾਈ ਚੈਨ ਸਿੰਘ ਫਰਾਂਸ, ਸੋਹਣ ਸਿੰਘ ਕੰਗ ਜਰਮਨੀ ਅਤੇ ਇੰਗਲੈਂਡ ਦੇ ਪਾਰਟੀ ਪ੍ਰਧਾਨ ਜਸਪਾਲ ਸਿੰਘ ਬੈਂਸ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਥਿਤ ਵਧੀਕੀਆਂ ਕਰਨ ਵਾਲੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਸਬੰਧੀ ਫਾਈਲਾਂ ਤਿਆਰ ਕੀਤੀਆਂ ਜਾਣਗੀਆਂ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੁਲੀਸ ਦਾ ਕੰਮ ਅਮਨ-ਕਾਨੂੰਨ ਬਣਾ ਕੇ ਰੱਖਣਾ ਹੁੰਦਾ ਹੈ, ਪਰ ਸੁਖਬੀਰ ਬਾਦਲ ਨੇ ਕਥਿਤ ਤੌਰ ’ਤੇ ਪੰਜਾਬ ਪੁਲੀਸ ਦਾ ਸਿਆਸੀਕਰਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਅਜਿਹੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸਮਾਜਕ ਬਾਈਕਾਟ ਕਰੇਗਾ ਅਤੇ ਇਨ੍ਹਾਂ ਖ਼ਿਲਾਫ਼ ਡੱਟ ਕੇ ਮੁਜ਼ਾਹਰੇ ਕੀਤੇ ਜਾਣਗੇ।

ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੈਨੇਡੀਅਨ ਫੌਜਾਂ ਨੇ ਆਪਣਾ ਸਾਲਾਨਾ ਯਾਦਗਾਰੀ ਦਿਵਸ ਦਾ ਆਯੋਜਨ ਸਿੱਖ ਗੁਰਦੁਆਰਾ ਗੁਰਸਿੱਖ ਸਿੰਘ ਸਭਾ ਵਿਖੇ ਕੀਤਾ। ਇਸ ਵਿਚ ਕੈਨੇਡਾ ਦੀਆਂ ਫੌਜਾਂ ਦੇ 200 ਮੈਂਬਰਾਂ ਨੇ ਹਿੱਸਾ ਲਿਆ। ਇਹ ਸਮਾਗਮ ਹਰ ਸਾਲ ਕੈਨੇਡੀਅਨ ਫੌਜੀਆਂ, ਸਿੱਖ ਫੌਜੀਆਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਜਿਹੜੇ ਜੰਗ ਦੇ ਮੈਦਾਨ ਵਿਚ ਲੜਦੇ ਹੋਏ ਸ਼ਹੀਦ ਹੋਏ। ਇਹ ਸਮਾਗਮ ਓਨਟਾਰੀਓ ਦੇ ਗੁਰਦੁਆਰਾ ਗੁਰਸਿੱਖ ਸਭਾ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੇ 7ਵੀਂ ਟੋਰਾਂਟੋ ਰੈਜੀਮੈਂਟ ਅਤੇ ਰੋਇਲ ਕੈਨੇਡੀਅਨ ਆਰਟਲਿਰੀ ਦੇ ਫੌਜੀਆਂ ਦਾ ਸੁਆਗਤ ਕੀਤਾ।
ਗੁਰਦੁਆਰਾ ਸਾਹਿਬ ਵਿਚ ਸਾਲਾਨਾ ਯਾਦਗਾਰੀ ਦਿਵਸ ਨੂੰ ਮਨਾਉਣ ਦਾ ਮਕਸਦ ਕੈਨੇਡੀਅਨ ਫੌਜ ਵਿਚ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਸੀ। ਮਾਸਟਰ ਬੰਬਾਰਡੀਅਰ ਜੈਸਮੀਨ ਬੁਕੇਲਾ ਨੇ ਕਿਹਾ ਕਿ ਕੈਨੇਡਾ ਦੀ ਫੌਜ ਵਿਚ ਹਰ ਧਰਮ, ਹਰ ਲਿੰਗ ਅਤੇ ਹਰ ਸੱਭਿਆਚਾਰ ਦੇ ਲੋਕਾਂ ਦਾ ਸੁਆਗਤ ਹੈ ਅਤੇ ਇੱਥੇ ਭੇਦਭਾਵ ਦੀ ਕੋਈ ਥਾਂ ਨਹੀਂ ਹੈ। ਸਮਾਗਮ ਦੀ ਸ਼ੁਰੂਆਤ ਰਸਮੀਂ ਮਾਰਚ ਨਾਲ ਹੋਈ, ਜਿਸ ਵਿਚ ਫੌਜ ਦੇ 200 ਮੈਂਬਰਾਂ ਅਤੇ ਫੌਜੀ ਵਾਹਨਾਂ ਨੇ ਹਿੱਸਾ ਲਿਆ। ਇਸ ਮੌਕੇ ਫੌਜੀ ਤੋਪਾਂ ਅਤੇ ਹਥਿਆਰਾਂ ਨੂੰ ਵੀ ਮਾਰਚ ਵਿਚ ਸ਼ਾਮਲ ਕੀਤਾ ਗਿਆ। ਸਿੱਖ ਭਾਈਚਾਰੇ ਦੇ ਤਕਰੀਬਨ 500 ਲੋਕ ਇਸ ਸਮਾਗਮ ਨੂੰ ਦੇਖਣ ਲਈ ਪਹੁੰਚੇ ਸਨ। ਇਸ ਮੌਕੇ ਸ਼ਬਦ ਗਾਇਨ ਕੀਤਾ ਗਿਆ, ਜਿਸ ਨਾਲ ਅਜਿਹਾ ਅਲੌਕਿਕ ਰੰਗ ਬੱਝਾ ਕਿ ਜਿਸ ਵਿਚ ਕੈਨੇਡਾ ਅਤੇ ਸਿੱਖ ਭਾਈਚਾਰੇ ਦੇ ਲੋਕ ਲੀਨ ਹੋ ਗਏ।
ਸਿੱਖ ਹੈਰੀਟੇਜ ਮਿਊਜੀਅਮ ਵਿਖੇ 'ਵਾਰ ਐਂਡ ਫੇਥ' (ਜੰਗ ਅਤੇ ਵਿਸ਼ਵਾਸ) ਬਾਰੇ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਉਚੇਚੇ ਤੌਰ 'ਤੇ ਕੈਨੇਡਾ ਦੀ ਫੌਜ ਵਿਚ ਸਿੱਖਾਂ ਦੇ ਯੋਗਦਾਨ 'ਤੇ ਚਾਨਣਾ ਪਿਆ ਗਿਆ ਅਤ ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸਿੰਘਾਂ ਨੂੰ ਵੀ ਯਾਦ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਮੁੱਖ ਮਕਸਦ ਜੰਗ ਵਿਚ ਧਰਮ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਣਾ ਵੀ ਸੀ। ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਮੌਕਾ ਕੈਨੇਡਾ ਵੱਸਦੇ ਸਿੱਖਾਂ ਲਈ ਬੇਹੱਦ ਮਾਣ ਵਾਲਾ ਸੀ

ਇਟਲੀ ਦੀ ਰਾਜਧਾਨੀ ਦੀ ਹੱਦ ਨਾਲ ਸ਼ਕਤੀਸ਼ਾਲੀ ਤੂਫ਼ਾਨ ਟਕਰਾਉਣ ਮਗਰੋਂ ਇਕ ਭਾਰਤੀ ਸਣੇ ਦੋ ਜਣੇ ਮਾਰੇ ਗਏ। ਇਸ ਕਾਰਨ ਕਈ ਹੋਰ ਜ਼ਖ਼ਮੀ ਹੋਏ ਅਤੇ ਦਰੱਖ਼ਤ ਜੜ੍ਹਾਂ ਤੋਂ ਪੁੱਟੇ ਗਏ। ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ। ਮਰਨ ਵਾਲੇ ਭਾਰਤੀ ਦੀ ਪਛਾਣ 47 ਸਾਲਾ ਸੁਰਿੰਦਰ ਸਿੰਘ ਵਜੋਂ ਹੋਈ। ਰੋਮ ਦੇ ਪੱਛਮੀ ਤੱਟੀ ਸ਼ਹਿਰ ਲਾਦਿਸਪੋਲੀ ਵਿੱਚ ਕੱਲ੍ਹ ਉਸ ਉਤੇ ਚਰਚ ਦੇ ਪ੍ਰਵੇਸ਼ ਦੁਆਰ ਦਾ ਕੁੱਝ ਹਿੱਸਾ ਡਿੱਗ ਗਿਆ ਸੀ।
-ਪੀਟੀਆਈ

ਜੰਡਿਆਲਾ ਗੁਰੂ ਦੇ ਜੰਡਿਆਲਾ ਖੂਹ ਦੇ ਰਹਿਣ ਵਾਲੇ ਕਿਸਾਨ ਗੁਰਜਿੰਦਰ ਸਿੰਘ ਨੂੰ ਵਿਦੇਸ਼ ਦੇ ਸੁਪਨੇ ਦਿਖਾ ਕੇ ਪਹਿਲਾਂ ਦੁਬਈ ਲੈ ਜਾਇਆ ਗਿਆ। ਫਿਰ ਉੱਥੇ ਬੰਧਕ ਬਣਾ ਕੇ ਘੱਟ ਪੈਸਿਆਂ 'ਚ ਕੰਮ ਕਰਵਾਇਆ ਗਿਆ। ਜਦ ਉਸ ਨੇ ਵਿਰੋਧ ਕੀਤਾ ਤਾਂ ਕੁੱਟਮਾਰ ਕੀਤੀ ਗਈ। ਉਸ ਦੀ ਸਿਹਤ ਲਗਾਤਾਰ ਵਿਗੜਣ ਲੱਗੀ ਤਾਂ ਉਸ ਨੂੰ ਭਾਰਤ ਭੇਜ ਦਿੱਤਾ ਗਿਆ। ਇੱਥੇ ਇਲਾਜ ਦੌਰਾਨ ਇਕ ਨਿੱਜੀ ਹਸਪਤਾਲ ਵਿਚ ਗੁਰਜਿੰਦਰ ਸਿੰਘ ਦੀ 3 ਨਵੰਬਰ ਨੂੰ ਮੌਤ ਹੋ ਗਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਨੇ ਅੰਮਿ੫ਤਸਰ ਦੇ ਧੀਰੇਕੋਟ ਪਿੰਡ ਨਿਵਾਸੀ ਜਸਬੀਰ ਕੌਰ, ਹਰਪਾਲ ਸਿੰਘ, ਹੈਪੀ, ਦਲਬੀਰ ਸਿੰਘ ਸਮੇਤ ਪੰਜ ਲੋਕਾਂ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਨਵਜਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਸ ਦਾ ਵਿਆਹ ਗੁਰਜਿੰਦਰ ਸਿੰਘ ਦੇ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਵੱਡੀ ਬੇਟੀ ਮੁਸਕਾਨਦੀਪ ਕੌਰ, ਗੁਰਵੰਸ਼ਦੀਪ ਸਿੰਘ ਅਤੇ ਸਰਗੁਣਦੀਪ ਕੌਰ ਹੈ । ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਪਤੀ ਦੇ ਦੋਸਤ ਦਲਬੀਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਸ ਨੂੰ ਵਿਦੇਸ਼ ਲੈ ਜਾਵੇਗਾ। ਵਿਦੇਸ਼ 'ਚ ਚੰਗੀ ਨੌਕਰੀ ਦਿਵਾ ਦੇਵੇਗਾ। 8 ਅਗਸਤ 2016 ਨੂੰ ਉਸ ਦੇ ਪਤੀ ਨੂੰ ਦਲਬੀਰ ਸਿੰਘ ਆਪਣੇ ਨਾਲ ਦੁਬਈ ਲੈ ਗਿਆ। ਕੁੱਝ ਦਿਨ ਬਾਅਦ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਬੰਧਕ ਬਣਾ ਰੱਖਿਆ ਹੈ ਅਤੇ ਜ਼ਬਰਦਸਤੀ ਕੰਮ ਕਰਵਾ ਰਹੇ ਹਨ। ਜਦ ਉਹ ਦੋਸ਼ੀਆਂ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਸਾਰਾ ਪਰਿਵਾਰ ਇਧਰ ਪਰੇਸ਼ਾਨ ਹੋ ਚੁੱਕਿਆ ਸੀ। ਉਨ੍ਹਾਂ ਨੇ ਇੱਥੋਂ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਭਾਰਤ ਬੁਲਾਉਣ ਦੇ ਯਤਨ ਸ਼ੁਰੂ ਕਰ ਦਿੱਤੇ, ਉੱਥੇ ਦੁਬਈ 'ਚ ਪਤੀ ਦੀ ਤਬੀਅਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਸੀ। ਦੋਸ਼ੀਆਂ ਨੇ 1 ਨਵੰਬਰ ਨੂੰ ਗੁਰਜਿੰਦਰ ਸਿੰਘ ਨੂੰ ਉਥੋਂ ਫਲਾਈਟ ਵਿਚ ਬੈਠਾ ਕੇ ਭੇਜ ਦਿੱਤਾ। 2 ਨਵੰਬਰ ਦੀ ਸ਼ਾਮ ਉਕਤ ਪੰਜ ਦੋਸ਼ੀਆਂ ਨੇ ਉਨ੍ਹਾਂ ਦੇ ਪਤੀ ਨੂੰ ਘਰ ਦੇ ਬਾਹਰ ਉਤਾਰ ਦਿੱਤਾ। ਪਤੀ ਦੀ ਹਾਲਤ ਵੇਖ ਕੇ ਸਾਰਾ ਪਰਿਵਾਰ ਪਰੇਸ਼ਾਨ ਹੋ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਤਿੰਨ ਨਵੰਬਰ ਨੂੰ ਉਸ ਦੇ ਪਤੀ ਨੇ ਦਮ ਤੋੜ ਦਿੱਤਾ ।
