ਲੰਡਨ:
ਅੰਮ੍ਰਿਤਧਾਰੀ ਗੁਰਸਿੱਖ ਗੁਰਦੇਵ ਸਿੰਘ ਨੂੰ ਲਾਰਡ’ਜ ਸਟੇਡੀਅਮ ਵਿੱਚ ਦਾਖਿਲ ਹੋਣ ਤੋਂ ਇਸ ਕਰਕੇ ਰੋਕ ਲਿਆ ਕਿਉਂਕਿ ਉਸਨੇ ਕ੍ਰਿਪਾਨ ਪਹਿਨੀ ਹੋਈ ਸੀ ।
ਉਸਨੇ ਐਤਵਾਰ ਨੂੰ ਸਟੇਡੀਅਮ ਦੇ ਬਾਹਰ ਖੜ ਕੇ ਰੋਸ ਪ੍ਰਦਰਸ਼ਨ ਕਰਦਿਆ ਕਿਹਾ ਕਿ ਮੈਨੂੰ ਇਸ ਲਈ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਮੈ ਸਿੱਖ ਹੋਣ ਤੇ ਨਾਤੇ ਕ੍ਰਿਪਾਨ ਉਤਾਰਨ ਤੋਂ ਇਨਕਾਰ ਕਰ ਦਿੱਤਾ ।
ਇੱਥੇ ਭਾਰਤ ਅਤੇ ਇੰਗਲੈਂਡ ਦਾ ਮੈਚ ਹੋ ਰਿਹਾ ਸੀ ।

ਸਰੀ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)
-97 ਵਰ੍ਹੇ ਪਹਿਲਾਂ 23 ਜੁਲਾਈ 1914 ਈ: ਨੂੰ, ਵੈਨਕੂਵਰ ਬੰਦਰਗਾਹ ਤੋਂ ਵਾਪਸ ਮੋੜੇ ਗਏ ਜਾਪਾਨੀ ਸਮੁੰਦਰੀ ਬੇੜੇ 'ਕਾਮਾਗਾਟਾਮਾਰੂ' ਬਨਾਮ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਿਰਾਂ ਨੂੰ ਯਾਦ ਕਰਦਿਆਂ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ, ਕੈਨੇਡਾ ਵੱਲੋਂ ਸਰੀ ਦੀ ਬੇਅਰ ਕਰੀਕ ਪਾਰਕ ਵਿਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੰਸਥਾ ਦੇ ਨੁਮਾਇੰਦੇ ਵਜੋਂ ਸੇਵਾਵਾਂ ਨਿਭਾਉਣ ਵਾਲੇ ਮੌਜੂਦਾ ਸਮੇਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਰੀ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਉਹ ਪਾਰਲੀਮੈਂਟ 'ਚ ਉਕਤ ਦੁਖਾਂਤ ਲਈ, ਮੁਆਫ਼ੀ ਮੰਗੇ ਜਾਣ ਲਈ ਆਵਾਜ਼ ਬੁਲੰਦ ਕਰਨਗੇ। ਲਿਬਰਲ ਪਾਰਟੀ ਦੇ ਸਾਬਕਾ ਐਮ. ਪੀ. ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਕਾਰਜਕਾਲ 'ਚ ਸਾਂਸਦ ਅੰਦਰ ਮੁਆਫ਼ੀ ਲਈ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਹੈ ਤੇ ਉਦੋਂ ਤੱਕ ਇਹ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਅਜਿਹਾ ਕਰਨ ਲਈ ਤਿਆਰ ਨਹੀਂ ਹੋ ਜਾਂਦੀ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਥਿੰਦ ਨੇ ਦੁਹਰਾਇਆ ਕਿ ਮੁਆਫ਼ੀ ਸਬੰਧੀ ਪਟੀਸ਼ਨਾਂ ਦੇਸ਼ ਭਰ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਅੱਗੇ ਵਾਂਗ ਤਿਆਰ ਕਰਵਾ ਕੇ ਕੈਨੇਡਾ ਦੀ ਸੰਸਦ 'ਚ ਭੇਜੀਆਂ ਜਾਣਗੀਆਂ। ਇਸ ਮੌਕੇ 'ਤੇ ਕਾਮਾਗਾਟਾਮਾਰੂ ਸਵਾਰਾਂ ਦੇ ਪਰਿਵਾਰਾਂ ਦੀ ਸੰਸਥਾ ਦੇ ਆਗੂ ਰਾਜ ਤੂਰ, ਵਿਸ਼ਵ ਸਿੱਖ ਸੰਸਥਾ ਕੈਨੇਡਾ ਦੇ ਪ੍ਰਧਾਨ ਪ੍ਰੇਮ ਸਿੰਘ ਬਿਨਿੰਗ, ਉੱਘੀ ਗਾਇਕਾ ਸੁੱਖੀ ਬਰਾੜ, ਤਰਨਜੀਤ ਬੈਂਸ, ਕਿਰਨਪਾਲ ਸਿੰਘ ਗਰੇਵਾਲ, ਸਰਬਜੀਤ ਥਿੰਦ, ਪ੍ਰੋ: ਸੀ. ਜੇ. ਸਿੱਧੂ, ਸਰਬਜੀਤ ਸਿੰਘ ਗਿੱਲ, ਵਿਸ਼ਾਲ ਸਿੰਘ ਥਿੰਦ, ਅਮਨਪ੍ਰੀਤ ਗਿੱਲ ਅਤੇ ਰਾਜਪੱਤਾ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ ਤੇ ਸੰਸਥਾ ਦੇ ਮੈਂਬਰ ਸੁਖਵਿੰਦਰ ਸਿੰਘ ਚੀਮਾ ਵੱਲੋਂ ਸਟੇਜ ਦੀ ਕਾਰਵਾਈ ਨਿਭਾਈ ਗਈ।

ਕੈਲਗਿਰੀ / ਹਰਬੰਸ ਬੁੱਟਰ
ਪੰਜਾਬੀ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਗਏ ਉਥੇ ਜਾ ਕੇ ਊਹਨਾਂ ਆਪਣਾ ਸੱਭਿਆਚਾਰ,ਧਰਮ ,ਬੋਲੀ ਪਹਿਰਾਵਾ ,ਖਾਣ ਪੀਣ ਦਾ ਫੈਲਾਅ ਤਾਂ ਕੀਤਾ ਹੀ ਪਰ ਨਾਲ ਹੀ ਵਪਾਰਕ ਨਜਰੀਏ ਨਾਲ ਵੀ ਉਥੋਂ ਦੇ ਕੰਮਾਂ ਕਾਜਾਂ ਨੂੰ ਵੀ ਅਪਣਾਇਆ।ਅਜਿਹੀ ਹੀ ਇੱਕ ਉਦਾਹਰਣ ਵੀਤੇ ਦਿਨੀ ਕੈਲਗਰੀ ਸਟੈਂਪੀਡ ਦੇ ਮੇਲੇ ਦੌਰਾਨ ਸਨਮਾਨ ਸਮਾਰੋਹ ਵਿੱਚ ਦੇਖਣ ਨੂੰ ਮਿਲੀ,ਜਦੋਂ ਅਲਬਰਟਾ ਦੇ ਖੇਤੀ ਬਾੜੀ ਮੰਤਰੀ ਜੈਕ ਹੇਡਨ ਤੋˆ ਅਲਬਰਟਾ ਦਾ ਸਭ ਤੋˆ ਉੱਤਮ ਖੇਤੀ-ਬਾੜੀ ਪਰਿਵਾਰ ਹੋਣ ਦਾ ਮਾਣ-ਸਨਮਾਨ ਇੱਕ ਪੰਜਾਬੀ ਪਰਿਵਾਰ,ਜੋ ਕਿ “ਹਰੀ ਪਰਿਵਾਰ”ਵੱਜੋਂ ਜਾਣਿਆ ਜਾਂਦਾ ਹੈ, ਨੇ ਪ੍ਰਾਪਤ ਕੀਤਾ।ਇਹ ਇਨਾਮ ਪਰਾਪਤ ਕਰਨ ਵਾਲਾ ਹਰਨਾਮ ਸਿੰਘ ਦਾ ਪੋਤਰਾ ਹਰਨੇਤ ਸਿੰਘ,ਜਿਹਦੀ ਉਮਰ ਬਿਆਸੀ ਸਾਲ ਹੈ, ਕੈਲਗਰੀ ਵਿੱਚ ਜਨਮ ਲੈਣ ਵਾਲਾ ਪਹਿਲਾ ਸਿੱਖ ਬੱਚਾ ਹੈ।ਇਹ ਵੀ ਇਸ ਸਖ਼ਸ਼ ਲਈ ਮਾਣ ਵਾਲੀ ਗੱਲ ਹੈ ਕਿ ਇਹ ਕੈਲਗਰੀ ਵਿੱਚ ਪੰਜਾਬੀਆ ਖਾਸ ਤੌਰ ਤੇ ਸਿੱਖਾ ਦਾ ਪਛਾਣ ਚਿੰਨ੍ਹ ਬਣ ਗਿਆ ਹੈ।ਉਸਨੇ ਆਪਣੇ ਭਰੇ ਪੂਰੇ ਪਰਿਵਾਰ, ਜਿਸ ਵਿੱਚ ਉਸਦੀ ਪਤਨੀ ਗਿੱਕ, ਪੁੱਤਰ ਜੈਸੀ, ਨੂੰਹ ਸਰ੍ਹਾ, ਪੋਤਰੇ ਅਰਜਨ ਤੇ ਈਥਨ ਅਤੇ ਪੋਤਰੀ ਸੱਨ੍ਹਾ ਸ਼ਾਮਲ ਹਨ,ਅਲਬਰਟਾ ਦੇ ਖੇਤੀ ਬਾੜੀ ਮੰਤਰੀ ਜੈਕ ਹੇਡਨ ਤੋ ਅਲਬਰਟਾ ਦਾ ਸਭ ਤੋ ਉੱਤਮ ਖੇਤੀ-ਬਾੜੀ ਪਰਿਵਾਰ ਹੋਣ ਦਾ ਮਾਣ-ਸਨਮਾਨ ਪ੍ਰਾਪਤ ਕੀਤਾ।ਹਰ ਸਾਲ ਇਹ ਸਨਮਾਨ ਉਹਨਾ ਪਰਿਵਾਰਾ ਨੂੰ ਦਿੱਤਾ ਜਾਦਾ ਹੈ ਜਿਨ੍ਹਾ ਨੇ ਖੇਤੀ ਬਾੜੀ ਦੇ ਧੰਦੇ ਵਿੱਚ ਕੋਈ ਨਵੀਨ ਢੰਗ ਤਰੀਕੇ ਈਜਾਦ ਕੀਤੇ ਹੋਣ ਅਤੇ ਪੱਛਮੀ ਕਨੇਡਾ ਦੀਆ ਕਦਰਾ ਕੀਮਤਾ ਨੂੰ ਸਮਰਪਤ ਹੋਣ।ਇਹਨਾ ਪਰਿਵਾਰਾ ਦੀ ਚੋਣ ਐਲਬਰਟਾ ਐਗਰੀਕਲਚਰਲ ਬੋਰਡ ਵਲੋ ਕੀਤੀ ਜਾਦੀ ਹੈ।ਪੰਜਾਬੀ ਮੂਲ ਦੇ ਪਰਿਵਾਰ ਨੂੰ ਮਿਲਿਆ ਇਤਨਾ ਵੱਡਾ ਸਨਮਾਨ ਇਹ ਪ੍ਰਗਟ ਕਰਦਾ ਹੈ ਕਿ ਪੰਜਾਬੀ ਹਰ ਸਥਾਨ ਤੇ ਖੇਤੀ ਬਾੜੀ ਵਿੱਚ ਮੱਲਾ ਮਾਰਨ ਦੇ ਮਾਹਿਰ ਹਨ ਅਤੇ ਜਿੱਥੇ ਜਾਦੇ ਹਨ ਉਸ ਥਾ ਨਾਲ ਪੂਰੀ ਤਰ੍ਹਾ ਜੁੜ ਜਾਦੇ ਹਨ।
ਇਸ ਪਰਿਵਾਰ ਦਾ ਮੁੱਖੀ ਹਰਨਾਮ ਸਿੰਘ ਕੋਈ ਸੌ ਕੁ ਸਾਲ ਪਹਿਲਾ (1909) ਵਿੱਚ ਆਪਣੇ ਪਰਿਵਾਰ ਸਮੇਤ ਕੈਲਗਰੀ ਆ ਵੱਸਿਆ ਸੀ ਅਤੇ ਉਸ ਥੋੜ੍ਹੀ ਜਿਹੀ ਜ਼ਮੀਨ ਖਰੀਦ ਆਪਣੇ ਪਿਤਾ ਪੁਰਖੀ ਕਿੱਤੇ ਖੇਤੀ ਬਾੜੀ ਕਰਨ ਨੂੰ ਤਰਜੀਹ ਦਿੱਤੀ ਸੀ।ਉਸਦੀ ਪਤਨੀ ਅਤੇ ਪੁੱਤਰ ਉਜਾਗਰ ਸਿੰਘ ਨੇ ਉਸਦਾ ਡਟਵਾ ਸਾਥ ਦਿੱਤਾ।ਉਜਾਗਰ ਸਿੰਘ ਤੇ ਉਸਦੇ ਦੋ ਪੁੱਤਰ ਹਰਨੇਤ ਸਿੰਘ ਅਤੇ ਹਰਜੀਤ ਸਿੰਘ ਵੀ ਇਸੇ ਕਿੱਤੇ ਵਿੱਚ ਰਚਮਿੱਚ ਗਏ।ਹਰਨੇਤ ਸਿੰਘ ਦੇ ਪੁੱਤਰ ਜੈਸੀ ਸਿੰਘ ਅਤੇ ਉਸ ਦੇ ਦੋ ਪੁੱਤਰ ਅਰਜਨ ਅਤੇ ਈਥਨ ਵੀ ਇਸ ਕਿੱਤੇ ਨਾਲ ਜੁੜੇ ਹੋਏ ਹਨ।ਗਿਣਤੀ ਦੇ ਕੁੱਝ ਏਕੜਾ ਦਾ ਬਾਬਾ ਹਰਨਾਮ ਸਿੰਘ ਦਾ ਫਾਰਮ ਹੁਣ ਹਜ਼ਾਰਾ ਏਕੜਾ ਵਿੱਚ ਫੈਲਿਆ ‘ਹਰਆਲਟਾ ਰੈਚਜ਼ ਲਿਮਟਿਡ‘ ਬਣ ਗਿਆ ਹੈ।ਜਿਹਦੀ ਤਿੰਨ ਹਜ਼ਾਰ ਏਕੜ ਜ਼ਮੀਨ ਵਿੱਚ ਕਣਕ,ਬਾਜਰਾ ਤੇ ਕਨੋਲਾ ਬੀਜਿਆ ਜਾਦਾ ਹੈ।
ਸ਼ਾਡੇ ਪੰਜਾਬੀ ਪਰਿਵਾਰ ਦਾ ਵਡੇਰਾ 1912 ਵਿੱਚ ਲਗਣ ਵਾਲੇ ਮੇਲੇ ਵਿੱਚ ਪਹਿਲੀ ਵਾਰ ਸ਼ਾਮਲ ਹੋਇਆ ਸੀ।ਉਦੋ ਉਸਨੂੰ ਕੈਲਗਰੀ ਵਿਚ ਖੇਤੀ ਕਰਦੇ ਨੂੰ ਮਸਾ ਤਿੰਨ ਕੁ ਸਾਲ ਹੋਏ ਸਨ।ਹਰਨਾਮ ਸਿੰਘ ਨੂੰ ਜ਼ਰੂਰ ਹੀ ਆਪਣੇ ਛੋਟੇ ਨਾ ‘ਹਰੀ‘ ਕਰਕੇ ਜਾਣਿਆ ਜਾਦਾ ਹੋਣਾ ਹੈ ਅਤੇ ਫਿਰ ਉਸ ਦਾ ਇਹ ਛੋਟਾ ਨਾ ਅਗਾਹ ਜਾ ਕੇ ਇਸ ਪਰਿਵਾਰ ਦਾ ਉਪਨਾਮ ‘ਹਰੀ‘ ਬਣ ਗਿਆ।ਹੁਣ ਇਹ ਪਰਿਵਾਰ ‘ਹਰੀ ਪਰਿਵਾਰ‘ ਵਜੋ ਜਾਣਿਆ ਜਾਦਾ ਹੈ ਇਹੋ ਜਿਹੇ ਪਰਿਵਾਰ ਬਾਕੀਆ ਲਈ ਚਾਨਣ ਮੁਨਾਰਾ ਹੁੰਦੇ ਹਨ ਅਤੇ ਕੌਮ ਦਾ ਸਿਰ ਉੱਚਾ ਕਰਦੇ ਹਨ।ਕਿਸੇ ਇੱਕ ਵਿਅਕਤੀ ਜਾ ਪਰਿਵਾਰ ਦੀ ਕਾਮਯਾਬੀ ਪੂਰੀ ਕੌਮ ਦੀ ਪਛਾਣ ਬਣਾ ਦਿੰਦੀ ਹੈ

ਸਿਡਨੀ(ਅਮਰਜੀਤ ਖੇਲਾ)-
ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤੀਭਾ ਪਾਟਿਲ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਦੇ ਵਿਰੁਧ ਅਪੀਲ ਖਾਰਜ ਕਰਕੇ ਫਾਂਸੀ ਦੀ ਸਜਾ ਬਹਾਲੀ ਦੇ ਖਿਲਾਫ ਕੋਮਾਂਤਰੀ ਪੱਧਰ ਤੇ ਸ਼ੁਰੂ ਹੋਈ ਲਾਮਬੰਦੀ ਦਾ ਹਿਸਾ ਬਣਦਿਆਂ ਸਿਡਨੀ ਦੀਆਂ ਸਿੱਖ ਸੰਗਤਾਂ ਨੇ ਅੱਜ ਸਥਾਨਕ ਭਾਰਤੀ ਸਫਾਰਤਖਾਨੇ ਦੇ ਅਗੇ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ । ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਸਿਡਨੀ ਦੇ ਚਾਰ ਪ੍ਰਮੁੱਖ ਗੁਰੂ ਘਰਾਂ ਰਿਵਸਬੀ, ਪਾਰਕਲੀ, ਮਿੰਟੋ ਅਤੇ ਪੈਨਰਿਥ ਦੀ ਅਗਵਾਈ ਵਿੱਚ ਇਹ ਦੁਪਹਿਰ 12 ਵਜੇ ਤੋਂ 2 ਵਜੇ ਤਕ ਚਲੇ ਇਸ ਮੁਜ਼ਾਹਰੇ ਵਿੱਚ ਬੀਬੀਆਂ, ਬਚਿੱਆਂ ਅਤੇ ਬਜੁਰਗਾਂ ਨੇ ਵੀ ਹਿੱਸਾ ਲਿਆ । ਵਿਖਾਵਾਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪ੍ਰੋ: ਭੁੱਲਰ ਦੇ ਕੇਸ ਦੇ ਤੱਥ, ਸਚਾਈ, ਕਾਨੂੰਨੀਂ ਪੱਖ ਅਤੇ ਊਣਤਾਈਆਂ ਅਤੇ ਕੋਮਾਂਤਰੀ ਕਨੂੰਨਾਂ ਦਾ ਵੇਰਵਾ ਦੇ ਕੇ ਦਸਿਆ ਕਿ ਕਿਸ ਤਰਾਂ ਪ੍ਰੋ: ਭੁੱਲਰ ਨੂੰ ਗੁਨਾਹਗਾਰ ਸਾਬਤ ਹੋਣ ਤੋਂ ਬਿਨ੍ਹਾਂ ਹੀ ਇਕੋ ਕੇਸ ਵਿੱਚ ਦੋਹਰੀ ਸਜ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬੋਲਦਿਆਂ ਭਾਈ ਜਸਬੀਰ ਸਿੰਘ ਖਾਲਸਾ ਨੇ ਦਸਿਆ ਕਿ ਜਰਮਨ ਦੀ ਇਕ ਅਦਾਲਤ ਨੇ 1997 ਵਿੱਚ ਮੰਨਿਆ ਸੀ ਕਿ ਪ੍ਰੋ: ਭੁੱਲਰ ਦਾ ਜਰਮਨ ਤੋਂ ਦੇਸ਼ ਨਿਕਾਲਾ ਇਕ ਕਾਨੂੁੰਨੀ ਕੋਤਾਹੀ ਸੀ ਜਿਸ ਕਰਕੇ ਪ੍ਰੋ: ਭੁੱਲਰ ਦੀ ਜਾਨ ਨੂੰ ਬਾਅਦ ਵਿੱਚ ਖਤਰਾ ਬਣ ਗਿਆ । ਭਾਰਤ ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਬਹਾਲ ਕਰਨੀ ਸੰਯੁਕਤ ਰਾਸ਼ਟਰ ਦੀ ਦਸੰਬਰ 2010 ਦੀ ਆਮ ਸਭਾ ਵਿੱਚ ਪੇਸ਼ ਕੀਤੇ ਗਏ ਫਾਂਸੀ ਦੀ ਸਜ਼ਾ ਤੇ ਰੋਕ ਲਾਉਣ ਵਾਲੇ ਮਤੇ ਜਿਸ ਨੂੰ 109 ਵੋਟਾਂ ਨਾਲ ਹਮਾਇਤ ਮਿਲੀ ਸੀ, ਦਾ ਵਿਰੋਧ ਹੈ। ਇਸ ਮੌਕੇ ਬੋਲਦਿਆਂ ਭਾਈ ਸਰਵਰਿੰਦਰ ਸਿੰਘ ਰੂਮੀ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਮਨੁਖੀ ਹੱਕਾਂ ਦੇ ਤਸੀਹੇ ਵਿਰੁਧ ਐਲਾਨਨਾਮੇ ਤੇ ਹਸਤਾਖਰ ਕਰਨ ਤੋਂ ਨਾਂਹ ਕਰਨ ਦੇ ਬਾਵਜੂਦ ਵੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਂਦਾ ਹੈ ਜਿਥੇ ਨਿਆਂ ਲੋਕਾਂ ਦੇ ਧਰਮ ਅਤੇ ਫਿਰਕੇ ਦੇ ਅਨੁਸਾਰ ਕੀਤਾ ਜਾਂਦਾ ਹੈ। ਪ੍ਰੋ: ਭੁੱਲਰ ਦਾ ਕੇਸ ਇਸ ਦੀ ਇਕ ਪੁਖਤਾ ਮਿਸਾਲ ਹੈ ਜਿਸ ਵਿੱਚ 133 ਗਵਾਹਾਂ ਵੱਲੋਂ ਪ੍ਰੋ ਭੁੱਲਰ ਨੂੰ ਪਛਾਨਣ ਤੋਂ ਅਸਮਰਥ ਰਹਿਣ ਅਤੇ ਤਿੰਨ ਜੱਜਾਂ ਦੇ ਬੈਂਚ ਵਿੱਚ ਦੋ ਵਾਰ ਪਾਟਵਾਂ ਫੈਸਲਾ ਆਉਣ ਦੇ ਬਾਵਜੂਦ ਵੀ ਫਾਂਸੀ ਦੀ ਸਜ਼ਾ ਬਹਾਲ ਰਖੀ ਗਈ ਹੈ ।
ਇਸ ਮੌਕੇ ਪ੍ਰੋ: ਭੁੱਲਰ ਦੇ ਸਹਿਪਾਠੀ ਭਾਈ ਬਲਜਿੰਦਰ ਸਿੰਘ ਤੋਂ ਇਲਾਵਾ, ਰਾਜਵੰਤ ਸਿੰਘ, ਪਾਰਕਲੀ ਗੁਰੂਦੁਆਰੇ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਦਿਉ, ਬਲਵਿੰਦਰ ਸਿੰਘ ਲਿਡਕਮ, ਜਸਪਾਲ ਸਿੰਘ, ਬਲਵਿੰਦਰ ਸਿੰਘ ਗਿੱਲ, ਗਿਆਨੀ ਸੰਤੋਖ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿ਼ੰਮੇਵਾਰੀ ਭਾਈ ਸਵਰਨ ਸਿੰਘ ਜਰਨਲ ਸਕੱਤਰ ਗੁਰੂਦੁਆਰਾ ਰਿਵਸਬੀ ਨੇ ਨਿਭਾਈ। ਅੰਤ ਵਿੱਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਬਰੈਂਪਟਨ /(ਜਰਨੈਲ ਬਸੋਤਾ) ਤੱਖਰ ਪਰਿਵਾਰ ਨੂੰ ਕੀ ਪਤਾ ਸੀ ਕਿ ਉਹਨਾਂ ਨਾਲ ਇਹੋ ਜਿਹਾ ਭਾਣਾ ਵਾਪਰ ਜਾਵੇਗਾ ਕਿ 16 ਮਹੀਨਿਆਂ ਦੀ ਸਰਨੀਤ ਕੌਰ ਤੱਖਰ ਆਪਣੇ ਹੀ ਚਾਚੇ ਦੀ ਬੀ. ਐਮ. ਡਬਲਿਊ ਕਾਰ ਹੇਠਾਂ ਆ ਕੇ ਵਿਛੋੜਾ ਦੇ ਜਾਵੇਗੀ। ਇਹ ਦਰਦਨਾਕ ਹਾਦਸਾ ਸ਼ਾਮੀ ਕਰੀਬ 5 ਕੁ ਵਜੇ ਵਾਪਰਿਆ। ਸਰਨੀਤ ਕੌਰ ਬਲਰਾਜ ਸਿੰਘ ਤੱਖਰ ਅਤੇ ਸ੍ਰੀਮਤੀ ਸਤਵੰਤ ਕੌਰ ਤੱਖਰ ਦੀ ਇਕਲੌਤੀ ਸੰਤਾਨ ਸੀ। ਸ੍ਰੀਮਤੀ ਸਤਵੰਤ ਕੌਰ ਇਟੋਬੀਕੋ ਦੇ ਜਨਰਲ ਹਸਪਤਾਲ ਵਿੱਚ ਨਰਸ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਰੈਮਲੀ ਰੋਡ ਅਤੇ ਕੰਟਰੀਸਾਈਡ ਡਰਾਈਵ ਨੇੜੇ 64 ਹੈਡਫ਼ੀਲਡ ਸਰਕਲ ਵਿਖੇ ਸਥਿਤ ਘਰ ਦੇ ਬਾਹਰ ਹੀ ਇਹ ਘਟਨਾ ਵਾਪਰੀ। ਸਰਨੀਤ ਕੌਰ ਦੇ ਚਾਚੇ ਨੇ ਜਦੋਂ ਕਾਰ ਥੋੜ੍ਹੀ ਜਿਹੀ ਬੈਕ ਕੀਤੀ ਤਾਂ ਇੰਨੇ ਵਿਚ ਹੀ ਇਹ ਘਟਨਾ ਵਾਪਰ ਗਈ। ਮ੍ਰਿਤਕਾ ਦੀ ਚਚੇਰੀ ਭੈਣ ਰਵਿੰਦਰਜੀਤ ਕੌਰ (18) ਵੀ ਤਦ ਉਸੇ ਕਾਰ ਵਿੱਚ ਹੀ ਸੀ। ਇਕ ਗੁਆਂਢੀ ਰਵਿੰਦਰ ਝੱਜ ਨੇ ਦੱਸਿਆ ਕਿ ਸਰਨੀਤ ਕੌਰ ਵੀ ਕਾਰ ਵਿੱਚ ਹੀ ਸੀ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਉਹ ਕਦੋਂ ਤੇ ਕਿਵੇਂ ਬਾਹਰ ਨਿਕਲੀ ਅਤੇ ਕਾਰ ਦੇ ਪਿਛਲੇ ਪਾਸੇ ਚਲੀ ਗਈ। ਅਚਾਨਕ ਰੌਲਾ ਸੁਣ ਕੇ ਗੁਆਂਢੀ ਵੀ ਤੱਖਰ ਪਰਿਵਾਰ ਦੀ ਮਦਦ ਲਈ ਆਏ, ਪਰ ਤਦ ਤੱਕ ਉਹ ਪੂਰੀ ਤਰ੍ਹਾਂ ਬੇਸੁਧ ਹੋ ਚੁੱਕੀ ਸੀ। ਉਸ ਦੇ ਸਿਰ ਉੱਤੇ ਸੱਟ ਲੱਗੀ ਹੋਈ ਸੀ। ਹਸਪਤਾਲ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਲ਼ਾਸ ਏਂਜ਼ਲਸ-(ਜਸਵਿੰਦਰ ਸਿੰਘ ਭੁੱਲਰ)
- ਪਿਛਲੇ ਮਹੀਨੇ ਇੰਡੀਆ ਤੋਂ ਇੱਕ 35 ਮੈਂਬਰੀ ਗਰੱਪ ਅਮਰੀਕਾ ‘ਚ ਵਿਦਿਅਕ ਟੂਰ ਤੇ ਆਇਆ ਸੀ ,ਜਦ ਉਹ ਲਾਸ ਏਂਜ਼ਲਸ ਸ਼ਹਿਰ ਦੇ ਇੱਕ ਹੋਟਲ ‘ਚ ਠਹਿਰੇ ਹੋਏ ਸਨ ਤਾਂ 15 ਸਾਲਾ ਲਵਦੀਪ ਸਿੰਘ ਬਾਹਰ ਫੋਟੋਆਂ ਖਿੱਚਣ ਚਲਾ ਗਿਆ ਅਤੇ ਮੁੜ ਕੇ ਇਸ ਗਰੁੱਪ ਨੂੰ ਨਹੀਂ ਸੀ ਲੱਭਿਆ।ਇਹ ਗਰੁੱਪ ਇਥੋਂ ਸਾਨਫਰਾਂਸਿਸਕੋ ਚਲਾ ਗਿਆ ਅਤੇ ਉਥੋਂ ਵਾਪਸ ਇੰਡੀਆ ਚਲਾ ਗਿਆ ਸੀ।ਲਵਦੀਪ ਸਿੰਘ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ।ਲਾਸ ਏਂਜ਼ਲਸ ਦੀ ਪੁਲੀਸ ਨੇ ਲਵਦੀਪ ਸਿੰਘ ਦੀ ਕਾਫੀ ਪੜਤਾਲ ਕੀਤੀ ਪਰ ਉਹ ਕਿਤੇ ਨਾ ਲੱਭ ਸਕਿਆ।ਲਵਦੀਪ ਦਾ ਪਾਸਪੋਰਟ ਏਅਰਪੋਰਟ ਤੇ ਫਲੈਸ਼ ਕਰ ਦਿੱਤਾ ਗਿਆ ਸੀ ਤਾਂ ਕਿ ਜੇਕਰ ਉਹ ਕਿਸੇ ਏਅਰਪੋਰਟ ਤੇ ਜਾਵੇ ਤਾਂ ਪਤਾ ਲੱਗ ਸਕੇ।ਲਵਦੀਪ ਸਿੰਘ ਨੂੰ ਆਖਰੀ ਵਾਰ 23 ਜੂਨ ਨੂੰ ਸਵੇਰ ਦੇ 8.30 ਤੇ ਰੈਡੀਸਨ ਹੋਟਲ ਦੇ ਨੇੜੇ 3500 ਬਲਾਕ ਸਾਊਥ ਫਿਗੋਰੋਆ ਸਟਰੀਟ ਤੇ ਦੇਖਿਆ ਗਿਆ ਸੀ।ਲਵਦੀਪ ਨੂੰ ਇੱਕ ਟੈਕਸੀ ਵਾਲਾ ਮਿਲਿਆ , ਜਿਸ ਨੇ ਪੈਸੇ ਦੇ ਕੇ ਸਾਨਫਰਾਂਸਿਸਕੋ ਜਾਣ ਵਾਲੀ ਬੱਸ ਤੇ ਬਿਠਾ ਦਿੱਤਾ।ਲਵਦੀਪ ਮਰਸਿਡ ਸਿਟੀ ਨੂੰ ਸਾਨਫਰਾਂਸਿਸਕੋ ਸਮਝ ਕੇ ਉਥੇ ਸੈਨਟਰਲ ਕੈਲੀਫੋਰਨੀਆਂ ਦੇ ਸ਼ਹਿਰ ‘ਚ ਹੀ ਬੱਸ ਤੋਂ ਉਤਰ ਗਿਆ।ਉਸ ਇਲਾਕੇ ‘ਚ ਘੁੰਮਦਾ ਲਵਿੰਗਟਨ ਸ਼ਹਿਰ ਦੇ ਗੁਰਦੁਆਰੇ ਪਹੁੰਚ ਗਿਆ।ਜਿੱਥੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਸ ਨੂੰ ਲਾਸ ਏਂਜ਼ਲਸ ਪੁਲੀਸ ਕੋਲ ਪੁਚਾਇਆ।ਲਵਦੀਪ ਇਸ ਵੇਲੇ ਲਾਸ ਏਂਜ਼ਲਸ ਕਾਉਂਟੀ ਚਾਈਲਡ ਵੈਲਫੇਅਰ ਅਧਿਕਾਰੀਆਂ ਕੋਲ ਹੈ ਅਤੇ ਉਸ ਨੂੰ ਇੰਡੀਆ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।ਲਵਦੀਪ ਸਿੰਘ ਦਾ ਪਰਿਵਾਰ ਇੰਡੀਆ ‘ਚ ਰਹਿੰਦਾ ਹੈ।

ਵੈਨਕੂਵਰ 11 ਜੁਲਾਈ (ਗੁਰਵਿੰਦਰ ਸਿੰਘ ਧਾਲੀਵਾਲ)
-ਇਥੋਂ ਦੇ ਟੈਕਸੀ ਚਾਲਕ ਅੰਮ੍ਰਿਤਧਾਰੀ ਅਮਨਦੀਪ ਸਿੰਘ ਧਾਲੀਵਾਲ ਦੀ ਦਸਤਾਰ ਬਾਰੇ ਉਠਿਆ ਵਿਵਾਦ ਉਸ ਵੇਲੇ ਸੁਖਾਂਤਕ ਰੂਪ 'ਚ ਸੁਲਝਾ ਲਿਆ ਗਿਆ, ਜਦੋਂ ਵਿਸ਼ਵ ਸਿੱਖ ਸੰਸਥਾ ਨੇ ਸਬੰਧਿਤ ਮਾਮਲੇ 'ਚ ਉਸਾਰੂ ਭੂਮਿਕਾ ਨਿਭਾਈ। ਵੈਨਕੂਵਰ ਯੈਲੋ ਕੈਬ 'ਚ ਕੰਮ ਕਰਦੇ ਅਮਰਦੀਪ ਸਿੰਘ ਧਾਲੀਵਾਲ ਵਲੋਂ 'ਗੋਲ ਦਸਤਾਰ' ਸਜਾਉਣ ਕਰਕੇ, ਬੋਰਡ ਆਫ ਡਾਇਰੈਕਟਰਜ਼ ਵੱਲੋਂ ਨਿਸ਼ਚਿਤ 'ਡਰੈੱਸ ਕੋਡ' ਦੇ ਅਧਾਰ 'ਤੇ ਡੂੰਘੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਉਕਤ ਨੌਜਵਾਨ ਨੇ ਵਿਸ਼ਵ ਸਿੱਖ ਸੰਸਥਾ ਨਾਲ ਸੰਪਰਕ ਕਰਕੇ ਮਸਲੇ ਬਾਰੇ ਜਾਣਕਾਰੀ ਦਿੱਤੀ। ਬੀਤੇ ਦਿਨ ਸੰਸਥਾ ਦੇ ਮੋਢੀ ਨੀਤੀ ਘਾੜੇ ਗਿਆਨ ਸਿੰਘ ਸੰਧੂ ਅਤੇ ਪ੍ਰਧਾਨ ਪ੍ਰੇਮ ਸਿੰਘ ਬਿਨਿੰਗ ਨੇ ਵੈਨਕੂਵਰ 'ਚ ਅਮਰਦੀਪ ਸਿੰਘ ਧਾਲੀਵਾਲ ਨਾਲ ਮਿਲ ਕੇ, ਯੈਲੋ ਕੈਬ ਟੈਕਸੀ ਦੇ ਪ੍ਰਧਾਨ ਕੁਲਵੰਤ ਸਿੰਘ ਸਹੋਤਾ ਤੇ ਹੋਰਨਾਂ ਡਾਇਰੈਕਟਰਾਂ ਨਾਲ ਮੁਲਾਕਾਤ ਕੀਤੀ। ਸ: ਸੰਧੂ ਨੇ ਕਿਹਾ ਕਿ ਦਸਤਾਰ ਸਬੰਧੀ ਸਿੱਖਾਂ ਲਈ ਕੋਈ ਨਿਵੇਕਲਾ ਸਟਾਈਲ ਲਾਜ਼ਮੀ ਨਹੀਂ, ਬਲਕਿ ਹਰ ਕੋਈ ਆਪਣੀ ਚੋਣ ਮੁਤਾਬਿਕ ਪੱਗ ਬੰਨ੍ਹ ਸਕਦਾ ਹੈ। ਇਸ ਦੌਰਾਨ ਕੰਪਨੀ ਨੇ ਡੂੰਘੇ ਵਿਚਾਰ ਵਟਾਂਦਰੇ ਮਗਰੋਂ, ਅਮਰਦੀਪ ਸਿੰਘ ਦੀ ਆਈ. ਡੀ. ਦੁਬਾਰਾ ਗਤੀਸੀਲ ਕਰਦਿਆਂ, ਉਸ ਵੱਲੋਂ ਆਪਣੀ ਪਸੰਦ ਅਨੁਸਾਰ ਦਸਤਾਰ ਬੰਨ੍ਹਣ ਦੀ ਮੰਗ ਸਵੀਕਾਰ ਕਰ ਲਈ। ਇਸ ਤੋਂ ਇਲਾਵਾ ਯੈਲੋ ਕੈਬ ਟੈਕਸੀ ਨੇ ਵਿਸ਼ਵ ਸਿੱਖ ਸੰਸਥਾ ਨਾਲ ਮਿਲ ਕੇ ਕੰਪਨੀ ਲਈ ਰਸਮੀ 'ਟਰਬਨ ਟਰੈੱਸ ਕੋਡ' ਨੀਤੀ ਸਿੱਖ ਟੈਕਸੀ ਚਾਲਕਾਂ ਲਈ ਤਿਆਰ ਕਰਨ ਦਾ ਅਹਿਮ ਫੈਸਲਾ ਵੀ ਲਿਆ।

ਸਰੀ, ਜੁਲਾਈ 11,2011:(ਜਸਵਿੰਦਰ ਸਿੰਘ ਬਦੇਸ਼ਾ): ਪਿਛਲੇ ਦਿਨੀਂ ਰੇਡੀਉ ਸ਼ੇਰੇ ਪੰਜਾਬ 1550 ਏ ਐਮ ਉੱਪਰ ਸਰੀ, ਵੈਨਕੂਵਰ ਅਤੇ ਐਬਸਫੋਰਡ ਸ਼ਹਿਰਾਂ ਵਿੱਚ ਸਥਾਨਕ ਸਰਕਾਰਾਂ ਵਾਸਤੇ ਵਾਰਡ ਸਿਸਟਮ ਅਪਣਾਉਣ ਦੀ ਜ਼ਰੂਰਤ ਉੱਪਰ ਗੱਲਬਾਤ ਹੋਈ, ਜਿਸ ਵਿੱਚ ਇਨਾਂ ਸ਼ਹਿਰਾਂ ਵਿੱਚੋ ਸ਼ਾਮਿਲ ਕਾਲਰਾਂ ਵਿੱਚੋਂ ਤਕਰੀਬਨ ਸਾਰੇ ਹੀ ਇਸ ਗੱਲ ਨਾਲ ਸਹਿਮਤ ਸਨ ਕਿ ਸਰੀ,ਵੈਨਕੂਵਰ ਅਤੇ ਐਬਸਫੋਰਡ ਸ਼ਹਿਰਾਂ ਵਿੱਚ ਵਾਰਡ ਸਿਸਟਮ ਹੋਣਾ ਚਾਹੀਦਾ ਹੈ।
ਸਰੀ,ਵੈਨਕੂਵਰ ਅਤੇ ਐਬਸਫੋਰਡ ਸ਼ਹਿਰਾਂ ਦੇ ਵਸਨੀਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਿਟੀ ਕੌਂਸਲਾਂ ਵਾਸਤੇ ਸਾਲ 2011 ਵਿੱਚ ਹੋਣ ਵਾਲੀਆਂ ਚੋਣਾਂ ਨਾਲ ਵਾਰਡ ਸਿਸਟਮ ਅਪਣਾਉਣ ਬਾਰੇ ਰਾਏਸ਼ੁਮਾਰੀ ਕਰਵਾਈ ਜਾਵੇ।
ਸਰੀ,ਵੈਨਕੂਵਰ ਅਤੇ ਐਬਸਫੋਰਡ ਦੇ ਵਸਨੀਕਾਂ ਨੂੰ ਸਿਟੀ ਕੌਂਸਲ ਦੀ ਚੋਣ ਵਾਸਤੇ ਵਾਰਡ ਸਿਸਟਮ ਦੀ ਜ਼ਰੂਰਤ ਉਪੱਰ ਵੋਟਾਂ (ਰੈਫਰੈਨਡਮ) ਕਰਵਾਉਣ ਦੀ ਮੰਗ ਕਰਨ ਦੇ ਮਸਲੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜਿਸਨੂੰ ਕਿ ਪਿਛੱਲੇ ਕਾਫੀ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ।ਕਈ ਬਹੁਤ ਹੀ ਵਧੀਆ ਕੌਂਸਲਰ ਸਿਟੀ ਦੇ ਮੇਅਰ ਦੀ ਇਲੈਕਸ਼ਨ ਲੜਨ ਤੋਂ ਇਸ ਕਰਕੇ ਝਿਜਕਦੇ ਹਨ, ਕਿ ਅਗਰ ਉਹ ਹਾਰ ਗਏ ਤਾਂ ਕੌਂਸਲਰ ਵੀ ਨਹੀਂ ਬਣ ਸਕਣਗੇ ਪ੍ਰੰਤੂ ਵਾਰਡ ਸਿਸਟਮ ਵਿਚੱ ਹਰ ਉਮੀਦਵਾਰ ਦੋਵੇਂ ਪੁਜ਼ੀਸਨਾਂ ਵਾਸਤੇ ਇੱਕੋ ਸਮੇਂ ਇਲੈਕਸ਼ਨ ਲੜ ਸਕਦਾ ਹੈ।
ਵਾਰਡ ਸਿਸਟਮ ਆਜ਼ਾਦ ਉਮੀਦਵਾਰਾਂ ਨੂੰ ਜਿੱਤਣ ਵਾਸਤੇ ਨਿਰਪੱਖ ਅਤੇ ਬਰਾਬਰ ਮੌਕਾ ਦਿੰਦਾ ਹੈ।
ਮੌਜੂਦਾ ਸਿਸਟਮ ਵਿੱਚ ਘੱਟ ਗਿਣਤੀ ਨਾਲ ਸਬੰਧਿਤ ਉਮੀਦਵਾਰਾਂ ਵਾਸਤੇ ਜਿੱਤਣਾ ਆਸਾਨ ਨਹੀਂ ਹੈ।
ਕੁੱਝ ਕਾਰਣ ਕਿ ਵਾਰਡ ਸਿਸਟਮ ਕਿਉਂ ਫਾਇਦੇਮੰਦ ਅਤੇ ਜ਼ਰੂਰੀ ਹੈ ?
1: ਤੁਹਾਡੀ ਵੋਟ ਦੀ ਵਾਰਡ ਪ੍ਰਣਾਲੀ ਸਿਸਟਮ ਵਿੱਚ ਜ਼ਿਆਦਾ ਅਹਿਮੀਅਤ ਹੈ।
2: ਵਾਰਡ ਸਿਸਟਮ ਨਾਲ ਸਿਟੀ ਕੌਂਸਲ ਵਿੱਚ ਬਹੁਮੁੱਖੀ ਵਿਚਾਰਾਂ ਦੀ ਪ੍ਰੋੜਤਾ ਹੁੰਦੀ ਹੈ।
3: ਵਾਰਡ ਸਿਸਟਮ ਨਾਲ ਇਲੈਕਸ਼ਨ ਡਿਬੇਟ ਐਟ ਲਾਰਜ਼ ਸਿਸਟਮ ਨਾਲੋਂ ਵਧੀਆ ਹੋ ਸਕਦੇ ਹਨ।
4: ਫੈਡਰਲ ਅਤੇ ਪ੍ਰਾਂਤਕ ਇਲੈਕਨਸ਼ਨਾਂ ਵਾਰਡ ਸਿਸਟਮ ਉਪਰ ਆਧਾਰਿਤ ਹਨ।
5: ਚਾਰ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸਰੀ,ਪੰਜ ਲੱਖ ਤੋਂ ਉੱਪਰ ਅਬਾਦੀ ਵਾਲੇ ਸ਼ਹਿਰ ਵੈਨਕੂਵਰ ਅਤੇ ਡੇਢ ਕੁ ਲੱਖ ਦੀ ਅਬਾਦੀ ਵਾਲੇ ਸ਼ਹਿਰ ਐਬਸਫੋਰਡ ਵਿੱਚ ਵਾਰਡ ਸਿਸਟਮ ਹੋਣਾ ਇੱਕ ਸਮੇਂ ਦੀ ਲੋੜ ਹੈ। ਤਾਂ ਕਿ ਲੋਕਲ ਸਿਆਸਤਦਾਨ ਸ਼ਹਿਰ ਦੇ ਵੱਖੋ ਵੱਖਰੇ ਹਿੱਸਿਆਂ ਦੀਆਂ ਮੁਸ਼ਕਲਾਂ ਵੱਲ ਵੱਧ ਧਿਆਨ ਦੇਣ
6: ਵਾਰਡ ਸਿਸਟਮ ਵਿੱਚ ਉਮੀਦਵਾਰਾਂ ਵਾਸਤੇ ਇਲੈਕਸ਼ਨ ਪ੍ਰਚਾਰ ਘੱਟ ਖਰਚੀਲਾ ਹੈ।
7: ਵਾਰਡ ਸਿਸਟਮ ਵਿੱਚ ਉਮੀਦਵਾਰ ਖੁੱਦ ਘਰੋ -ਘਰੀਂ ਜਾ ਕੇ ਵੋਟਰਾਂ ਨੂੰ ਮਿਲ ਸਕਦੇ ਹਨ ਅਤੇ ਉਨਾਂ
ਨਾਲ ਗੱਲਬਾਤ ਕਰ ਸਕਦੇ ਹਨ।
8:ਵਾਰਡ ਸਿਸਟਮ ਵਿੱਚ ਉਮੀਦਵਾਰਾਂ ਦੇ ਸ਼ਹਿਰ ਦੇ ਇੱਕੋ ਏਰੀਏ ਨਾਲ ਸੰਬਧਿਤ ਹੋਣ ਦੀ ਸੰਭਾਵਨਾ
ਖਤਮ ਹੋ ਜਾਦੀ ਹੈ ।
9: ਮੌਜ਼ੂਦਾ ਐਟ ਲਾਰਜ਼ ਸਿਸਟਮ ਅਮੀਰ ਉਮੀਦਵਾਰਾਂ ਨੂੰ ਗੈਰ ਜ਼ਰੂਰੀ ਫਾਇਦਾ ਦਿੰਦਾ ਹੈ।
10:ਵਾਰਡ ਸਿਸਟਮ ਵਿੱਚ ਬੈਲਟ ਪੇਪਰ ਛੋਟਾ ਹੋਵੇਗਾ ਅਤੇ ਉਮੀਦਵਾਰ ਚੁਣਨ ਵਿੱਚ ਆਸਾਨੀ ਹੋਵੇਗੀ।
11:ਵਾਰਡ ਸਿਸਟਮ ਵਿੱਚ ਸ਼ਹਿਰ ਦੇ ਸਾਰੇ ਹਿੱਸਿਆਂ ਨੂੰ ਬਰਾਬਰ ਪ੍ਰਤੀਨਿਧਤਾ ਮਿਲਦੀ ਹੈ।
12: ਵਾਰਡ ਸਿਸਟਮ ਉਮੀਦਵਾਰਾਂ ਅਤੇ ਵੋਟਰਾਂ ਵਿੱਚ ਆਪਸੀ ਜ਼ਾਣਕਾਰੀ ਵਿੱਚ ਵਾਧਾ ਕਰਦਾ ਹੈ।
13: ਵਾਰਡ ਸਿਸਟਮ ਵਿੱਚ ਵੱਖਰੀ ਸੋਚ ਵਾਲੇ ਗਰੁੱਪਾਂ ਦੀ ਦਖਲ ਅੰਦਾਜ਼ੀ ਘੱਟ ਜਾਦੀ ਹੈ।
14:ਵਾਰਡ ਸਿਸਟਮ ਵਿੱਚ ਸਿਟੀ ਕੌਂਸਲ ਨੂੰ ਸ਼ਹਿਰ ਦੇ ਵੱਖੋ ਵੱਖਰੇ ਹਿੱਸਿਆਂ ਨਾਲ ਸੰਬਧਿਤ
ਮੁਸ਼ਕਲਾਂ ਦੀ ਜ਼ਿਆਦਾ ਜ਼ਾਣਕਾਰੀ ਹੋਵੇਗੀ।
ਸਥਾਨਕ (ਮਿਊਂਸੀਪਿਲ) ਸਰਕਾਰ ਦਾ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਉਪਰ ਕਾਫੀ ਅਸਰ ਹੁੰਦਾ ਹੈ,ਅਗਰ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹੀ ਸਿਟੀ ਕੌਂਸਲ ਬਣੇ ਜੋ ਸਾਰੇ ਸ਼ਹਿਰ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਨੂੰ ਸਮਝੇ ਅਤੇ ਮੇਅਰ ਅਤੇ ਕੌਂਸਲਰ ਸਿਟੀ ਕੌਂਸਲ ਦੁਆਰਾ ਕੀਤੇ ਗਏ ਕੰਮਾਂ ਦੇ ਵਧੀਆ ਜਵਾਬਦੇਹ ਹੋਣ ਤਾਂ ਵਾਰਡ ਸਿਸਟਮ ਪ੍ਰਣਾਲੀ ਇਸ ਦਾ ਵਧੀਆ ਹੱਲ ਹੈ।
ਅਗਰ ਤੁਸੀਂ ਵਾਰਡ ਸਿਸਟਮ ਦੀ ਮੰਗ ਨਾਲ ਸਹਿਮਤ ਹੋ ਤਾਂ ਇਸ ਬਾਰੇ ਸਰੀ,ਵੈਨਕੂਵਰ ਅਤੇ ਐਬਸਫੋਰਡ ਦੇ ਮੇਅਰ ਅਤੇ ਕੌਂਸਲ ਨੂੰ 2011 ਦੀਆਂ ਚੋਣਾਂ ਨਾਲ ਵਾਰਡ ਸਿਸਟਮ ਅਪਣਾਉਣ ਬਾਰੇ ਰਾਏਸ਼ੁਮਾਰੀ ਕਰਵਾਉਣ ਲਈ ਲਿਖੋ ਜਾਂ ਈ ਮੇਲ ਕਰੋ। ਮੇਲਿੰਗ ਐਡਰੈਸ ਜਾਂ ਈ ਮੇਲ ਐਡਰੈਸ ਵਾਸਤੇ ਇਨਾਂ ਸਹਿਰਾਂ ਦੀਆਂ ਵੈਬ ਸਾਈਟਾਂ ਉਪਰ ਜਾਓ।
ਇਸ ਮੰਗ ਵਾਸਤੇ ਵੱਖੋ ਵੱਖ ਸ਼ਹਿਰਾਂ ਵਿੱਚ ਪਟੀਸ਼ਨਾਂ ਵੀ ਸਾਈਨ ਕਰਵਾਈਆਂ ਜਾਣਗੀਆਂ ਜਿਨਾਂ ਉੱਪਰ ਆਪ ਪ੍ਰੀਵਾਰ ਸਮੇਤ ਟਾਈਮ ਕੱਢਕੇ ਜ਼ਰੂਰ ਸਾਈਨ ਕਰੋ ਅਤੇ ਵਲੰਟੀਅਰ ਮੱਦਦ ਕਰੋ।
ਸਰੀ ਜਸਵਿੰਦਰ ਸਿੰਘ ਬਦੇਸ਼ਾ ਰੇਡੀਉ ਸ਼ੇਰੇ ਪੰਜਾਬ 1550 ਏ ਐਮ ਸਰੀ ਵੈਨਕੂਵਰ ਐਬਸਫੋਰਡ ਸਥਾਨਕ ਸਰਕਾਰਾਂ ਵਾਰਡ ਸਿਸਟਮ

ਵੈਨਕੂਵਰ: (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਸਰਕਾਰ ਨੇ ਕਨਿਸ਼ਕਾ ਕਾਂਡ ਦੇ ਪੀੜਤਾਂ ਲਈ 35 ਕਰੋੜ ਦੇ ਕਰੀਬ ਰਾਸ਼ੀ ਦੀ ਅਦਾਇਗੀ ਨੂੰ ਅਮਲ 'ਚ ਲਿਆਉਂਦਿਆਂ ਬੀਤੇ ਦਿਨ, 40 ਪਰਿਵਾਰਾਂ ਨਾਲ ਸੰਪਰਕ ਬਣਾਇਆ ਅਤੇ ਲਗਭਗ ਪੌਣੇ ਗਿਆਰਾਂ ਲੱਖ ਹਰੇਕ ਪੀੜਤ ਪਰਿਵਾਰ ਨੂੰ ਦੇਣ ਦਾ ਕਾਰਜ ਆਰੰਭਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 7.9 ਮਿਲੀਅਨ ਡਾਲਰ ਦੀ ਰਕਮ ਸਰਕਾਰ ਵੱਲੋਂ ਮੁਆਵਜ਼ਾ ਨਹੀਂ, ਬਲਕਿ ਏਅਰ ਇੰਡੀਆ ਦੁਖਾਂਤ ਦੇ ਪ੍ਰਭਾਵਿਤ ਲੋਕਾਂ ਨੂੰ ਮਾਮੂਲੀ ਸਹਿਯੋਗ ਹੈ। ਉਨ੍ਹਾਂ ਕਿਹਾ ਕਿ 1990 ਵਿਆਂ 'ਚ ਜ਼ਿਆਦਾਤਰ ਪੀੜਤ ਪਰਿਵਾਰਾਂ ਨੇ ਕਾਨੂੰਨੀ ਦਾਅਵਿਆਂ ਨਾਲ ਮੁਆਵਜ਼ਾ ਵਸੂਲਣ ਦੀ ਪ੍ਰਕਿਰਿਆ ਪੂਰੀ ਕਰ ਲਈ ਸੀ, ਪਰ ਕਈ ਅਜਿਹਾ ਕਰਨ 'ਚ ਅਸਫ਼ਲ ਵੀ ਰਹੇ। ਕੈਨੇਡਾ ਦੀ ਸਰਕਾਰ ਨੇ ਬੀਤੇ ਵਰ੍ਹੇ ਏਅਰ ਇੰਡੀਆ ਬੰਬ ਧਮਾਕੇ 'ਚ ਮਾਰੇ ਗਏ 331 ਮੁਸਾਫ਼ਿਰਾਂ ਦੇ ਪੀੜਤ ਪਰਿਵਾਰਾਂ ਲਈ 24 ਹਜ਼ਾਰ ਡਾਲਰ ਪ੍ਰਤੀ ਵਿਅਕਤੀ ਦੇਣਾ ਐਲਾਨਿਆ ਸੀ। ਇਸ ਦੌਰਾਨ 23 ਜੂਨ 1985 ਨੂੰ ਕਨਿਸ਼ਕਾ ਜੰਬੋ ਜੈੱਟ ਦੇ ਬੰਬ ਧਮਾਕਾ ਗ੍ਰਸਤ ਏਅਰ ਬੱਸ ਦੇ ਪਾਇਲਟ ਮ੍ਰਿਤਕ ਨਰਿੰਦਰ ਹੰਮੇ ਦੇ ਪੁੱਤਰ ਅਨਿਲ ਹੰਮੇ ਨੇ ਕੈਨੇਡਾ ਸਰਕਾਰ ਵੱਲੋਂ ਜਾਰੀ ਰਾਸ਼ੀ ਨੂੰ ਬੇਇੱਜ਼ਤੀ ਕਰਾਰ ਦਿੱਤਾ। ਸਹਿ-ਪਾਇਲਟ ਮਰਹੂਮ ਸਤਿੰਦਰ ਸਿੰਘ ਭਿੰਡਰ ਦੀ ਪਤਨੀ ਅਮਰਜੀਤ ਕੌਰ ਭਿੰਡਰ ਨੇ ਕਿਹਾ ਕਿ ਉਹ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਉਕਤ ਰਾਸ਼ੀ ਸਵੀਕਾਰ ਨਹੀਂ ਕਰੇਗੀ। ਇਹ ਹੋਰ ਪੀੜਤ ਬਲ ਗੁਪਤਾ ਨੇ ਮੰਨਿਆ ਇਹ ਸਰਕਾਰ ਵੱਲੋਂ ਜਾਰੀ ਰਕਮ ਮੁਆਵਜ਼ਾ ਨਹੀਂ, ਬਲਕਿ ਪਰਿਵਾਰਾਂ ਲਈ ਸਹਿਯੋਗ ਹੈ, ਪ੍ਰੰਤੂ ਇਹ ਰਕਮ ਬਹੁਤ ਥੋੜ੍ਹੀ ਹੈ ਤੇ ਜ਼ਿਆਦਾ ਹੋ ਸਕਦੀ ਸੀ। ਕਈ ਪੀੜਤ ਪਰਿਵਾਰਾਂ ਨੇ ਉਕਤ ਮਾਮਲੇ 'ਚ ਕਿਸੇ ਤਰ੍ਹਾਂ ਦੇ ਪ੍ਰਤੀਕਰਮ ਤੋਂ ਇਨਕਾਰ ਕੀਤਾ।
ਵੈਨਕੂਵਰ ਕੈਨੇਡਾ ਸਰਕਾਰ ਕਨਿਸ਼ਕਾ ਕਾਂਡ ਏਅਰ ਇੰਡੀਆ ਦੁਖਾਂਤ ਏਅਰ ਇੰਡੀਆ ਬੰਬ ਧਮਾਕੇ ਕਨਿਸ਼ਕਾ ਜੰਬੋ ਜੈੱਟ ਬੰਬ ਧਮਾਕਾ ਗ੍ਰਸਤ ਏਅਰ ਬੱਸ ਦੇ ਪਾਇਲਟ ਮ੍ਰਿਤਕ ਨਰਿੰਦਰ ਹੰਮੇ

ਲੰਡਨ:
-ਬਰਤਾਨੀਆ ਦੀ ਸੰਸਦ ਵਿਚ 100 ਸਾਲਾ ਮੈਰਾਥਨ ਦੌੜਾਕ ਭਾਰਤੀ ਫੌਜਾ ਸਿੰਘ ਦੀ ਜੀਵਨੀ 'ਟਰਬਨਡ ਟਰਨਾਡੋ' ਜਾਰੀ ਕੀਤੀ ਗਈ। ਪੱਤਰਕਾਰ ਤੇ ਲੇਖਕ ਖੁਸ਼ਵੰਤ ਸਿੰਘ ਨੇ 114 ਪੰਨਿਆਂ ਦੀ ਇਸ ਕਿਤਾਬ 'ਚ ਫੌਜਾ ਸਿੰਘ ਦੇ ਜੀਵਨ ਪ੍ਰਤੀ ਉਤਸ਼ਾਹ ਦਾ ਜ਼ਿਕਰ ਕੀਤਾ ਗਿਆ ਹੈ। ਬੀਤੀ ਸ਼ਾਮ ਵਿਸ਼ਵ ਰਿਕਾਰਡ ਬਣਾਉਣ ਵਾਲੇ ਦੌੜਾਕ ਫੌਜਾ ਸਿੰਘ ਦੀ ਜੀਵਨੀ ਨੂੰ ਨਾਰਵੂਡ ਗਰੀਨ ਦੇ ਲਾਰਡ ਐਂਥਨੀ ਯੰਗ ਨੇ ਰਸਮੀ ਤੌਰ 'ਤੇ ਜਾਰੀ ਕੀਤਾ। ਕਿਤਾਬ ਫੌਜਾ ਸਿੰਘ ਦੇ ਪਿਛੋਕੜ ਤੇ ਉਸਦੀ ਜ਼ਿੰਦਗੀ ਦੇ ਸਫਰ ਨੂੰ ਬਿਆਨਦੀ ਹੈ। ਖੁਸ਼ਵੰਤ ਸਿੰਘ ਨੇ ਇਕੱਠ 'ਚ ਕਿਹਾ ਕਿ ਫੌਜਾ ਸਿੰਘ ਲਈ ਕੁਝ ਨੂੰ ਅਸੰਭਵ ਨਹੀਂ। ਖੁਸ਼ਵੰਤ ਸਿੰਘ ਨੇ ਕਿਹਾ ਕਿ ਫੌਜਾ ਸਿੰਘ ਦੀ ਕਹਾਣੀ ਕੋਈ ਲੋਕ ਗਾਥਾ ਨਹੀਂ ਹੈ। ਇਹ ਉਸ ਬਜ਼ੁਰਗ ਸਿੱਖ ਦੀ ਸੱਚੀ ਕਹਾਣੀ ਹੈ ਜਿਸਨੇ ਉਸ ਉਮਰ 'ਚ ਦੌੜਨਾ ਸ਼ੁਰੂ ਕੀਤਾ ਜਿਸ ਉਮਰ 'ਚ ਬਹੁਤੇ ਲੋਕ ਪਹੁੰਚਦੇ ਵੀ ਨਹੀਂ,। ਪੰਜਾਬ ਦੇ ਜਲੰਧਰ ਨੇੜਲੇ ਬਿਆਸ ਪਿੰਡ 'ਚ ਜਨਮਿਆ ਫੌਜਾ ਸਿੰਘ ਆਪਣੇ ਗਰੀਬ ਮਾਪਿਆਂ, ਜਿਨ੍ਹਾਂ ਦੇ ਚਾਰ ਬੱਚੇ ਸਨ, ਦੀ ਸਭ ਤੋਂ ਛੋਟੀ ਔਲਾਦ ਸੀ। ਫੌਜਾ ਸਿੰਘ ਨੇ ਪੰਜ ਸਾਲ ਦੀ ਉਮਰ 'ਚ ਤਾਂ ਤੁਰਨਾ ਹੀ ਸ਼ੁਰੂ ਕੀਤਾ ਸੀ। ਫੌਜਾ ਸਿੰਘ ਜੋ ਕਿ ਕਿਤਾਬ ਨੂੰ ਜਾਰੀ ਕਰਨ ਮੌਕੇ ਉਥੇ ਹਾਜ਼ਰ ਸੀ, ਨੇ ਕਿਹਾ ਕਿ ਉਸਦੀਆਂ ਲੱਤਾਂ ਇੰਨੀਆਂ ਕਮਜ਼ੋਰ ਸਨ ਕਿ ਉਹ ਇਕ ਮੀਲ ਵੀ ਨਹੀਂ ਤੁਰ ਸਕਦਾ ਸੀ। ਇਹ ਤਾਂ ਪਰਮਾਤਮਾ ਦੀ ਹੀ ਦੇਣ ਸੀ ਕਿ ਉਸ ਨੇ ਪਿਛਲੀ ਉਮਰੇ ਮੇਰੀਆਂ ਲੱਤਾਂ 'ਚ ਜਾਨ ਪਾ ਦਿੱਤੀ। ਕਿਤਾਬ ਵਿਚ ਬਰਤਾਨੀਆ ਦੀ ਰਾਣਈ ਐਲੀਜ਼ਾਬੈਥ ਵਲੋਂ ਫੌਜਾ ਸਿੰਘ ਨੂੰ ਉਸਦੇ 100ਵੇਂ ਜਨਮ ਦਿਨ (1 ਅਪ੍ਰੈਲ 2011) ਮੌਕੇ ਭੇਜੀ ਵਧਾਈ ਦੀ ਟੈਲੀਗ੍ਰਾਮ ਵੀ ਦਰਜ ਹੈ।
ਲੰਡਨ: ਬਰਤਾਨੀਆ ਦੀ ਸੰਸਦ 100 ਸਾਲਾ ਮੈਰਾਥਨ ਦੌੜਾਕ ਭਾਰਤੀ ਫੌਜਾ ਸਿੰਘ ਟਰਬਨਡ ਟਰਨਾਡੋ ਪੱਤਰਕਾਰ ਤੇ ਲੇਖਕ ਖੁਸ਼ਵੰਤ ਸਿੰਘ ਫੌਜਾ ਸਿੰਘ ਜੀਵਨ ਪ੍ਰਤੀ ਉਤਸ਼ਾਹ ਵਿਸ਼ਵ ਰਿਕਾਰਡ ਬਣਾਉਣ ਵਾਲੇ ਦੌੜਾਕ ਫੌਜਾ ਸਿੰਘ ਜੀਵਨੀ ਨਾਰਵੂਡ ਗਰੀਨ ਲਾਰਡ ਐਂਥਨੀ ਯੰਗ
